ਲੁਧਿਆਣਾ (ਤਰੁਣ)- ਲੁੱਟ ਖੋਹ ਦੇ ਦੋਸ਼ ਵਿਚ ਜੇਲ ਵਿਚ ਬੰਦ ਭਰਾ ਨੂੰ ਬਾਹਰ ਕਢਵਾਉਣ ਲਈ ਸਕੇ ਭਰਾ ਨੇ ਆਪਣੇ ਸਾਥੀ ਨਾਲ ਮਿਲ ਕੇ ਅਦਾਲਤ ਵਿਚ ਜਾਅਲੀ ਜ਼ਮਾਨਤ ਜਮ੍ਹਾ ਕਰਵਾਈ। ਅਦਾਲਤ ਨੇ ਜਦੋਂ ਕਾਗਜ਼ਾਤਾਂ ਦੀ ਜਾਂਚ-ਪੜਤਾਲ ਕੀਤੀ ਤਾਂ ਜ਼ਮਾਨਤ ਲਈ ਜਮ੍ਹਾ ਕਰਵਾਏ ਦਸਤਾਵੇਜ਼ ਜਾਅਲੀ ਪਾਏ ਗਏ। ਜਿਸ ਤੋਂ ਬਾਅਦ ਐਡੀਸ਼ਨਲ ਸੈਸ਼ਨ ਜੱਜ ਸੁਮਿਤ ਭੱਲਾ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ।
ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ 2021 ਵਿਚ ਮੁਲਜ਼ਮ ਧਰਮਿੰਦਰ ਖ਼ਿਲਾਫ਼ ਥਾਣਾ ਮਾਡਲ ਟਾਊਨ ਵਿੱਚ ਖੋਹ-ਖੋਹ ਦੇ ਦੋਸ਼ ਹੇਠ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਹ ਜੇਲ ਵਿਚ ਬੰਦ ਹੈ। ਬੀਤੇ ਦਿਨੀਂ ਮੁਲਜ਼ਮ ਧਰਮਿੰਦਰ ਦੇ ਭਰਾ ਮਨੀ ਰਾਜ ਅਤੇ ਉਸ ਦੇ ਇਕ ਸਾਥੀ ਅਭਿਸ਼ੇਕ ਨੇ ਧਰਮਿੰਦਰ ਨੂੰ ਜੇਲ ਤੋਂ ਬਾਹਰ ਕਢਵਾਉਣ ਲਈ ਜਾਅਲੀ ਜ਼ਮਾਨਤ ਦੇ ਦਸਤਾਵੇਜ਼ ਅਦਾਲਤ ਵਿਚ ਜਮ੍ਹਾ ਕਰਵਾਏ, ਜੋ ਕਿ ਗਲਤ ਪਾਏ ਗਏ।
ਅਦਾਲਤ ਦੇ ਜੱਜ ਦੇ ਹੁਕਮਾਂ ’ਤੇ ਦੋਵਾਂ ਭਰਾਵਾਂ ਮਨੀ ਰਾਜ ਤੇ ਧਰਮਿੰਦਰ ਦੋਵੇਂ ਵਾਸੀ ਦੁੱਗਰੀ ਫੇਜ਼ 2, ਅਰਬਨ ਅਸਟੇਟ ਬਸੰਤ ਐਵੇਨਿਊ ਤੇ ਅਭਿਸ਼ੇਕ ਵਾਸੀ ਦੁਰਗਾਪੁਰੀ, ਹੈਬੋਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਭਿਸ਼ੇਕ ਅਤੇ ਮਨੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ।
ਹੈਰੋਇਨ ਦਾ ਸੇਵਨ ਕਰਦੇ 4 ਨਸ਼ੇੜੀ ਕਾਬੂ
NEXT STORY