ਗਿੱਦਡ਼ਬਾਹਾ, (ਕੁਲਭੂਸ਼ਨ)- ਮਲੋਟ-ਗਿੱਦਡ਼ਬਾਹਾ-ਬਠਿੰਡਾ ਰੋਡ ’ਤੇ ਬਣੇ ਡਿਵਾਈਡਰਾਂ ’ਚ ਬਣੀ ਕਰਾਸਿੰਗ ਨੂੰ ਬੰਦ ਕਰਨ ਲਈ ਚੱਲ ਰਹੇ ਕੰਮ ਵਿਚ ਅੱਜ ਮੁਡ਼ ਉਸ ਸਮੇਂ ਵਿਘਨ ਪੈ ਗਿਆ, ਜਦੋਂ ਹੁਸਨਰ ਚੌਕ ਨੇਡ਼ੇ ਸਥਿਤ ਇਕ ਕਰਾਸਿੰਗ ਨੂੰ ਬੰਦ ਕਰਨ ਵਾਸਤੇ ਆਈ ਟੀਮ ਦੇ ਅਧਿਕਾਰੀ ਲੋਕਾਂ ਦੇ ਵਿਰੋਧ ਤੋਂ ਬਾਅਦ ਬਿਨਾਂ ਕਰਾਸਿੰਗ ਬੰਦ ਕੀਤੇ ਹੀ ਪਰਤ ਗਏ, ਜਦਕਿ ਇਸ ਸਬੰਧੀ ਕੁਝ ਟਰੱਕ ਆਪ੍ਰੇਟਰਾਂ ਅਤੇ ਧਰਮ ਬੋਰਡ ਦੇ ਸਾਬਕਾ ਪ੍ਰਧਾਨ ਸੰਦੀਪ ਸਿੰਘ ਸੰਨੀ ਢਿੱਲੋਂ ਵੱਲੋਂ ਉਕਤ ਕਰਾਸਿੰਗ ਨੂੰ ਬੰਦ ਕਰਨ ਦਾ ਵਿਰੋਧ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜ ਮਾਰਗ ਨੰ. 15 ਨੂੰ ਬਠਿੰਡਾ ਤੋਂ ਲੈ ਕੇ ਸ਼੍ਰੀ ਗੰਗਾਨਗਰ ਤੱਕ ਰੋਡ ਨੂੰ ਫੋਰਲੇਨ ਬਣਾਇਆ ਜਾਣਾ ਹੈ, ਜਿਸ ਸਬੰਧੀ ਡਿਵਾਈਡਰਾਂ ਵਿਚਕਾਰ ਪਹਿਲਾਂ ਛੱਡੀ ਗਈ ਕਰਾਸਿੰਗ ਵਾਲੀ ਜਗ੍ਹਾ ਨੂੰ ਬੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕੁਝ ਦਿਨ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਉਕਤ ਟੀਮ ਕਰਾਸਿੰਗ ਨੂੰ ਬੰਦ ਕਰਵਾਉਣ ਵਾਸਤੇ ਆਈ ਸੀ ਪਰ ਉਸ ਦਿਨ ਵੀ ਸਬੰਧਤ ਵਿਭਾਗ ਦੇ ਅਧਿਕਾਰੀ ਲੋਕਾਂ ਦੇ ਰੋਸ ਕਰ ਕੇ ਵਾਪਸ ਚਲੇ ਗਏ ਸਨ।
ਇਸ ਦੌਰਾਨ ਸੰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਕਤ ਰੋਡ ’ਤੇ ਡਿਵਾਈਡਰ ਦੀ ਕਰਾਸਿੰਗ ਬੰਦ ਹੋਣ ਨਾਲ ਵਾਹਨ ਚਾਲਕਾਂ ਨੂੰ ਮਲੋਟ ਜਾਂ ਬਠਿੰਡਾ ਵੱਲ ਬਣੇ ਚੌਕਾਂ ਤੋਂ ਵਾਹਨ ਮੋਡ਼ਨੇ ਪੈਂਦੇ ਹਨ ਅਤੇ ਅਜਿਹੇ ’ਚ ਸਮੇਂ ਦੀ ਬੱਚਤ ਕਰਦਿਆਂ ਬਹੁਤ ਵਾਰ ਲੋਕ ਟਰੈਫਿਕ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਗਲਤ ਦਿਸ਼ਾ ਵਿਚ ਵਾਹਨ ਚਲਾਉਂਦੇ ਹਨ, ਜਿਸ ਕਰ ਕੇ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਵਿਭਾਗ ਇਨ੍ਹਾਂ ਕਰਾਸਿੰਗਜ਼ ਨੂੰ ਬੰਦ ਹੀ ਕਰਵਾਉਣਾ ਚਾਹੁੰਦਾ ਹੈ ਤਾਂ ਇਨ੍ਹਾਂ ਦੀ ਜਗ੍ਹਾ ’ਤੇ ਪੁਲਾਂ ਦਾ ਨਿਰਮਾਣ ਕੀਤਾ ਜਾਵੇ।
ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਕਤ ਕੰਮ ਵਿਭਾਗ ਵੱਲੋਂ ਰਾਜਨੀਤਕ ਸ਼ਹਿ ’ਤੇ ਕੀਤਾ ਜਾ ਰਿਹਾ ਹੈ ਕਿਉਂਕਿ ਉਕਤ ਕਰਾਸਿੰਗ ਦੇ ਅੱਗੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਨਿਊ ਦੀਪ ਬੱਸ ਸਰਵਿਸ ਦੀ ਵਰਕਸ਼ਾਪ, ਪੈਟਰੋਲ ਪੰਪ ਅਤੇ ਰਿਹਾਇਸ਼ ਹੈ। ਉਕਤ ਕਰਾਸਿੰਗ ਸਬੰਧੀ ਉਨ੍ਹਾਂ ਵੱਲੋਂ ਮਾਣਯੋਗ ਅਦਾਲਤ ’ਚ ਵੀ ਲਿਖਤੀ ਬੇਨਤੀ ਕੀਤੀ ਹੋਈ ਹੈ, ਜਿਸ ਦੀ ਅਗਲੀ ਤਰੀਕ (ਪੇਸ਼ੀ) 23 ਮਈ ਹੈ।
ਦੂਜੇ ਪਾਸੇ, ਜਿਵੇਂ ਹੀ ਪੁਲਸ ਪ੍ਰਸ਼ਾਸਨ ਨੂੰ ਉਕਤ ਕਰਾਸਿੰਗ ਦੇ ਵਿਰੋਧ ਸਬੰਧੀ ਸੂਚਨਾ ਮਿਲੀ ਤਾਂ ਖੁਦ ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉੱਧਰ, ਜਦੋਂ ਮੌਕੇ ’ਤੇ ਪੁੱਜੇ ਸਬੰਧਤ ਵਿਭਾਗ ਦੇ ਉਕਤ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੀਡੀਆ ਨੂੰ ਕੋਈ ਜਾਣਕਾਰੀ ਦੇਣ ਦੀ ਬਜਾਏ ਕਾਰ ਵਿਚ ਹੀ ਨਾਂਹ-ਪੱਖੀ ਹੱਥ ਹਿਲਾਉਂਦੇ ਹੋਏ ਮੌਕੇ ਤੋਂ ਚਲੇ ਗਏ।
ਜ਼ਹਿਰੀਲਾ ਬਿਆਸ : ਓ. ਪੀ. ਸੋਨੀ ਨੇ ਦਿੱਤੇ ਜਾਂਚ ਦੇ ਆਦੇਸ਼, 3 ਦਿਨ 'ਚ ਆਵੇਗੀ ਰਿਪੋਰਟ
NEXT STORY