ਸਾਹਨੇਵਾਲ(ਜਗਰੂਪ)-ਟ੍ਰੈਫਿਕ ਪੁਲਸ ਦੇ ਕੁਝ ਮੁਲਾਜ਼ਮਾਂ ਵੱਲੋਂ ਰਾਹਗੀਰਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਕਥਿਤ ਰੂਪ ਨਾਲ ਪੈਸੇ ਲੈਣ ਦੇ ਅਨੇਕਾਂ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ 'ਚੋਂ ਕੁਝ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਉਨ੍ਹਾ ਦੇ ਖਿਲਾਫ ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਕੁਝ ਸਬੂਤਾਂ ਦੀ ਘਾਟ ਕਾਰਨ ਸਾਫ ਬਚ ਨਿਕਲਦੇ ਹਨ। ਉੱਚ ਅਧਿਕਾਰੀਆਂ ਵੱਲੋਂ ਅਨੇਕਾਂ ਦਾਅਵੇ ਕਰਨ ਦੇ ਬਾਅਦ ਵੀ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਆਪਣੀਆਂ ਆਦਤਾਂ ਛੱਡਣ ਲਈ ਰਾਜ਼ੀ ਨਹੀਂ ਹਨ। ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਵੱਲੋਂ ਇਕ ਟਰੱਕ ਡਰਾਈਵਰ ਕੋਲੋਂ ਉਸ ਦੇ ਤਿੰਨ ਟਰੱਕਾਂ ਨੂੰ ਕਸਬਾ ਸਾਹਨੇਵਾਲ ਅੰਦਰ ਨੋ ਐਂਟਰੀ ਦੇ ਬਾਵਜੂਦ ਐਂਟਰ ਕਰਵਾਉਣ ਦੇ ਨਾਮ 'ਤੇ 1800 ਰੁਪਏ ਕਥਿਤ ਰੂਪ ਨਾਲ ਲੈਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਉਕਤ ਟਰੱਕ ਡਰਾਈਵਰ ਨੇ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਜਦ ਕਿ ਇਹ ਪੂਰਾ ਮਾਮਲਾ ਏ. ਡੀ. ਸੀ. ਪੀ. ਟ੍ਰੈਫਿਕ ਦੇ ਧਿਆਨ 'ਚ ਵੀ ਲਿਆ ਦਿੱਤਾ ਗਿਆ ਹੈ। ਟਰੱਕ ਡਰਾਈਵਰ ਗੁਰਜੰਟ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਅਲੀਕੇ ਝੁੱਗੀਆਂ, ਜ਼ਿਲਾ ਫਿਰੋਜ਼ਪੁਰ ਨੇ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ ਸਾਢੇ 11 ਵਜੇ ਡੇਹਲੋਂ ਰੋਡ ਤੋਂ ਸਾਹਨੇਵਾਲ ਨੂੰ ਆ ਰਿਹਾ ਸੀ। ਜਦੋਂ ਉਹ ਸਾਹਨੇਵਾਲ ਚੌਕ 'ਚ ਪੁੱਜਾ ਤਾਂ ਕੁਝ ਟ੍ਰੈਫਿਕ ਪੁਲਸ ਕਰਮਚਾਰੀਆਂ ਨੇ ਉਸ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਉਸ ਨੇ ਆਪਣੀ ਗੱਡੀ ਨੂੰ ਰੋਕਿਆ ਤਾਂ ਉਕਤ ਮੁਲਾਜ਼ਮਾਂ ਨੇ ਉਸ ਨੂੰ ਕਸਬਾ ਸਾਹਨੇਵਾਲ 'ਚ ਨੋ ਐਂਟਰੀ ਦੇ ਕਾਰਨ ਐਂਟਰੀ ਕਰਵਾਉਣ ਲਈ ਪ੍ਰਤੀ ਗੱਡੀ 5 ਹਜ਼ਾਰ ਰੁਪਏ ਦੀ ਕਥਿਤ ਮੰਗ ਕੀਤੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੇ ਸਟੇਸ਼ਨ ਤੋਂ ਪ੍ਰਤੀ ਗੱਡੀ 10 ਹਜ਼ਾਰ ਖਰਚੇ ਦੇ ਹਿਸਾਬ ਨਾਲ ਲੈ ਕੇ ਚੱਲਦੇ ਹਨ ਪਰ ਰਸਤੇ 'ਚ ਉਸ ਦੀ ਗੱਡੀ ਦੇ ਟਾਇਰ ਫਟ ਜਾਣ ਕਾਰਨ ਹੁਣ ਉਸ ਦੇ ਕੋਲ ਸਿਰਫ 2200 ਰੁਪਏ ਹੀ ਹਨ। ਜੋ ਉਕਤ ਮੁਲਾਜ਼ਮਾਂ ਨੇ ਕਥਿਤ ਜ਼ਬਰਦਸਤੀ ਉਸ ਤੋਂ ਲੈ ਲਏ। ਟਰੱਕ ਡਰਾਈਵਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਉਕਤ ਮੁਲਾਜ਼ਮਾਂ ਨੂੰ ਰੋਟੀ ਖਾਣ ਲਈ ਵਾਸਤਾ ਪਾਉਣ ਤੋਂ ਬਾਅਦ ਉਨ੍ਹਾਂ ਨੇ 400 ਰੁਪਏ ਵਾਪਸ ਕਰ ਦਿੱਤੇ ਅਤੇ 1800 ਰੁਪਏ ਆਪਣੇ ਕੋਲ ਰੱਖ ਲਏ, ਜਿਸ ਤੋਂ ਬਾਅਦ ਉਸ ਨੇ ਦੁਖੀ ਹੋ ਕੇ ਉਕਤ ਮੁਲਾਜ਼ਮਾਂ ਦੀ ਸ਼ਿਕਾਇਤ ਕਰਨ ਦਾ ਮਨ ਬਣਾਇਆ ਅਤੇ ਸ਼ਿਕਾਇਤ ਪੁਲਸ ਨੂੰ ਦਿੱਤੀ।
ਪਹਿਲਾਂ ਵੀ ਘੇਰਦੇ ਸਨ ਗੱਡੀਆਂ
ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਗੁਜਰਾਤ ਤੋਂ ਸਕ੍ਰੈਪ ਲੈ ਕੇ ਆਉਂਦੇ ਹਨ ਅਤੇ ਮੰਡੀ ਗੋਬਿੰਦਗੜ੍ਹ ਦੀ ਇਕ ਕੰਪਨੀ ਨੂੰ ਸਪਲਾਈ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਅਕਸਰ ਹੀ ਲੁਧਿਆਣਾ ਚੱਕਰ ਲੱਗਦਾ ਹੈ। ਉਕਤ ਦੋਵੇਂ ਟ੍ਰੈਫਿਕ ਮੁਲਾਜ਼ਮ ਅਤੇ ਇਕ ਹੋਰ ਸਾਥੀ ਪਹਿਲਾਂ ਉਸ ਨੂੰ ਫਿਰੋਜ਼ਪੁਰ ਰੋਡ 'ਤੇ ਘੇਰ ਕੇ ਉਸ ਕੋਲੋਂ 5-6 ਸੌ ਰੁਪਏ ਪ੍ਰਤੀ ਗੱਡੀ ਲੈ ਕੇ ਛੱਡ ਦਿੰਦੇ ਸਨ ਪਰ ਅੱਜ ਉਸ ਦੀਆਂ ਦੋ ਗੱਡੀਆਂ ਓਵਰਲੋਡ ਹੋਣ ਅਤੇ ਨੋ ਐਂਟਰੀ ਹੋਣ ਕਾਰਨ ਉਨ੍ਹਾਂ ਨੇ ਪ੍ਰਤੀ ਗੱਡੀ 5 ਹਜ਼ਾਰ ਰੁਪਏ ਦੀ ਮੰਗ ਕੀਤੀ।
ਕੀ ਕਿਹਾ ਏ. ਡੀ. ਸੀ. ਪੀ. ਟ੍ਰੈਫਿਕ ਨੇ
