ਮਾਛੀਵਾੜਾ ਸਾਹਿਬ (ਟੱਕਰ)-ਮਾਛੀਵਾੜਾ ਦੇ ਨਿਵਾਸੀ ਅਤੇ ਹੁਣ ਕੈਨੇਡਾ ਬੈਠੇ ਹਰਮਿੰਦਰ ਸਿੰਘ ’ਤੇ ਹੁਣ ਮਾਛੀਵਾੜਾ ਪੁਲਸ ਥਾਣਾ ਵਿਚ ਧੋਖਾਧੜੀ ਦਾ ਚੌਥਾ ਮਾਮਲਾ ਦਰਜ ਹੋ ਗਿਆ ਹੈ, ਜਦਕਿ ਪਿਛਲੇ ਕੁਝ ਮਹੀਨਿਆਂ ’ਚ ਹੀ ਉਸ ਉੱਪਰ ਪਹਿਲਾਂ 3 ਮਾਮਲੇ ਦਰਜ ਹਨ। ਰਘਵੀਰ ਸਿੰਘ ਅਤੇ ਸਿੰਦਰਜੀਤ ਸਿੰਘ ਵਾਸੀ ਪਿੰਡ ਚਹਿਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਪੁਲਸ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਕਿ ਉਹ ਇਕ ਜ਼ਮੀਨ ਖਰੀਦਣਾ ਚਾਹੁੰਦੇ ਸਨ, ਜਿਸ ਸਬੰਧੀ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਉਰਫ਼ ਤਾਰੀ ਬਾਬਾ ਪਿੰਡ ਕੁੰਬੜਾ ਅਤੇ ਗੁਰਮੁਖ ਸਿੰਘ ਨੇ ਸਾਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਉਹ ਵਧੀਆ ਜ਼ਮੀਨ ਠੀਕ ਭਾਅ ’ਤੇ ਲੈ ਦੇਣਗੇ। ਕੁਝ ਦਿਨ ਬਾਅਦ ਉਕਤ ਦੋਵੇਂ ਪ੍ਰਾਪਰਟੀ ਡੀਲਰ ਸਾਨੂੰ ਹਰਮਿੰਦਰ ਸਿੰਘ ਵਾਸੀ ਮਾਛੀਵਾੜਾ ਦੀ ਆੜ੍ਹਤ ਵਾਲੀ ਦੁਕਾਨ ’ਤੇ ਲੈ ਗਏ, ਜਿਨ੍ਹਾਂ ਨੇ ਸਾਨੂੰ ਪਿੰਡ ਪ੍ਰਤਾਪਗੜ੍ਹ ਵਿਖੇ ਇਕ ਜ਼ਮੀਨ ਦਿਖਾਈ।
ਹਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਤਾਪਗੜ੍ਹ ਵਿਖੇ ਸਥਿਤ 42 ਕਨਾਲ 14 ਮਰਲੇ ਜ਼ਮੀਨ ਦਾ ਮਾਲਕ ਹੈ ਅਤੇ ਸਾਡਾ 30 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸੌਦਾ ਤੈਅ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਵੱਲੋਂ 6-6 ਲੱਖ ਰੁਪਏ ਦੇ ਦੋ ਚੈੱਕ ਕੁੱਲ ਰਕਮ 12 ਲੱਖ ਰੁਪਏ ਹਰਮਿੰਦਰ ਸਿੰਘ ਨੂੰ ਦੇ ਦਿੱਤੀ ਅਤੇ ਇਸ ਜ਼ਮੀਨ ਦਾ ਇਕਰਾਰਨਾਮਾ ਲਿਖ ਕੇ ਸੌਦਾ ਕਰ ਲਿਆ। ਸ਼ਿਕਾਇਤਕਰਤਾ ਅਨੁਸਾਰ ਪ੍ਰਾਪਰਟੀ ਡੀਲਰਾਂ ਅਤੇ ਜ਼ਮੀਨ ਮਾਲਕ ਦੀ ਸ਼ੁਰੂ ਤੋਂ ਹੀ ਸਾਡੇ ਨਾਲ ਧੋਖਾਧੜੀ ਤੇ ਠੱਗੀ ਮਾਰਨ ਦੀ ਨੀਅਤ ਸੀ ਅਤੇ ਸਾਨੂੰ ਜ਼ਮੀਨ ਮਾਲਕੀ ਦੇ ਕੋਈ ਵੀ ਦਸਤਾਵੇਜ਼ ਨਹੀਂ ਦਿੱਤੇ। ਸ਼ਿਕਾਇਤਕਰਤਾ ਅਨੁਸਾਰ ਫਿਰ ਹਰਮਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਮੀਨ ਵੇਚਣਾ ਨਹੀਂ ਚਾਹੁੰਦੇ, ਜਿਸ ਲਈ ਉਹ 12 ਲੱਖ ਰੁਪਏ ਆਏ ਬਿਆਨੇ ਦੇ ਨਾਲ 5 ਲੱਖ ਰੁਪਏ ਹੋਰ ਵਾਧੂ ਲਾਭ ਵਜੋਂ ਵੀ ਦੇ ਦੇਣਗੇ, ਜਿਸ ’ਤੇ ਉਸ ਨੇ ਸਾਨੂੰ 6-6 ਲੱਖ ਰੁਪਏ ਦੇ 2 ਚੈੱਕ ਦੇ ਦਿੱਤੇ।
ਜਦੋਂ ਉਨ੍ਹਾਂ ਨੇ ਚੈੱਕ ਬੈਂਕ ਵਿਚ ਲਗਾਏ ਤਾਂ ਇਹ ਡਿਸਆਨਰ ਕਰ ਦਿੱਤੇ ਗਏ ਕਿ ਇਸ ਨਾਂ ’ਤੇ ਨੰਬਰ ਦਾ ਕੋਈ ਖਾਤਾ ਹੀ ਮੌਜੂਦ ਨਹੀਂ ਹੈ। ਸ਼ਿਕਾਇਤਕਰਤਾ ਅਨੁਸਾਰ ਜਦੋਂ ਇਸ ਜ਼ਮੀਨ ਸਬੰਧੀ ਆਪਣੇ ਆਧਾਰ ’ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਜੋ ਜ਼ਮੀਨ ਸਾਨੂੰ ਵੇਚੀ ਗਈ ਉਸਦਾ ਮਾਲਕ ਹਰਮਿੰਦਰ ਸਿੰਘ ਨਹੀਂ ਬਲਕਿ ਕੋਈ ਹੋਰ ਹੈ। ਸ਼ਿਕਾਇਤਕਰਤਾ ਅਨੁਸਾਰ ਸਾਡੇ ਨਾਲ ਧੋਖਾਧੜੀ ਤੇ ਅਮਾਨਤ ਵਿਚ ਖਿਆਨਤ ਕਰਕੇ ਠੱਗੀ ਮਾਰੀ ਗਈ ਹੈ ਅਤੇ ਜਦੋਂ ਪੈਸੇ ਵਾਪਸ ਮੰਗੇ ਤਾਂ ਸਾਡੀ ਰਕਮ ਵਾਪਸ ਨਹੀਂ ਕੀਤੀ ਗਈ। ਪੁਲਸ ਅਧਿਕਾਰੀਆਂ ਵੱਲੋਂ ਜਦੋਂ ਸ਼ਿਕਾਇਤ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਹਰਮਿੰਦਰ ਸਿੰਘ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ। ਹਰਮਿੰਦਰ ਸਿੰਘ ਇਸ ਸਮੇਂ ਕੈਨੇਡਾ ਵਿਚ ਹੈ, ਜਿਸ ਕਰ ਕੇ ਉਸਦੀ ਗ੍ਰਿਫ਼ਤਾਰੀ ਸੰਭਵ ਨਹੀਂ।
ਤੀਹਰੇ ਕਤਲਕਾਂਡ ਦੀ ਸੁਲਝੀ ਗੁੱਥੀ, ਤਲਵੰਡੀ ਕਲਾਂ ’ਚ ਗੋਲ਼ੀਆਂ ਚਲਾਉਣ ਵਾਲਾ ਨਿਕਲਿਆ ਕਾਤਲ
NEXT STORY