ਸਾਦਿਕ, (ਪਰਮਜੀਤ)- ਬੀਹਲੇਵਾਲਾ ਦੇ ਕਿਸਾਨਾਂ ਨੂੰ ਕਈ ਦਿਨਾਂ ਤੋਂ ਖੇਤਾਂ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਅਤੇ ਸਬੰਧਤ ਜੇ. ਈ. ਵੱਲੋਂ ਗੱਲ ਨਾ ਸੁਣਨ ਤੋਂ ਭਡ਼ਕੇ ਲੋਕ ਸਾਦਿਕ ਦੇ ਬਿਜਲੀ ਘਰ ਅੱਗੇ ਇਕੱਠੇ ਹੋਏ ਅਤੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਪਰ ਇਸ ਸਮੇਂ ਲੋਕਾਂ ਨਾਲ ਬਿਜਲੀ ਘਰ ਦੇ ਸਕਿਓਰਿਟੀ ਇੰਚਾਰਜ ਦੀ ਬਦਸਲੂਕੀ ਕਰ ਕੇ ਹੰਗਾਮਾ ਖਡ਼੍ਹਾ ਹੋ ਗਿਆ। ਇੱਥੋਂ ਤੱਕ ਕਿ ਬਿਨਾਂ ਵਰਦੀ ਖਡ਼੍ਹੇ ਸਕਿਓਰਿਟੀ ਇੰਚਾਰਜ ਦੇ ਲੋਕਾਂ ਨੂੰ ਬਾਹਰ ਜਾਣ ਤੱਕ ਦਾ ਕਹਿ ਦਿੱਤਾ। ਇਸ ਦੌਰਾਨ ਜਦੋਂ ਲਖਵਿੰਦਰ ਸਿੰਘ ਖਹਿਰਾ, ਵਿਸ਼ਵਜੀਤ ਸਿੰਘ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਅਸੀਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨਾਲ ਗੱਲ ਕਰਨ ਆਏ ਤਾਂ ਉਹ ਸਾਡੇ ਗਲ ਪੈ ਗਏ।
ਇਸ ਸਮੇਂ ਹਾਜ਼ਰ ਲੋਕਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੇ ਓ. ਐੱਸ. ਡੀ. ਸੰਦੀਪ ਸਿੰਘ ਸੰਨੀ ਬਰਾਡ਼ ਨਾਲ ਗੱਲ ਕਰਦੇ ਹਾਂ ਤਾਂ ਲਖਵਿੰਦਰ ਸਿੰਘ ਸਕਿਓਰਿਟੀ ਇੰਚਾਰਜ ਨੇ ਕਿਹਾ, ‘‘ਭਾਵੇਂ ਕਿੱਕੀ ਢਿੱਲੋਂ (ਮੌਜੂਦਾ ਵਿਧਾਇਕ) ਨੂੰ ਕਹਿ ਲਓ, ਮੈਨੂੰ ਕਿਸੇ ਦਾ ਡਰ ਨਹੀਂ’’। ਇਹ ਕਹਿੰਦੇ ਹੋਏ ਥਾਣੇ ਫੋਨ ਕਰ ਦਿੱਤਾ, ਜਿਸ ’ਤੇ ਏ. ਐੱਸ. ਆਈ ਤੇਜ ਸਿੰਘ, ਏ. ਐੱਸ. ਆਈ ਬਲਦੇਵ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਲੋਕਾਂ ਨੂੰ ਸ਼ਾਂਤ ਕਰਵਾਇਆ।
ਲਖਵਿੰਦਰ ਸਿੰਘ ਖਹਿਰਾ ਅਤੇ ਸਾਥੀਆਂ ਨੇ ਦੋਸ਼ ਲਾਇਆ ਕਿ ਸਬੰਧਤ ਜੇ. ਈ. ਬਿਜਲੀ ਸਪਲਾਈ ਛੱਡਣ ਦੇ ਪੈਸੇ ਮੰਗ ਰਿਹਾ ਹੈ, ਜਿਸ ਕਾਰਨ ਉਹ ਬੀਹਲੇਵਾਲਾ ਫੀਡਰ ਦੀ ਬਣਦੀ ਸਪਲਾਈ ਰਾਤ ਨੂੰ ਛੱਡਦਾ ਹੈ ਅਤੇ ਦਿਨ ਵੇਲੇ ਬੰਦ ਰੱਖਦਾ ਹੈ ਅਤੇ ਕਈ ਵਾਰ ਨੁਕਸ ਦਾ ਬਹਾਨਾ ਬਣਾ ਕੇ ਸਪਲਾਈ ਬਿਲਕੁਲ ਬੰਦ ਕਰ ਕੇ ਕਿੰਗਰਾ ਅਤੇ ਹੋਰ ਦੂਸਰੇ ਫੀਡਰ ਚਲਾ ਦਿੰਦਾ ਹੈ। ਬਿਜਲੀ ਸਪਲਾਈ ਨਾ ਆਉਣ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ।
