ਨਵੀਂ ਦਿੱਲੀ — ਇਨਕਮ ਟੈਕਸ ਵਿਭਾਗ ਦੇ ਜਾਂਚ ਵਿੰਗ ਨੇ ਸਮਾਜ ਦੇ ਉਨ੍ਹਾਂ 50 ਚੋਟੀ ਦੇ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਨੇ ਨੀਰਵ ਮੋਦੀ ਦੇ ਸ਼ੋਅਰੂਮਾਂ 'ਚੋਂ ਜਿਊਲਰੀ ਖਰੀਦੀ ਸੀ। ਭਾਵੇਂ ਇਸ ਸੂਚੀ 'ਚ ਸ਼ਾਮਲ ਵਿਅਕਤੀ ਜਿਨ੍ਹਾਂ ਦਾ ਬਿਜ਼ਨੈੱਸ, ਇੰਡਸਟਰੀ, ਕਾਨੂੰਨੀ ਖੇਤਰ ਅਤੇ ਸਿਆਸਤ 'ਚ ਬਹੁਤ ਉੱਚਾ ਰੁਤਬਾ ਹੈ, ਬਾਰੇ ਜਾਣਕਾਰੀ ਨੀਰਵ ਮੋਦੀ ਦੇ ਸ਼ੋਅਰੂਮਾਂ ਵਿਚੋਂ ਜਨਵਰੀ 2017 'ਚ ਲਈ ਗਈ ਸੀ, ਦੀ ਗਿਣਤੀ 260 ਸੀ ਪਰ ਨੋਟਿਸ ਸਿਰਫ 50 ਵਿਅਕਤੀਆਂ ਨੂੰ ਹੀ ਭੇਜੇ ਗਏ। ਨੋਟਿਸ ਭੇਜਣਾ ਇਕ ਖਤਰਨਾਕ ਕੰਮ ਹੈ ਕਿਉਂਕਿ ਸਿਰਫ ਕੰਪਿਊਟਰ ਤੋਂ ਨਿਕਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਕਿਸੇ ਨੂੰ ਨੋਟਿਸ ਨਹੀਂ ਭੇਜਿਆ ਜਾ ਸਕਦਾ।
ਆਮਦਨ ਕਰ ਵਿਭਾਗ ਨੇ ਹਰ ਨਾਂ 'ਤੇ ਭਾਰੀ ਮਿਹਨਤ ਕੀਤੀ ਅਤੇ ਪਿਛਲੇ ਕਈ ਸਾਲਾਂ ਦੌਰਾਨ ਉਸ ਦੀਆਂ ਆਮਦਨ ਕਰ ਰਿਟਰਨਾਂ ਦੀ ਜਾਂਚ-ਪੜਤਾਲ ਕੀਤੀ। ਉਸ ਤੋਂ ਬਾਅਦ ਹੀ ਨੋਟਿਸ ਭੇਜੇ। ਨੀਰਵ ਮੋਦੀ ਕੋਲੋਂ ਬਰਾਮਦ ਦਸਤਾਵੇਜ਼ਾਂ ਵਿਚ ਦਿੱਲੀ ਅਤੇ ਮੁੰਬਈ ਦੇ ਉਨ੍ਹਾਂ ਚੋਟੀ ਦੇ ਵਿਅਕਤੀਆਂ ਦੇ ਨਾਂ ਸ਼ਾਮਲ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਸ਼ੋਅਰੂਮਾਂ ਵਿਚੋਂ ਨਕਦ ਜਿਊਲਰੀ ਖਰੀਦੀ। ਆਮਦਨ ਕਰ ਵਿਭਾਗ ਦੇ ਦਸਤਾਵੇਜ਼ ਦਰਸਾਉਂਦੇ ਹਨ ਕਿ 2010-11 'ਚ ਜੇ ਅਜਿਹੇ ਗਾਹਕਾਂ ਦੀ ਗਿਣਤੀ 17 ਸੀ ਤਾਂ ਇਹ 2012-13 'ਚ ਵਧ ਕੇ 29 ਹੋ ਗਈ। ਜਦੋਂ ਨੀਰਵ ਮੋਦੀ ਦੇ ਬਿਜ਼ਨੈੱਸ ਨੇ ਨਵੀਆਂ ਸਿਖਰਾਂ ਛੂਹੀਆਂ ਤਾਂ ਵੀ. ਆਈ. ਪੀ. ਗਾਹਕਾਂ ਦੀ ਗਿਣਤੀ ਹੋਰ ਵੀ ਵਧ ਗਈ। 2013-14 ਵਿਚ ਅਜਿਹੇ ਖਰੀਦਦਾਰਾਂ ਦੀ ਗਿਣਤੀ 43 ਹੋ ਗਈ ਅਤੇ ਕੁਝ ਦੇਰ ਬਾਅਦ ਹੀ ਇਹ ਗਿਣਤੀ 80 'ਤੇ ਜਾ ਪੁੱਜੀ। 