ਦੋਰਾਹਾ(ਗੁਰਮੀਤ ਕੌਰ)-ਪਿਛਲੇ 2 ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਅੱਜ ਸ਼ਾਮ ਨੂੰ ਹੋਈ ਬੱਦਲਵਾਈ ਕਾਰਨ ਸ਼ਾਮ 4 ਕੁ ਵਜੇ ਦੇ ਕਰੀਬ ਦਿਨੇ ਉਸ ਸਮੇਂ ਅਚਾਨਕ ਹਨੇਰਾ ਛਾ ਗਿਆ, ਜਦੋਂ ਆਸਮਾਨ 'ਤੇ ਕਾਲੀ ਘਟਾ ਛਾ ਗਈ। ਉਸ ਤੋਂ ਬਾਅਦ ਆਈ ਤੇਜ਼ ਹਨੇਰੀ ਨੇ ਲੋਕਾਂ 'ਚ ਇਕਦਮ ਹਫੜਾ-ਦਫੜੀ ਮਚਾ ਦਿੱਤੀ। ਧੂੜ ਭਰੀ ਤੇਜ਼ ਹਨੇਰੀ ਨੂੰ ਚੱਲਦੀ ਦੇਖ ਕੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ 'ਤੂਫਾਨ ਆ ਗਿਆ'। ਮੌਸਮ ਦੇ ਅਚਾਨਕ ਕਰਵਟ ਲੈਣ ਕਾਰਨ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉਥੇ ਦੂਜੇ ਪਾਸੇ ਬਾਰਿਸ਼ ਆਉਣ ਕਾਰਨ ਸੁੱਖ ਦਾ ਸਾਹ ਵੀ ਲਿਆ। ਆਸਮਾਨ 'ਤੇ ਛਾਏ ਬੱਦਲਾਂ ਕਾਰਨ ਦਿਨੇ ਹਨੇਰਾ ਹੋਣ ਕਾਰਨ ਇੰਝ ਜਾਪ ਰਿਹਾ ਸੀ ਕਿ ਜਿਵੇਂ ਰਾਤ ਹੋ ਗਈ ਹੋਵੇ। ਮੌਸਮ ਬਦਲਣ ਕਾਰਨ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਸਗੋਂ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੌਸਮ ਵਿਭਾਗ ਵੱਲੋਂ ਭਾਰੀ ਤੂਫਾਨ ਆਉਣ ਦੇ ਸੰਕੇਤ ਦਿੱਤੇ ਗਏ ਸਨ, ਜੋ ਕਿ ਅੱਜ ਪ੍ਰਤੱਖ ਨਜ਼ਰ ਆਇਆ ਪਰ ਮੀਂਹ ਪੈਣ ਨਾਲ ਹਨੇਰੀ ਕੁਝ ਹੱਦ ਤੱਕ ਦੱਬੀ ਗਈ ਸੀ। ਉਧਰ ਦੂਜੇ ਪਾਸੇ ਹਨੇਰੀ ਚੱਲਦੀ ਦੇਖ ਪਾਵਰਕਾਮ ਵੱਲੋਂ ਬਿਜਲੀ ਦਾ ਕੱਟ ਲਗਾ ਦਿੱਤਾ ਗਿਆ ਅਤੇ ਦੇਖਦੇ ਹੀ ਦੇਖਦੇ ਦੋਰਾਹਾ ਘੁੱਪ ਹਨੇਰੇ 'ਚ ਡੁੱਬ ਗਿਆ।
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀ ਗੈਸ ਸਿਲੰਡਰ ਦੀ ਵਰਤੋਂ ਤੋਂ ਅਣਜਾਣ
NEXT STORY