ਮੌਕੇ ’ਤੇ ਹਾਜ਼ਰ ਜੇ. ਈ. ਨਰਿੰਦਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਐੱਸ. ਐੱਸ. ਏ. ਨੇ ਪਿੰਡ ਦੇ ਮੋਹਤਬਰਾਂ ਦੀ ਗੱਲ ਧਿਆਨ ਨਾਲ ਸੁਣੀ। ਸਰਪੰਚ ਪਰਮਿੰਦਰ ਸਿੰਘ ਢਿੱਲੋਂ ਅਤੇ ਸਾਥੀਆਂ ਨਾਲ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਮੌਕੇ ਐੱਸ. ਡੀ. ਓ. ਅਤੇ ਸਬੰਧਤ ਜੇ. ਈ. ਬਾਹਰ ਗਏ ਹੋਏ ਹਨ, ਉਨ੍ਹਾਂ ਨਾਲ ਵੀ ਗੱਲ ਕਰ ਕੇ ਪਿੰਡ ’ਚ ਸਪਲਾਈ ਬਹੁਤ ਜਲਦੀ ਬਹਾਲ ਕਰ ਦਿੱਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲਾਂ ਇਕ ਦਿਨ ਛੱਡ ਕੇ ਖੇਤੀ ਸੈਕਟਰ ਲਈ 8 ਘੰਟੇ ਸਪਲਾਈ ਦੇਣੀ ਹੁੰਦੀ ਸੀ ਅਤੇ ਹੁਣ ਸ਼ਡਿਊਲ ਬਦਲ ਗਿਆ ਹੈ। ਹੁਣ ਰੋਜ਼ਾਨਾ 4 ਘੰਟੇ ਬਿਜਲੀ ਸਪਲਾਈ ਦੇਣੀ ਹੁੰਦੀ ਹੈ। ਸਾਦਿਕ ਸਬ-ਡਵੀਜ਼ਨ ਦੇ 10 ਫੀਡਰ ਹਨ, ਜਿਨ੍ਹਾਂ ’ਚੋਂ ਪੰਜ ਦਿਨੇ ਅਤੇ ਪੰਜ ਰਾਤ ਨੂੰ ਖੇਤੀ ਲਈ ਸਪਲਾਈ ਦਿੰਦੇ ਹਨ, ਜਿਸ ਦੀ ਸਪਲਾਈ ਨੁਕਸ ਕਾਰਨ ਘਰ ਮਿਲਦੀ ਹੈ, ਉਨ੍ਹਾਂ ਨੂੰ ਅਗਲੇ ਦਿਨ ਪੂਰੀ ਕਰ ਦਿੱਤੀ ਜਾਂਦੀ ਹੈ। ਇਸ ਸਮੇਂ ਲੱਖਾ ਸਿੰਘ ਪੰਚ, ਜੱਸਾ ਸਿੰਘ, ਅੰਮ੍ਰਿਤਪਾਲ ਸਿੰਘ, ਗੇਜ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਗੋਲਡੀ ਅਤੇ ਪਿੰਡ ਵਾਸੀ ਹਾਜ਼ਰ ਸਨ।
ਕੀ ਕਹਿਣਾ ਹੈ ਜੇ. ਈ. ਦਾ
ਇਸ ਮਾਮਲੇ ਬਾਰੇ ਜਦੋਂ ਜੇ. ਈ. ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਲਖਵਿੰਦਰ ਸਿੰਘ ਵੱਲੋਂ ਰਿਸ਼ਵਤ ਮੰਗਣ ਦੇ ਲਾਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਇਹ ਮੇਰੇ ਆਪਣੇ ਪਿੰਡ ਹਨ, ਮੈਂ ਕਦੇ ਵੀ ਪੈਸੇ ਨਹੀਂ ਮੰਗੇ। ਮੇਰੀ 8 ਘੰਟੇ ਡਿਊਟੀ ਹੋਣ ਦੇ ਬਾਵਜੂਦ ਮੈਂ 15-16 ਘੰਟੇ ਕੰਮ ਕਰ ਰਿਹਾ ਹੈ। ਮੇਰੇ ਕੋਲ ਬਿੱਲਾਂ ਦੇ 44 ਅਤੇ ਫੀਡਰ ਦੇ 9 ਪਿੰਡ ਹਨ, ਜੋ ਮੈਂ ਵਧੀਆ ਚਲਾ ਰਿਹਾ ਹੈ ਅਤੇ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੈ।
ਮਾਂ-ਧੀ ਨਾਲ ਕੁੱਟ-ਮਾਰ ਵਾਲੇ ਪਤੀ-ਪਤਨੀ ’ਤੇ ਪਰਚਾ
NEXT STORY