ਤਰਨਤਾਰਨ (ਰਮਨ)- ਨੈਸ਼ਨਲ ਹਾਈਵੇ ਉੱਪਰ ਸਵਾਰੀਆਂ ਦੀ ਭਰੀ ਬੱਸ ਨਾਲ ਹਾਦਸੇ ਦਾ ਕਾਰਨ ਬਣਨ ਵਾਲੇ ਕਾਰ ਸਵਾਰਾਂ ਵਲੋਂ ਸ਼ਰੇਆਮ ਗੁੰਡਾਗਰਦੀ ਕਰਦੇ ਪੀ.ਆਰ.ਟੀ.ਸੀ ਬੱਸ ਦੀ ਭੰਨ ਤੋੜ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਥਾਣਾ ਸਰਹਾਲੀ ਦੀ ਨੱਕ ਹੇਠ ਦਿਨ-ਦਿਹਾੜੇ ਕਰੀਬ ਚਾਰ ਦਿਨ ਪਹਿਲਾਂ ਵਾਪਰੀ ਸੀ ਪਰ ਪੁਲਸ ਵਲੋਂ ਅੱਜ ਤੱਕ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ, ਜਿਸ ਦੇ ਰੋਸ ਵਜੋਂ ਪੀ. ਆਰ. ਟੀ. ਸੀ. ਯੂਨੀਅਨ ਫਰੀਦਕੋਟ ਵਲੋਂ ਚੱਕਾ ਜਾਮ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਵਾਰਦਾਤ ਤੋਂ ਬਾਅਦ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਟਰਾਂਸਪੋਰਟ ਮੰਤਰੀ ਦੇ ਪੀ. ਏ. ਵਲੋਂ ਰਾਜ਼ੀਨਾਮਾ ਕਰਨ ਸਬੰਧੀ ਯੂਨੀਅਨ ਨੇ ਦੋਸ਼ ਲਗਾਏ ਹਨ। ਜਗਬਾਣੀ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਫਰੀਦਕੋਟ ਡਿਪੂ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਸਟੇਟ ਮੈਂਬਰ ਸਿਮਰਜੀਤ ਸਿੰਘ, ਜਨਰਲ ਸਕੱਤਰ ਸੁੱਖਮਿੰਦਰ ਸਿੰਘ, ਦਿਲਜੀਤ ਸਿੰਘ, ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਬੀਤੀ 1 ਅਕਤੂਬਰ ਨੂੰ ਪੀ.ਆਰ.ਟੀ.ਸੀ ਦੀ ਬੱਸ ਨੰਬਰ ਪੀ.ਬੀ 04-ਵੀ-5578 ਜੋ ਅੰਮ੍ਰਿਤਸਰ ਤੋਂ ਸਵੇਰੇ 11.25 ਵਜੇ ਸਵਾਰੀਆਂ ਨਾਲ ਭਰ ਕੇ ਫਰੀਦਕੋਟ ਲਈ ਰਵਾਨਾ ਹੋਈ।
ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਅਦਾਲਤ ਨੇ ਅਗਾਊਂ ਜ਼ਮਾਨਤ ਕੀਤੀ ਰੱਦ
ਇਹ ਬੱਸ ਜਦੋਂ ਨੈਸ਼ਨਲ ਹਾਈਵੇ ਉੱਪਰ ਮੌਜੂਦ ਕਸਬਾ ਸਰਹਾਲੀ ਕਲਾਂ ਨਜ਼ਦੀਕ ਪੁੱਜਣ ਵਾਲੀ ਸੀ ਤਾਂ ਇਕ ਕਾਰ ਜਿਸ ਵਿਚ ਕਰੀਬ 5 ਵਿਅਕਤੀ ਸਵਾਰ ਸਨ ਵਲੋਂ ਅਚਾਨਕ ਗਲਤ ਢੰਗ ਨਾਲ ਸੜਕ ਉੱਪਰ ਬਿਨਾਂ ਪਿੱਛੇ ਵੇਖੇ ਚੜਾ ਦਿੱਤੀ ਗਈ। ਜਿਸ ਦੌਰਾਨ ਬੱਸ ਚਾਲਕ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਖਾਰਾ ਜ਼ਿਲ੍ਹਾ ਫ਼ਰੀਦਕੋਟ ਵਲੋਂ ਸੂਝਬੂਝ ਨਾਲ ਵੱਡਾ ਹਾਦਸਾ ਹੋਣੋਂ ਬਚਾਉਂਦੇ ਹੋਏ ਕਾਰ ਚਾਲਕ ਨੂੰ ਗਲਤ ਦੱਸਿਆ ਜਿਸ ਦੌਰਾਨ ਸਵਾਰੀਆਂ ਨੇ ਵੀ ਕਾਰ ਚਾਲਕ ਨੂੰ ਗਲਤ ਦੱਸਿਆ ਸੀ। ਇਸ ਤੋਂ ਬਾਅਦ ਜਦੋਂ ਬਸ ਸਰਹਾਲੀ ਅੱਡੇ ਉੱਪਰ 12.30 ਵਜੇ ਸਵਾਰੀਆਂ ਨੂੰ ਉਤਾਰ ਕੇ ਅੱਗੇ ਵਧਣ ਲੱਗੀ ਤਾਂ ਸਬੰਧਿਤ ਕਾਰ ਸਵਾਰਾਂ ਵਲੋਂ ਬੱਸ ਨੂੰ ਸੜਕ ਵਿਚਕਾਰ ਜ਼ਬਰਦਸਤੀ ਕਾਰ ਨਾਲ ਰੋਕਦੇ ਹੋਏ ਤੇਜ਼ਧਾਰ ਹਥਿਆਰਾਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ
ਇਸ ਦੌਰਾਨ ਬੱਸ ਚਾਲਕ ਆਪਣੀ ਜਾਨ ਬਚਾਉਂਦੇ ਹੋਏ ਸਵਾਰੀਆਂ ਵਿਚ ਖੜ੍ਹਾ ਹੋ ਗਿਆ ਜਦਕਿ ਬੱਸ ਦੇ ਵੱਡੀ ਗਿਣਤੀ ਵਿਚ ਸ਼ੀਸ਼ਿਆਂ ਦੀ ਬੁਰੀ ਤਰ੍ਹਾਂ ਭੰਨ ਤੋੜ ਕਰ ਦਿੱਤੀ ਗਈ। ਇਸ ਦੌਰਾਨ ਕਾਰ ਸਵਾਰਾਂ ਵਲੋਂ ਡਰਾਈਵਰ ਸੁਰਿੰਦਰ ਸਿੰਘ ਅਤੇ ਕੰਡਕਟਰ ਜਸਵੰਤ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਹ ਸਾਰੀ ਵਾਰਦਾਤ ਸਵਾਰੀਆਂ ਦੇ ਸਾਹਮਣੇ ਹੋਈ ਅਤੇ ਸਵਾਰੀਆਂ ਨੇ ਕਾਰ ਸਵਾਰਾਂ ਨੂੰ ਗਲਤ ਠਹਿਰਾਇਆ। ਉਨ੍ਹਾਂ ਦੱਸਿਆ ਕਿ ਇਹ ਗੁੰਡਾਗਰਦੀ ਦਾ ਨੰਗਾ ਨਾਚ ਨੈਸ਼ਨਲ ਹਾਈਵੇ ਉੱਪਰ ਥਾਣੇ ਦੇ ਕੁਝ ਕਦਮਾਂ ਦੀ ਦੂਰੀ ਉੱਪਰ ਹੋਇਆ। ਯੂਨੀਅਨ ਆਗੂਆਂ ਨੇ ਦੱਸਿਆ ਕਿ ਬੱਸ ਦਾ ਕਾਫ਼ੀ ਨੁਕਸਾਨ ਕਰਨ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਸਰਹਾਲੀ ਦੀ ਪੁਲਸ ਨੂੰ ਦੇ ਦਿੱਤੀ ਗਈ ਸੀ ਅਤੇ ਇਸ ਦਾ ਮੌਕਾ ਥਾਣਾ ਮੁਖੀ ਵਲੋਂ ਵੇਖ ਲਿਆ ਗਿਆ ਸੀ ਪਰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਰੋਸ ਵਜੋਂ ਯੂਨੀਅਨ ਦੇ ਆਗੂਆਂ ਵਲੋਂ ਭਵਿੱਖ ਵਿਚ ਜਲਦ ਚੱਕਾ ਜਾਮ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਇਹ ਕਦਮ ਚੁੱਕਣ ਦੀ ਤਿਆਰੀ ਵਿਚ ਪੰਜਾਬ ਸਰਕਾਰ
ਉਨ੍ਹਾਂ ਦੱਸਿਆ ਕਿ ਬੀਤੇ ਕਰੀਬ ਇਕ ਸਾਲ ਪਹਿਲਾਂ ਇਸੇ ਜਗ੍ਹਾ ਉੱਪਰ ਫਰੀਦਕੋਟ ਡਿਪੂ ਬੱਸ ਦੇ ਕੰਡਕਟਰ ਨਾਲ ਪੰਜਾਬ ਪੁਲਸ ਦੇ ਕਰਮਚਾਰੀ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਸਬੰਧੀ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐੱਸ.ਐੱਸ.ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਥਾਣਾ ਸਰਹਾਲੀ ਮੁਖੀ ਪਾਸੋਂ ਇਸ ਮਾਮਲੇ ਦੀ ਰਿਪੋਰਟ ਲੈਂਦੇ ਹੋਏ ਬਣਦੀ ਕਾਰਵਾਈ ਅਮਲ ’ਚ ਲਿਆਉਣ ਸਬੰਧੀ ਹੁਕਮ ਜਾਰੀ ਕੀਤੇ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਜਲਦ ਬਣਾਏਗੀ ਪੱਲੇਦਾਰਾਂ ਦਾ ਬੋਰਡ, ਰੇਟ ਤੈਅ ਕਰਨ ਸਮੇਤ ਸਿੱਧਾ ਹੋਵੇਗਾ ਭੁਗਤਾਨ
NEXT STORY