ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਉੱਤਰੀ ਕੁਈਨਜ਼ਲੈਂਡ ਦੇ ਇਕ ਜੋੜੇ 'ਤੇ ਕਤਲ ਕਰਨ ਦੇ ਦੋਸ਼ ਲੱਗੇ ਹਨ। ਇਸ ਜੋੜੇ ਨੇ ਚਾਕੂ ਨਾਲ ਦੋ ਵਿਅਕਤੀਆਂ 'ਤੇ ਹਮਲਾ ਕੀਤਾ। ਇਸ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। 36 ਸਾਲਾ ਵਿਅਕਤੀ ਦੀ ਮੌਤ ਕੇਅਰਨਸ ਦੇ ਦੱਖਣ ਵਿਚ ਮਾਊਂਟ ਗਾਰਨੇਟ ਵਿਚ ਇਕ ਐਂਬੂਲੈਂਸ ਸਟੇਸ਼ਨ ਵਿਚ ਹੋਈ।
ਉਸ ਨੂੰ ਅਤੇ ਉਸ ਦੇ 33 ਸਾਲਾ ਭਰਾ ਨੂੰ ਬੁੱਧਵਾਰ ਰਾਤ ਗੰਭੀਰ ਹਾਲਤ ਵਿਚ ਐਂਬੂਲੈਂਸ ਜ਼ਰੀਏ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜ਼ਖਮੀ ਹੋਏ 33 ਸਾਲਾ ਨੌਜਵਾਨ ਨੂੰ ਸਰਜਰੀ ਲਈ ਕੇਅਰਨਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਸਖਤ ਨਿਗਰਾਨੀ ਵਿਚ ਰੱਖਿਆ ਗਿਆ ਹੈ।
ਐਂਬੂਲੈਂਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਦੋਹਾਂ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਕ ਦੀ ਸਥਿਤੀ ਗੰਭੀਰ ਹੋਣ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ 39 ਸਾਲਾ ਵਿਅਕਤੀ ਅਤੇ 35 ਸਾਲਾ ਔਰਤ ਵੀਰਵਾਰ ਨੂੰ ਮਰੀਬਾ ਮਜਿਸਟ੍ਰੇਟ ਅਦਾਲਤ ਦਾ ਸਾਹਮਣਾ ਕਰਨਗੇ। ਉਨ੍ਹਾਂ 'ਤੇ ਕਤਲ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ। ਪੁਲਸ ਮੁਤਾਬਕ ਦੋਵੇਂ ਧਿਰਾਂ ਇਕ-ਦੂਜੇ ਨੂੰ ਜਾਣਦੀਆਂ ਸਨ ਅਤੇ ਹਮਲੇ ਤੋਂ ਪਹਿਲਾਂ ਦੋਹਾਂ ਵਿਚਕਾਰ ਝਗੜਾ ਵੀ ਹੋਇਆ ਸੀ।
ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ
NEXT STORY