ਵੈੱਬ ਡੈਸਕ - ਮਾਲ, ਹੋਟਲ, ਹਸਪਤਾਲ ਜਾਂ ਕਿਸੇ ਉੱਚੀ ਇਮਾਰਤ ਦੀ ਲਿਫਟ ਵਿਚ ਜਾਂਦੇ ਸਮੇਂ ਤੁਸੀਂ ਜ਼ਰੂਰ ਧਿਆਨ ਦਿੱਤਾ ਹੋਵੇਗਾ ਕਿ ਅੰਦਰ ਚਾਰੇ ਪਾਸੇ ਵੱਡੇ-ਵੱਡੇ ਸ਼ੀਸ਼ੇ ਲੱਗੇ ਹੁੰਦੇ ਹਨ। ਜ਼ਿਆਦਾਤਰ ਲੋਕ ਇਨ੍ਹਾਂ ਨੂੰ ਸਿਰਫ਼ ਸਜਾਵਟ ਦਾ ਸਾਧਨ ਸਮਝਦੇ ਹਨ ਪਰ ਇਸ ਦੇ ਪਿੱਛੇ ਵਿਗਿਆਨ ਅਤੇ ਮਨੋਵਿਗਿਆਨ ਨਾਲ ਜੁੜਿਆ ਇਕ ਦਿਲਚਸਪ ਰਾਜ ਛੁਪਿਆ ਹੋਇਆ ਹੈ। ਦਰਅਸਲ, ਬਹੁਤ ਸਾਰੇ ਲੋਕਾਂ ਨੂੰ ਬੰਦ ਥਾਵਾਂ 'ਚ ਘਬਰਾਹਟ ਮਹਿਸੂਸ ਹੁੰਦੀ ਹੈ। ਇਸ ਸਥਿਤੀ ਨੂੰ 'ਕਲਾਸਟਰੋਫੋਬੀਆ' ਕਿਹਾ ਜਾਂਦਾ ਹੈ।
ਲਿਫਟ ਦਾ ਛੋਟਾ ਜਿਹਾ ਬੰਦ ਕਮਰਾ ਕਈ ਵਾਰ ਲੋਕਾਂ ਨੂੰ ਬੇਚੈਨ ਕਰ ਦਿੰਦਾ ਹੈ। ਅਜਿਹੇ 'ਚ ਸ਼ੀਸ਼ੇ ਲਿਫਟ ਨੂੰ ਵੱਡਾ ਅਤੇ ਖੁੱਲ੍ਹਾ ਦਿਖਾਉਂਦੇ ਹਨ, ਜਿਸ ਨਾਲ ਬੇਚੈਨੀ ਕੁਝ ਹੱਦ ਤੱਕ ਘੱਟ ਹੋ ਜਾਂਦੀ ਹੈ। ਇਸ ਦੇ ਪਿੱਛੇ ਇਕ ਹੋਰ ਦਿਲਚਸਪ ਕਾਰਨ ਵੀ ਹੈ। ਕੁਝ ਸਾਲ ਪਹਿਲਾਂ ਕਈ ਦੇਸ਼ਾਂ 'ਚ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਲਿਫਟ ਬਹੁਤ ਹੌਲੀ ਚੱਲਦੀ ਹੈ। ਇੰਜੀਨੀਅਰਾਂ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਸਲ ਸਮੱਸਿਆ ਲਿਫਟ ਦੀ ਰਫ਼ਤਾਰ ਨਹੀਂ, ਸਗੋਂ ਲੋਕਾਂ ਦਾ ਬੋਰ ਹੋਣਾ ਸੀ। ਇਸ ਤੋਂ ਬਾਅਦ ਲਿਫਟਾਂ 'ਚ ਸ਼ੀਸ਼ੇ ਲਗਾਏ ਜਾਣ ਲੱਗੇ।
