ਪਾਇਲ (ਵਿਨਾਇਕ): ਕਿਸਾਨੀ ਲਈ ਨਵੀਨਤਮ ਉਤਪਾਦ ਤਿਆਰ ਕਰਨ ਵਾਲੀ ਪਾਇਲ ਦੀ ਪ੍ਰਸਿੱਧ ਕੰਪਨੀ ਬੋਪਾਰਾਏ ਇਲੈਕਟ੍ਰੀਕਲਸ ਐਂਡ ਇਲੈਕਟ੍ਰਾਨਿਕਸ ਦੇ ਮਾਲਕ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ-ਪ੍ਰਧਾਨ ਤੇ ਉੱਘੇ ਸਮਾਜ ਸੇਵੀ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਗ੍ਰੇਟਰ ਨੋਇਡਾ ਵਿਖੇ ਕਰਵਾਏ ਗਏ ਚੌਥੇ ਉੱਤਰ ਪ੍ਰਦੇਸ਼ ਇੰਟਰਨੈਸ਼ਨਲ ਟਰੇਡ ਸ਼ੋਅ ਵਿਚ ਉੱਚੇਚੇ ਤੌਰ ‘ਤੇ ਭਾਗ ਲਿਆ। ਇਸ ਮੌਕੇ ਉਨ੍ਹਾਂ ਨੇ ਖੇਤੀਬਾੜੀ ਖੇਤਰ ਵਿਚ ਵਰਤੀ ਜਾ ਰਹੀ ਆਧੁਨਿਕ ਤਕਨੀਕ, ਖੇਤੀਬਾੜੀ ਡਰੋਨ, ਮਸ਼ੀਨਰੀ, ਟਰੈਕਟਰਾਂ ਅਤੇ ਹੋਰ ਨਵੀਨਤਮ ਉਤਪਾਦਾਂ ਦਾ ਜਾਇਜ਼ਾ ਲਿਆ।
ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੀ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਨਵੀਨਤਮ ਤਕਨੀਕਾਂ ਅਤੇ ਆਧੁਨਿਕ ਖੇਤੀਬਾੜੀ ਸਾਧਨਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਖੇਤੀਬਾੜੀ ਡਰੋਨ, ਆਧੁਨਿਕ ਮਸ਼ੀਨਰੀ, ਪਾਣੀ ਦੀ ਸੁਚੱਜੀ ਵਰਤੋਂ ਵਾਲੀਆਂ ਤਕਨੀਕਾਂ, ਨਵੀਆਂ ਕਿਸਮਾਂ ਦੇ ਬੀਜ ਅਤੇ ਵਿਗਿਆਨਕ ਖੇਤੀਬਾੜੀ ਤਰੀਕਿਆਂ ਨਾਲ ਕਿਸਾਨਾਂ ਦੀ ਉਤਪਾਦਕਤਾ ਵਧਾਉਣ ਦੇ ਨਾਲ ਖੇਤੀ ਦੀ ਲਾਗਤ ਨੂੰ ਵੀ ਕਾਬੂ ਕਰਨ ਵਿਚ ਮਦਦ ਮਿਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਯੂ.ਪੀ. ਇੰਟਰਨੈਸ਼ਨਲ ਟਰੇਡ ਸ਼ੋਅ ਵਿੱਚ ਖੇਤੀਬਾੜੀ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ। ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਵੱਲੋਂ ਲਗਭਗ 1,000 ਵਰਗ ਮੀਟਰ ਖੇਤਰ ਵਿੱਚ 61 ਸਟਾਲ ਲਗਾਏ ਗਏ, ਜਿਨ੍ਹਾਂ ਵਿੱਚ 20 ਕਿਸਾਨ ਉਤਪਾਦਕ ਸੰਗਠਨਾਂ, 40 ਖੇਤੀਬਾੜੀ ਇਨਪੁਟ ਕੰਪਨੀਆਂ ਅਤੇ ਇੱਕ ਸਰਕਾਰੀ ਸਟਾਲ ਵੀ ਸ਼ਾਮਲ ਸੀ। ਇਨ੍ਹਾਂ ਵਿੱਚ ਬੀਜ, ਖਾਦਾਂ, ਕੀਟਨਾਸ਼ਕ, ਖੇਤੀਬਾੜੀ ਮਸ਼ੀਨਰੀ ਅਤੇ ਹੋਰ ਆਧੁਨਿਕ ਖੇਤੀਬਾੜੀ ਉਤਪਾਦ ਪ੍ਰਦਰਸ਼ਿਤ ਕੀਤੇ ਗਏ।
ਇੰਜੀ. ਬੋਪਾਰਾਏ ਨੇ ਟਰੇਡ ਸ਼ੋਅ ਦੌਰਾਨ ਆਧੁਨਿਕ ਖੇਤੀਬਾੜੀ ਡਰੋਨ, ਮਸ਼ੀਨਰੀ ਅਤੇ ਹੋਰ ਨਵੀਨਤਮ ਖੇਤੀ ਸਾਧਨਾਂ ਦੀ ਪ੍ਰਦਰਸ਼ਨੀ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਅਜਿਹੀ ਤਕਨੀਕ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਉਤਪਾਦਕ ਸੰਗਠਨਾਂ ਨੂੰ ਮਜ਼ਬੂਤ ਕਰਨਾ ਵੀ ਕਿਸਾਨੀ ਦੀ ਤਰੱਕੀ ਲਈ ਅਹਿਮ ਕਦਮ ਹੈ। ਜੇਕਰ ਕਿਸਾਨ ਸਾਂਝੇ ਤੌਰ ’ਤੇ ਉਤਪਾਦਨ, ਪ੍ਰੋਸੈਸਿੰਗ, ਪੈਕਿੰਗ ਅਤੇ ਮਾਰਕੀਟਿੰਗ ਵੱਲ ਵਧਣ ਤਾਂ ਉਨ੍ਹਾਂ ਨੂੰ ਆਪਣੀ ਉਪਜ ਦਾ ਵਧੀਆ ਮੁੱਲ ਮਿਲ ਸਕਦਾ ਹੈ ਅਤੇ ਖੇਤੀਬਾੜੀ ਨਾਲ ਸਬੰਧਤ ਨਵੇਂ ਕਾਰੋਬਾਰੀ ਮੌਕੇ ਵੀ ਪੈਦਾ ਹੋ ਸਕਦੇ ਹਨ।
ਇੰਜੀ. ਬੋਪਾਰਾਏ ਨੇ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਵਪਾਰ ਮੇਲੇ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਉਦਯੋਗਾਂ ਨੂੰ ਦੇਸ਼-ਵਿਦੇਸ਼ ਦੇ ਖਰੀਦਦਾਰਾਂ ਨਾਲ ਸਿੱਧਾ ਸੰਪਰਕ ਬਣਾਉਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਟਰੇਡ ਸ਼ੋਅ ਵਿੱਚ ਖੇਤੀਬਾੜੀ ਅਤੇ ਐਗਰੀ-ਫੂਡ ਪ੍ਰੋਸੈਸਿੰਗ ਸਮੇਤ ਵੱਖ-ਵੱਖ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਪ੍ਰਦਰਸ਼ਨੀ ਵਿੱਚ ਖੇਤੀਬਾੜੀ, ਫੂਡ ਤੇ ਡੇਅਰੀ ਤੋਂ ਇਲਾਵਾ ਆਈ.ਟੀ. ਅਤੇ ਇਲੈਕਟ੍ਰਾਨਿਕਸ, ਇੰਜੀਨੀਅਰਿੰਗ, ਨਵੀਂ ਊਰਜਾ, ਟੈਕਸਟਾਈਲ ਅਤੇ ਹੋਰ ਖੇਤਰਾਂ ਨਾਲ ਸਬੰਧਤ ਉਤਪਾਦ ਵੀ ਪ੍ਰਦਰਸ਼ਿਤ ਕੀਤੇ ਗਏ।
ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਿਸਾਨਾਂ ਦੀ ਉਨਤੀ ਲਈ ਨਵੀਨਤਮ ਨੀਤੀਆਂ ਅਪਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਆਧੁਨਿਕ ਤਕਨੀਕ ਨਾਲ ਜੋੜਨ, ਕਿਸਾਨਾਂ ਦੀ ਉਤਪਾਦਕਤਾ ਵਧਾਉਣ, ਖੇਤੀਬਾੜੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਧਾਊ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਯੋਜਨਾਬੱਧ ਢੰਗ ਨਾਲ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਸਿਰਫ਼ ਫਸਲਾਂ ਦੇ ਉਤਪਾਦਨ ਤੱਕ ਸੀਮਿਤ ਰੱਖਣ ਦੀ ਬਜਾਏ ਖੇਤੀਬਾੜੀ ਮਸ਼ੀਨਰੀ, ਐਗਰੀ-ਟੈਕ, ਫੂਡ ਪ੍ਰੋਸੈਸਿੰਗ, ਕੋਲਡ ਚੇਨ, ਪੈਕਿੰਗ, ਬ੍ਰਾਂਡਿੰਗ ਅਤੇ ਖੇਤੀ ਆਧਾਰਿਤ ਉਦਯੋਗਾਂ ਨਾਲ ਜੋੜਨਾ ਚਾਹੀਦਾ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਉਪਜ ਦਾ ਵਧੇਰੇ ਮੁੱਲ ਪ੍ਰਾਪਤ ਕਰਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਵੀਂ ਤਕਨੀਕ ਪ੍ਰਤੀ ਜਾਗਰੂਕ ਕਰਨ ਦੇ ਨਾਲ ਇਸ ਨੂੰ ਖੇਤ ਪੱਧਰ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ। ਸਰਕਾਰ, ਖੇਤੀਬਾੜੀ ਮਾਹਿਰਾਂ, ਖੋਜ ਸੰਸਥਾਵਾਂ, ਉਦਯੋਗਾਂ ਅਤੇ ਕਿਸਾਨਾਂ ਵਿਚਕਾਰ ਬਿਹਤਰ ਤਾਲਮੇਲ ਨਾਲ ਪੰਜਾਬ ਦੀ ਕਿਸਾਨੀ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ। ਇੰਜੀ. ਬੋਪਾਰਾਏ ਨੇ ਕਿਹਾ ਕਿ ਪੰਜਾਬ ਕੋਲ ਉੱਚ ਗੁਣਵੱਤਾ ਵਾਲੇ ਖੇਤੀਬਾੜੀ ਉਤਪਾਦ ਤਿਆਰ ਕਰਨ ਦੀ ਵੱਡੀ ਸਮਰੱਥਾ ਹੈ। ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਉਤਪਾਦਾਂ ਨੂੰ ਆਧੁਨਿਕ ਪ੍ਰੋਸੈਸਿੰਗ, ਪੈਕਿੰਗ ਅਤੇ ਮਾਰਕੀਟਿੰਗ ਨਾਲ ਜੋੜ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾਇਆ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਉਦਯੋਗਾਂ ਨੂੰ ਅਜਿਹੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਨਾਲ ਜੋੜਨ ਲਈ ਵਧੇਰੇ ਮੌਕੇ ਪੈਦਾ ਕਰਨੇ ਚਾਹੀਦੇ ਹਨ, ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਆਧੁਨਿਕ ਤਕਨੀਕ, ਨਵੀਆਂ ਮਾਰਕੀਟਾਂ ਅਤੇ ਵਧੇਰੇ ਮੁੱਲ ਵਾਲੇ ਖੇਤੀਬਾੜੀ ਉਤਪਾਦਾਂ ਨਾਲ ਜੋੜ ਕੇ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਵੱਲ ਠੋਸ ਕਦਮ ਚੁੱਕੇ ਜਾ ਸਕਣ।
ਆਰਮੀ ਕੈਂਪ ਵਿਚ ਫ਼ੌਜੀ ਦੀ ਪਤਨੀ ਨਾਲ ਦਰਿੰਦਗੀ! ਹੈਰਾਨ ਕਰੇਗਾ ਪੂਰਾ ਮਾਮਲਾ
NEXT STORY