2015-16 'ਚ ਨੀਰਵ ਮੋਦੀ ਦੇ ਗਾਹਕਾਂ ਦੀ ਗਿਣਤੀ 82 ਹੋ ਗਈ। ਆਮਦਨ ਕਰ ਵਿਭਾਗ ਲਈ ਇਹ ਇਕ ਔਖਾ ਕੰਮ ਸੀ ਕਿਉਂਕਿ ਵਧੇਰੇ ਖਰੀਦਦਾਰਾਂ ਦੀਆਂ ਇੰਡਸਟਰੀਆਂ ਹਨ ਅਤੇ ਉਹ ਕਰੋੜਾਂ-ਅਰਬਾਂ ਦੇ ਮਾਲਕ ਹਨ। ਜੇ ਅਜਿਹੇ ਇੰਡਸਟਰੀ ਮਾਲਕਾਂ ਨੇ 1 ਜਾਂ 2 ਕਰੋੜ ਰੁਪਏ ਦੇ ਗਹਿਣੇ ਖਰੀਦ ਵੀ ਲਏ ਤਾਂ ਬਿਨਾਂ ਸਬੂਤਾਂ ਦੇ ਉਨ੍ਹਾਂ ਕੋਲੋਂ ਪੁੱਛ-ਗਿੱਛ ਕਰਨੀ ਔਖੀ ਹੈ। ਸਿਰਫ ਸ਼ੋਅਰੂਮਾਂ 'ਚੋਂ ਹੱਥ ਲਿਖਤ ਸ਼ੀਟਾਂ ਮਿਲਣੀਆਂ ਜਾਂ ਕੰਪਿਊਟਰਾਈਜ਼ ਦਸਤਾਵੇਜ਼ ਮਿਲਣੇ ਕੋਈ ਸਬੂਤ ਨਹੀਂ। ਆਮਦਨ ਕਰ ਵਿਭਾਗ ਚਾਹੁੰਦਾ ਹੈ ਕਿ ਸਟਾਫ ਮੈਂਬਰ ਹਲਫੀਆ ਬਿਆਨ ਦੇਣ ਕਿਉਂਕਿ ਉਨ੍ਹਾਂ ਨੇ ਹੀ ਗਾਹਕਾਂ ਨੂੰ ਜਿਊਲਰੀ ਵੇਚੀ ਸੀ। ਵਧੇਰੇ ਗਾਹਕਾਂ ਨੇ ਭੁਗਤਾਨ ਕਰਦੇ ਸਮੇਂ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਅਤੇ ਆਪਣਾ ਪੈਨ ਨੰਬਰ ਲਿਖਾਇਆ। ਕੁਝ ਰਕਮ ਉਨ੍ਹਾਂ ਨਕਦ ਵੀ ਅਦਾ ਕੀਤੀ, ਜਿਸ ਬਾਰੇ ਉਹ ਕਹਿ ਸਕਦੇ ਹਨ ਕਿ ਅਸੀਂ ਕੋਈ ਨਕਦ ਭੁਗਤਾਨ ਨਹੀਂ ਕੀਤਾ। ਡੀ. ਆਰ. ਆਈ. ਅਤੇ ਕਸਟਮ ਵਿਭਾਗ ਨੇ ਨੀਰਵ ਮੋਦੀ ਵਿਰੁੱਧ 2013 'ਚ ਟੈਕਸ ਚੋਰੀ ਦਾ ਮਾਮਲਾ ਦਾਇਰ ਕੀਤਾ ਸੀ ਅਤੇ ਨੀਰਵ ਨੇ ਉਸ ਦਾ ਭੁਗਤਾਨ ਕਰ ਦਿੱਤਾ ਸੀ। ਆਮਦਨ ਕਰ ਵਿਭਾਗ ਨੇ 4900 ਕਰੋੜ ਰੁਪਏ ਦੇ ਬੇਹਿਸਾਬੇ ਫੰਡਾਂ ਦਾ ਪਤਾ ਨੀਰਵ ਮੋਦੀ ਦੇ ਖਾਤਿਆਂ 'ਚ ਲਾਇਆ ਸੀ। ਡੀ. ਆਰ. ਆਈ. ਅਤੇ ਆਮਦਨ ਕਰ ਵਿਭਾਗ ਨੇ ਨੀਰਵ ਮੋਦੀ ਅਤੇ ਚੋਕਸੀ ਦੇ ਖਾਤਿਆਂ ਦੀ 2013 ਤੋਂ 2017 ਦਰਮਿਆਨ ਕਈ ਵਾਰ ਜਾਂਚ-ਪੜਤਾਲ ਕੀਤੀ ਪਰ ਹਰ ਵਾਰ ਕੋਈ ਗਲਤੀ ਨਹੀਂ ਲੱਭੀ।
ਮੋਤੀਆਂ ਵਾਲੀ ਸਰਕਾਰ ਦੇ ਖਾਲੀ ਖਜ਼ਾਨੇ 'ਚੋਂ ਮੰਤਰੀਆਂ ਨੂੰ ਗੱਫੇ ਤੇ ਮੁਲਾਜ਼ਮਾਂ ਨੂੰ ਧੱਫੇ
NEXT STORY