ਹੋਇਆ ਇਹ ਕਿ ਲੋਕ ਇੰਤਜ਼ਾਰ ਕਰਨ ਦੀ ਬਜਾਏ ਸ਼ੀਸ਼ੇ 'ਚ ਖੁਦ ਨੂੰ ਦੇਖਣ, ਵਾਲ ਸੰਵਾਰਨ, ਕੱਪੜੇ ਠੀਕ ਕਰਨ ਜਾਂ ਮੋਬਾਈਲ ਦੇਖਣ 'ਚ ਰੁੱਝ ਗਏ। ਨਤੀਜਾ ਇਹ ਨਿਕਲਿਆ ਕਿ ਉਹੀ ਲਿਫਟ, ਜੋ ਪਹਿਲਾਂ ਹੌਲੀ ਲੱਗਦੀ ਸੀ, ਹੁਣ ਲੋਕਾਂ ਨੂੰ ਪਹਿਲਾਂ ਨਾਲੋਂ ਤੇਜ਼ ਮਹਿਸੂਸ ਹੋਣ ਲੱਗੀ। ਸ਼ੀਸ਼ੇ ਸੁਰੱਖਿਆ ਦੇ ਲਿਹਾਜ਼ ਨਾਲ ਵੀ ਕਾਫ਼ੀ ਲਾਭਦਾਇਕ ਹੁੰਦੇ ਹਨ। ਇਨ੍ਹਾਂ ਦੀ ਮਦਦ ਨਾਲ ਲੋਕ ਆਪਣੇ ਆਲੇ-ਦੁਆਲੇ ਦੀਆਂ ਗਤੀਵਿਧੀਆਂ 'ਤੇ ਆਸਾਨੀ ਨਾਲ ਨਜ਼ਰ ਰੱਖ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਹੁੰਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਦੁਨੀਆ ਦੀਆਂ ਕਈ ਆਧੁਨਿਕ ਇਮਾਰਤਾਂ 'ਚ ਲਿਫਟਾਂ ਦੇ ਸ਼ੀਸ਼ੇ ਸਿਰਫ਼ ਸੁੰਦਰਤਾ ਵਧਾਉਣ ਲਈ ਹੀ ਨਹੀਂ, ਸਗੋਂ ਲੋਕਾਂ ਦੇ ਤਜਰਬੇ ਨੂੰ ਬਿਹਤਰ ਅਤੇ ਆਰਾਮਦਾਇਕ ਬਣਾਉਣ ਲਈ ਵੀ ਲਗਾਏ ਜਾਂਦੇ ਹਨ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਲਿਫਟ 'ਚ ਜਾਓ ਅਤੇ ਅਣਜਾਣੇ 'ਚ ਸ਼ੀਸ਼ੇ 'ਚ ਆਪਣੇ ਆਪ ਨੂੰ ਨਿਹਾਰਨ ਲੱਗੇ ਤਾਂ ਮੁਸਕਰਾ ਜ਼ਰੂਰ ਦੇਣਾ। ਹੋ ਸਕਦਾ ਹੈ ਕਿ ਇਹੀ ਉਹ ਛੋਟੀ ਜਿਹੀ ਤਰਕੀਬ ਹੋਵੇ, ਜਿਸ ਨੇ ਕੁਝ ਮਿੰਟਾਂ ਦੇ ਸਫ਼ਰ ਨੂੰ ਤੁਹਾਡੇ ਲਈ ਆਸਾਨ ਅਤੇ ਦਿਲਚਸਪ ਬਣਾ ਦਿੱਤਾ ਹੋਵੇ।
‘ਸਟਾਰਸ਼ਿਪ’ ਨੂੰ ਫੜਨ ਦੀ ਇਤਿਹਾਸਕ ਕੋਸ਼ਿਸ਼ ਨਾਕਾਮ ! ਧਰਤੀ ਦੇ ਆਰਬਿਟ ’ਚ ਪਹੁੰਚੀ ਪੁਲਾੜੀ ਗੱਡੀ
NEXT STORY