ਜਦੋਂ ਇਸ ਸਬੰਧ 'ਚ ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਹੁਲੀਆ ਡਰਾਈਵਰ ਵੱਲੋਂ ਦੱਸਿਆ ਜਾ ਰਿਹਾ ਹੈ, ਉਸ ਦੇ ਨਾਲ ਮੇਲ ਖਾਂਦਾ ਕੋਈ ਵੀ ਮੁਲਾਜ਼ਮ ਸਾਹਨੇਵਾਲ ਚੌਕ 'ਚ ਮੌਜੂਦ ਨਹੀਂ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਰੋਡ 'ਤੇ ਸਥਿਤ ਟ੍ਰੈਫਿਕ ਜ਼ੋਨ ਨਾਲ ਸਬੰਧਤ ਕੋਈ ਵੀ ਮੁਲਾਜ਼ਮ ਆਪਣਾ ਜ਼ੋਨ ਛੱਡ ਕੇ ਦੂਜੇ ਜ਼ੋਨ 'ਚ ਨਹੀਂ ਜਾ ਸਕਦਾ। ਇਸ ਲਈ ਹੋ ਸਕਦਾ ਹੈ ਕਿ ਉਕਤ ਡਰਾਈਵਰ ਨਾਲ ਠੱਗੀ ਕਰਨ ਵਾਲੇ ਕੋਈ ਨੌਸਰਬਾਜ਼ ਹੋਣ। ਫਿਰ ਵੀ ਥਾਣਾ ਸਾਹਨੇਵਾਲ ਇੰਚਾਰਜ ਵੱਲੋਂ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਮੁਲਾਜ਼ਮ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਚੌਕ 'ਚ ਲੱਗੇ ਹਨ ਸੀ. ਸੀ. ਟੀ. ਵੀ. ਕੈਮਰੇ
ਜਿਥੇ ਟਰੱਕ ਡਰਾਈਵਰ ਵੱਲੋਂ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਉਪਰ ਪੈਸੇ ਲੈਣ ਦੇ ਗੰਭੀਰ ਦੋਸ਼ ਲਾਏ ਗਏ ਹਨ, ਉਥੇ ਹੀ ਟ੍ਰੈਫਿਕ ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਜਾਂਚ ਕਰਨ ਦੀ ਗੱਲ ਕਹੀ ਗਈ ਹੈ। ਜਦ ਕਿ ਇਸ ਮਾਮਲੇ 'ਚ ਸਭ ਤੋਂ ਵੱਡਾ ਸਬੂਤ ਉਕਤ ਚੌਕ 'ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਹਨ, ਜਿਨ੍ਹਾਂ ਤੋਂ ਪੂਰੇ ਮਾਮਲੇ ਦੀ ਸੱਚਾਈ ਦਾ ਪਤਾ ਲਾਇਆ ਜਾ ਸਕਦਾ ਹੈ।
ਜੇਕਰ ਉੱਚ ਅਧਿਕਾਰੀ ਇਸ ਘਟਨਾ ਨੂੰ ਇਨਸਾਫ ਦੀ ਤੱਕੜੀ 'ਚ ਤੋਲਦੇ ਹਨ ਤਾਂ ਸਾਰਾ ਸੱਚ ਸਾਹਮਣੇ ਆਵੇਗਾ ਪਰ ਜੇਕਰ ਪੁਲਸ ਅਧਿਕਾਰੀ ਆਪਣੀ ਪੁਲਸ ਦੀ ਜਾਂ ਮੁਲਾਜ਼ਮਾਂ ਦੀ ਸਾਖ ਬਚਾਉਣ ਦੀ ਸੋਚਦੇ ਹਨ ਤਾਂ ਫਿਰ ਇਹ ਮਾਮਲਾ ਜਾਂਚ 'ਚ ਹੀ ਉਲਝ ਕੇ ਰਹਿ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਇਨਸਾਫ ਹੋਵੇਗਾ ਜਾਂ ਫਿਰ ਜਾਂਚ?
2 ਹੈਰੋਇਨ ਸਮੱਗਲਰ ਗ੍ਰਿਫਤਾਰ, ਮੋਟਰਸਾਈਕਲ ਬਰਾਮਦ
NEXT STORY