ਖੰਨਾ(ਸੁਨੀਲ)-ਪੁਲਸ ਜ਼ਿਲਾ ਖੰਨਾ ਦੇ ਅਧੀਨ ਪੈਂਦੇ ਇਕ ਪਿੰਡ ਦੀ ਲੜਕੀ, ਜਿਸਨੇ ਕਰੀਬ ਇਕ ਸਾਲ ਪਹਿਲਾਂ ਛੇੜਛਾੜ ਤੋਂ ਦੁਖੀ ਹੋ ਕੇ ਲੁਧਿਆਣਾ ਦੇ ਇਕ ਹਸਪਤਾਲ 'ਚ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਅੱਜ ਲੱਗਭਗ ਇਕ ਸਾਲ ਉਪਰੰਤ ਕੋਮਾ 'ਚ ਰਹਿਣ ਕਾਰਨ ਘਰ 'ਚ ਉਸਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾਇਆ ਹੈ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਸੰਬੰਧੀ ਮ੍ਰਿਤਕਾ ਦੇ ਇਕ ਰਿਸ਼ਤੇਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੁੱਝ ਸਮਾਂ ਪਹਿਲਾਂ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਕਿ ਉਦੋਂ ਉਸਨੂੰ ਕਥਿਤ ਦੋਸ਼ੀ ਅਮਨਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਅੰਮ੍ਰਿਤਸਰ ਕਾਫ਼ੀ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸਦੇ ਕਾਰਨ ਲੜਕੀ ਦੇ ਪਿਤਾ ਜਸਪਾਲ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਖੱਟੜਾ ਦੀ ਸ਼ਿਕਾਇਤ 'ਤੇ ਪੁਲਸ ਨੇ ਉਪਰੋਕਤ ਕਥਿਤ ਦੋਸ਼ੀ ਦੇ ਖਿਲਾਫ 354-ਏ ਦੇ ਅਧੀਨ ਮਾਮਲਾ ਦਰਜ ਕਰ ਲਿਆ ਸੀ। ਪਰਿਵਾਰ ਦੇ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਲੜਕੀ ਨੂੰ ਕਥਿਤ ਦੋਸ਼ੀ ਕਾਫ਼ੀ ਸਮੇਂ ਤੋਂ ਤੰਗ ਪ੍ਰੇਸ਼ਾਨ ਸੀ, ਜਿਸਦੇ ਕਾਰਨ ਹਰਮਨਜੀਤ ਕੌਰ ਨੇ ਦੁਖੀ ਹੋ ਕੇ 22 ਮਾਰਚ 2017 ਨੂੰ ਕਾਲਜ 'ਚ ਹੀ ਪੱਖੇ ਨਾਲ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਉਸਨੂੰ ਉਸ ਦੀਆਂ ਸਹੇਲੀਆਂ ਵੱਲੋਂ ਬਚਾ ਲਿਆ ਗਿਆ ਸੀ। ਇਸ ਦੌਰਾਨ ਉਹ ਲੱਗਭਗ ਤਿੰਨ ਮਹੀਨੇ ਉਥੇ ਹੀ ਇਲਾਜ ਲਈ ਭਰਤੀ ਰਹੀ। ਲਗਭਗ ਇਕ ਸਾਲ ਕੋਮਾ 'ਚ ਰਹਿਣ ਉਪਰੰਤ ਅੱਜ ਪਿੰਡ ਖੱਟੜਾ 'ਚ ਲੜਕੀ ਨੇ ਆਪਣੇ ਘਰ ਵਿਚ ਦਮ ਤੋੜ ਦਿੱਤਾ। ਉਥੇ ਹੀ ਕੇਸ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਦੀ ਮੋਰਚਰੀ 'ਚ ਰਖਵਾਇਆ ਹੈ, ਜਿੱਥੇ ਅੱਜ ਸਵੇਰੇ ਪੋਸਟਮਾਰਟਮ ਉਪਰੰਤ ਲੁਧਿਆਣਾ ਪੁਲਸ ਅਗਲੀ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ 'ਤੇ ਧਾਰਾ 306 ਦਾ ਵਾਧਾ ਵੀ ਕਰ ਸਕਦੀ ਹੈ। ਇਸ ਸੰਬੰਧੀ ਐੱਸ. ਐੱਚ. ਓ. ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਉਸ ਸਮੇਂ ਮਾਮਲਾ ਦਰਜ ਕਰ ਲਿਆ ਸੀ। ਹੁਣ ਜਦਕਿ ਲੜਕੀ ਦੀ ਮੌਤ ਹੋ ਚੁੱਕੀ ਹੈ, ਨੂੰ ਧਿਆਨ ਵਿਚ ਰੱਖਦੇ ਹੋਏ ਡੀ. ਏ. ਲੀਗਲ ਦੀ ਰਾਏ ਉਪਰੰਤ ਕਥਿਤ ਦੋਸ਼ੀ 'ਤੇ ਧਾਰਾ 306 ਤਹਿਤ ਵਾਧਾ ਵੀ ਕੀਤਾ ਜਾ ਸਕਦਾ ਹੈ।
ਨਿਰਵਿਘਨ ਸਪਲਾਈ ਨਾ ਮਿਲਣ ’ਤੇ ਬੀਹਲੇਵਾਲਾ ਦੇ ਵਾਸੀ ਬਿਜਲੀ ਘਰ ਅੱਗੇ ਹੋਏ ਇਕੱਠੇ
NEXT STORY