ਲੁਧਿਆਣਾ (ਸਲੂਜਾ) - ਲੰਬੇ ਸਮੇਂ ਤੋਂ ਮੰਗਾਂ ਨਾ ਮੰਨਣ ਦੇ ਮੁੱਦੇ ਨੂੰ ਲੈ ਕੇ ਮਾਡਲ ਟਾਊਨ ਅਤੇ ਗ੍ਰਿਫ ਸੰਭਾਲ ਮੰਡਲ ਡਵੀਜ਼ਨਾਂ ਵਿਚ ਬਿਜਲੀ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਖਿਲਾਫ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹਰਜੀਤ ਸਿੰਘ, ਰਮੇਸ਼ ਸ਼ਰਮਾ ਅਤੇ ਪਵਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੁਆਇੰਟ ਫੋਰਮ ਦੇ ਨਾਲ ਬਿਜਲੀ ਵਿਭਾਗ ਦੀ ਮੈਨੇਜਮੈਂਟ ਨੇ ਮੁਲਾਜ਼ਮਾਂ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਕਈ ਵਾਰ ਮੀਟਿੰਗਾਂ ਕੀਤੀਆਂ ਪਰ ਮੈਨੇਜਮੈਂਟ ਨੇ ਇਸ 'ਤੇ ਕੋਈ ਕਾਰਵਾਈ ਨਾ ਕੀਤੀ।
ਉਨ੍ਹਾਂ ਕਿਹਾ ਕਿ ਸਟਾਫ ਦੀ ਕਮੀ ਕਾਰਨ ਲਾਈਨਮੈਨ ਤੋਂ ਲੈ ਕੇ ਉੱਚ ਅਧਿਕਾਰੀਆਂ 'ਤੇ ਕੰਮ ਦਾ ਬੋਝ ਕਈ ਗੁਣਾ ਵਧ ਚੁੱਕਾ ਹੈ। ਵਧਦੀ ਆਬਾਦੀ ਦੇ ਨਾਲ ਬਿਜਲੀ ਦੀ ਮੰਗ ਅਤੇ ਕੁਨੈਕਸ਼ਨਾਂ ਦੀ ਗਿਣਤੀ 'ਚ ਵਾਧਾ ਹੋ ਗਿਆ ਹੈ। ਮੁਲਾਜ਼ਮ ਯੂਨੀਅਨਾਂ ਇਹ ਮੰਗ ਕਰਦੀਆਂ ਆ ਰਹੀਆਂ ਹਨ ਕਿ ਪੇ ਬੈਂਡ, 23 ਸਾਲ ਬਾਅਦ ਮੁਲਾਜ਼ਮਾਂ ਨੂੰ ਪ੍ਰਮੋਸ਼ਨ, ਵਰਕ ਚਾਰਜ ਨਾਲ ਏ. ਐੱਲ. ਐੱਮ., ਮ੍ਰਿਤਕ ਦੇ ਵਾਰਸ ਨੂੰ ਨੌਕਰੀ ਸਮੇਤ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਨਜਿੱਠਿਆ ਜਾਵੇ ਪਰ ਪਾਵਰਕਾਮ ਮੈਨੇਜਮੈਂਟ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਸ ਨੂੰ ਜਗਾਉਣ ਲਈ ਸੰਘਰਸ਼ ਦਾ ਬਿਗੁਲ ਵਜਾਇਆ ਗਿਆ ਹੈ। ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਫਿਰ ਇਹ ਸੰਘਰਸ਼ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਸ ਰੋਸ ਪ੍ਰਦਰਸ਼ਨ ਵਿਚ ਕਸ਼ਮੀਰ ਸਿੰਘ, ਰਛਪਾਲ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ, ਜਤਿੰਦਰ ਸਿੰਘ ਆਦਿ ਸ਼ਾਮਲ ਸਨ।
ਫੁੱਟਬਾਲ ਦਿੱਲੀ ਦਾ ਸਮਰ ਕੋਚਿੰਗ ਕੈਂਪ ਸੋਮਵਾਰ ਤੋਂ ਸ਼ੁਰੂ
NEXT STORY