ਤਰਨਤਾਰਨ, (ਰਮਨ)- ਮੌਸਮ 'ਚ ਹੋ ਰਹੇ ਬਦਲਾਅ ਅਤੇ ਬਾਜ਼ਾਰ 'ਚ ਵਿਕਣ ਵਾਲੀਆਂ ਘਟੀਆ ਮਟੀਰੀਅਲ ਨਾਲ ਤਿਆਰ ਖਾਣ-ਪੀਣ ਵਾਲੀਆਂ ਚੀਜ਼ਾਂ ਕਾਰਨ ਜ਼ਿਲੇ ਭਰ 'ਚ ਲੋਕ ਟਾਈਫਾਈਡ, ਡਾਇਰੀਆ, ਉਲਟੀਆਂ ਤੇ ਦਸਤ ਵਰਗੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਹਸਪਤਾਲਾਂ 'ਚ ਸਾਰੀਆਂ ਵਾਰਡਾਂ ਮਰੀਜ਼ਾਂ ਨਾਲ ਫੁਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਜ਼ਾਰ 'ਚ ਵਿਕਣ ਵਾਲੀਆਂ ਇਨ੍ਹਾਂ ਘਟੀਆ ਕਿਸਮ ਦੀਆਂ ਚੀਜ਼ਾਂ ਸਬੰਧੀ ਸਿਹਤ ਵਿਭਾਗ ਵੱਲੋਂ ਕਾਰਵਾਈ ਨਾ ਕਰਨਾ ਇਕ ਸਵਾਲੀਆ ਨਿਸ਼ਾਨ ਪੈਦਾ ਕਰ ਰਿਹਾ ਹੈ।
ਜ਼ਿਲੇ ਭਰ 'ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਵਿਕਰੀ ਜ਼ੋਰਾਂ 'ਤੇ ਚੱਲ ਰਹੀ ਹੈ, ਜਿਸ ਨਾਲ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਰੱਹਦੀ ਖੇਤਰ ਵਾਲੇ ਇਲਾਕੇ ਜਿਵੇਂ ਕਿ ਖੇਮਕਰਨ, ਖਾਲੜਾ, ਭਿੱਖੀਵਿੰਡ, ਸਰਾਏ ਆਮਨਤ ਖਾਂ ਤੋਂ ਇਲਾਵਾ ਪੱਟੀ, ਕੈਰੋਂ, ਵਲਟੋਹਾ ਆਦਿ ਦੇ ਇਲਾਕਿਆਂ 'ਚ ਘਟੀਆ ਕਿਸਮ ਦੀਆਂ ਚੀਜ਼ਾਂ ਜ਼ਿਆਦਾ ਵਿਕ ਰਹੀਆਂ ਹਨ। ਇਨ੍ਹਾਂ ਇਲਾਕਿਆਂ 'ਚ ਘਟੀਆ ਕਿਸਮ ਦੀ ਬਰਫ, ਆਈਸਕ੍ਰੀਮ, ਦੁੱਧ, ਪਨੀਰ, ਬਿਸਕੁਟ, ਬਨਾਨਾ ਸ਼ੇਕ, ਫਾਸਟ ਫੂਡ ਆਦਿ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਇਲਾਕਿਆਂ 'ਚ ਸਿਹਤ ਵਿਭਾਗ ਦੀ ਟੀਮ ਨੇ ਨਾ-ਮਾਤਰ ਹੀ ਦਸਤਕ ਦਿੱਤੀ ਹੈ।
ਸਥਾਨਕ ਹਸਪਤਾਲ 'ਚ ਛੋਟੀ ਉਮਰ ਦੇ ਬੱਚੇ ਟਾਈਫਾਈਡ ਅਤੇ ਡਾਇਰੀਆ ਆਦਿ ਬੀਮਾਰੀਆਂ ਨਾਲ ਸ਼ਿਕਾਰ ਹੋਏ ਆਪਣਾ ਇਲਾਜ ਕਰਵਾ ਰਹੇ ਹਨ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬਾਜ਼ਾਰ 'ਚ ਘਟੀਆ ਕਿਸਮ ਦੀਆਂ ਚੀਜ਼ਾਂ ਵਿਕ ਰਹੀਆਂ ਹਨ।
ਸਿਹਤ ਵਿਭਾਗ ਵੱਲੋਂ ਨਹੀਂ ਲਏ ਜਾਂਦੇ ਸੈਂਪਲ
ਸਮਾਜ ਸੇਵਕ ਅਤੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਹਰੀ ਕ੍ਰਿਸ਼ਨ ਅਰੋੜਾ ਨੇ ਦੋਸ਼ ਲਾਇਆ ਕਿ ਸਿਹਤ ਵਿਭਾਗ ਦੀ ਮਿਲੀਭੁਗਤ ਕਾਰਨ ਜ਼ਿਲੇ 'ਚ ਘਟੀਆ ਪਦਾਰਥਾਂ ਦੀ ਵਿਕਰੀ ਜ਼ੋਰਾਂ 'ਤੇ ਹੋ ਰਹੀ ਹੈ, ਜਿਸ ਨਾਲ ਲੋਕ ਬੀਮਾਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਨਾ-ਮਾਤਰ ਹੀ ਸੈਂਪਲ ਭਰੇ ਜਾਂਦੇ ਹਨ ਜੋ ਕਿ ਸਵਾਲੀਆ ਨਿਸ਼ਾਨ ਪੈਦਾ ਕਰਦੇ ਹਨ। ਉਨ੍ਹਾਂ ਜ਼ਿਲੇ ਦੇ ਡੀ. ਸੀ. ਪਾਸੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਨੱਥ ਪਾਈ ਜਾਵੇ ਅਤੇ ਸਿਹਤ ਵਿਭਾਗ ਨੂੰ ਉਨ੍ਹਾਂ ਦੀ ਡਿਊਟੀ ਸਬੰਧੀ ਜਾਗਰੂਕ ਕੀਤਾ ਜਾਵੇ।
ਭਾਰਤੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਕੀਤੀ ਨਾਅਰੇਬਾਜ਼ੀ
NEXT STORY