ਅੰਮ੍ਰਿਤਸਰ (ਨੀਰਜ)- ਐੱਨ. ਸੀ. ਬੀ. ਵੱਲੋਂ ਹਾਈਡ੍ਰੋਪੋਨਿਕ ਗਾਂਜੇ ਦੇ ਮਾਸਟਰਮਾਈਂਡ ਰਿਸ਼ਭ ਆਹੂਜਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਹੁਣ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਆਏ ਦਿਨ ਹਾਈਡ੍ਰੋਪੋਨਿਕ ਗਾਂਜੇ ਦੀ ਖੇਪ ਫੜੇ ਜਾਣ ਦੇ ਦਰਜਨਾਂ ਅਣਸੁਲਝੇ ਮਾਮਲੇ ਵੀ ਸੁਲਝ ਜਾਣਗੇ। ਕਸਟਮ ਵਿਭਾਗ ਵੱਲੋਂ ਏਅਰਪੋਰਟ ’ਤੇ ਦਰਜਨਾਂ ਕੇਸ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ’ਚ ਕਰੋੜਾਂ ਰੁਪਏ ਦਾ ਹਾਈਡ੍ਰੋਪੋਨਿਕ ਗਾਂਜਾ ਫੜਿਆ ਗਿਆ ਸੀ ਪਰ ਮਾਸਟਰਮਾਈਂਡ ਕਾਬੂ ਨਹੀਂ ਆ ਰਿਹਾ ਸੀ। ਹਾਲਾਂਕਿ ਇਹ ਕੰਮ ਕਸਟਮ ਵਿਭਾਗ ਦੇ ਐਂਟੀ ਸਮੱਗਲਿੰਗ ਵਿੰਗ ਨੂੰ ਕਰਨਾ ਚਾਹੀਦਾ ਸੀ, ਪਰ ਐੱਨ. ਸੀ. ਬੀ. ਨੇ ਇਹ ਕੰਮ ਕਰਕੇ ਪੂਰੇ ਉੱਤਰ ਭਾਰਤ ’ਚ ਹਾਈਡ੍ਰੋਪੋਨਿਕ ਗਾਂਜੇ ਦੀ ਸਪਲਾਈ ਚੇਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਹਾਲਾਂਕਿ ਏਅਰਪੋਰਟ ’ਤੇ ਗਾਂਜੇ ਦੀ ਸਮੱਗਲਿੰਗ ਕੀਤੇ ਜਾਣ ਦੇ ਮਾਮਲੇ ’ਚ ਕਿਸੇ ਸਰਕਾਰੀ ਵਿਭਾਗ ਦੀ ਵੀ ਮਿਲੀਭੁਗਤ ਹੋ ਸਕਦੀ ਹੈ। ਹਾਲ ਹੀ ’ਚ ਕਸਟਮ ਵਿਭਾਗ ਤੇ ਡੀ. ਆਰ. ਆਈ. ਦੇ 2 ਇੰਸਪੈਕਟਰਾਂ ਪ੍ਰਸ਼ਾਂਤ ਕੁਮਹਾਰ ਤੇ ਮਨਜੀਤ ਸਿੰਘ ਨੂੰ ਹੈਰੋਇਨ ਸਮੱਗਲਿੰਗ ਦੇ ਮਾਮਲੇ ’ਚ ਡਿਸਮਿਸ ਕੀਤਾ ਜਾ ਚੁੱਕਾ ਹੈ, ਜਿਸ ’ਚੋਂ ਪ੍ਰਸ਼ਾਂਤ ਫ਼ਰਾਰ ਹੈ ਜਦਕਿ ਮਨਜੀਤ ਸਿੰਘ ਜੇਲ ’ਚ ਬੰਦ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ ਮਿਜਾਜ਼
ਏ. ਐੱਨ. ਟੀ. ਐੱਫ. ਨੇ ਦਿੱਤੀ ਵੱਡੀ ਇਨਪੁਟ
ਇਸ ਮਾਮਲੇ ’ਚ ਖ਼ਾਸ ਗੱਲ ਇਹ ਰਹੀ ਕਿ ਬੀ. ਐੱਸ. ਐੱਫ. ਨਾਲ ਸਫ਼ਲਤਾਪੂਰਵਕ ਜੁਆਇੰਟ ਆਪ੍ਰੇਸ਼ਨ ਕਰਨ ਵਾਲੀ ਏ. ਐੱਨ. ਟੀ. ਐੱਫ. ਦੀ ਟੀਮ ਵੱਲੋਂ ਇਸ ਮਾਮਲੇ ’ਚ ਐੱਨ. ਸੀ. ਬੀ. ਨੂੰ ਵੱਡੀ ਇਨਪੁਟ ਦਿੱਤੀ ਗਈ ਸੀ, ਜਿਸ ਦੇ ਚਲਦਿਆਂ ਇਹ ਸਫ਼ਲਤਾ ਹੱਥ ਲੱਗੀ ਹੈ। ਐੱਨ. ਸੀ. ਬੀ. ਵੱਲੋਂ ਰਿਸ਼ੀ ਦਾ ਪਾਸਪੋਰਟ ਵੀ ਰੱਦ ਕਰਵਾਇਆ ਗਿਆ ਹੈ ਤਾਂ ਜੋ ਉਹ ਦੁਬਾਰਾ ਵਿਦੇਸ਼ ਨਾ ਭੱਜ ਸਕੇ। ਇਸ ਮਾਮਲੇ ਦੇ ਇਕ ਹੋਰ ਮੁੱਖ ਮੁਲਜ਼ਮ ਸਾਹਿਲ ਨੂੰ ਹਾਈਡ੍ਰੋਪੋਨਿਕ ਗਾਂਜੇ ਦੀ ਸਮੱਗਲਿੰਗ ਦੇ ਮਾਮਲੇ ’ਚ ਹੀ ਥਾਈਲੈਂਡ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਤੱਕ ਇਸ ਮਾਮਲੇ ’ਚ 4 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ- 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸਿਆ ਹੈਰਾਨੀਜਨਕ ਕਾਰਨ
ਇਸ ਕੇਸ ਦੀ ਸ਼ੁਰੂਆਤ ਕੇਸ ਨੰਬਰ 04.26 ਤੋਂ ਹੋਈ ਜਦੋਂ ਇਕ ਨੌਜਵਾਨ ਲੜਕੀ ਆਰਤੀ ਤੋਂ ਇਕ ਕਿਲੋ ਗਾਂਜਾ ਫੜਿਆ ਗਿਆ। ਮਾਮਲੇ ਦੀ ਐੱਨ. ਸੀ. ਬੀ. ਨੇ ਜਾਂਚ ਸ਼ੁਰੂ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਇਕ ਗੈਂਗ ਜੋ ਚੰਡੀਗੜ੍ਹ ’ਚ ‘ਹੋਮਕੇਅਰ’ ਨਾਂ ਦੀ ਸੰਸਥਾ ਚਲਾਉਂਦਾ ਹੈ, ਜਿਸ ਦਾ ਸਰਗਣਾ ਪਰਮਿੰਦਰ ਹੈ। ਉਹ ਨੌਜਵਾਨਾਂ ਨੂੰ ਪਹਿਲਾਂ ਆਪਣੇ ਸੰਗਠਨ ’ਚ ਸ਼ਾਮਲ ਕਰਦਾ ਹੈ ਅਤੇ ਬਾਅਦ ’ਚ ਲਾਲਚ ਦੇ ਕੇ ਸਿੰਗਾਪੁਰ ਤੇ ਥਾਈਲੈਂਡ ਦੇ ਟਰਿੱਪ ਆਦਿ ਦੇ ਬਹਾਨੇ ਹਾਈਡ੍ਰੋਪੋਨਿਕ ਗਾਂਜੇ ਦੀ ਸਮੱਗਲਿੰਗ ’ਚ ਸ਼ਾਮਲ ਕਰਵਾ ਲੈਂਦਾ ਹੈ। ਗੱਲਾਂ ’ਚ ਆ ਕੇ ਲੋੜਵੰਦ ਨੌਜਵਾਨ ਸਮੱਗਲਿੰਗ ਦੀ ਖੇਡ ’ਚ ਨਾ ਚਾਹੁੰਦੇ ਹੋਏ ਵੀ ਸ਼ਾਮਲ ਹੋ ਜਾਂਦੇ ਹਨ ਅਤੇ ਆਪਣਾ ਕਰੀਅਰ ਬਰਬਾਦ ਕਰ ਲੈਂਦੇ ਹਨ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਹੁਣ ਤੱਕ 22 ਤੋਂ ਵੱਧ ਲੜਕੇ ਤੇ ਲੜਕੀਆਂ ਨੂੰ ਇਗ ਗੈਂਗ ਆਪਣੇ ਚੰਗੁਲ ’ਚ ਫਸਾ ਚੁੱਕਾ ਹੈ।
ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯੂ. ਪੀ. ਤੇ ਹੋਰਨਾਂ ਸੂਬਿਆਂ ’ਚ ਕੀਤੀ ਜਾ ਰਹੀ ਹੈ ਛਾਪੇਮਾਰੀ
ਐੱਨ. ਸੀ. ਬੀ. ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਾਈਡ੍ਰੋਪੋਨਿਕ ਗਾਂਜੇ ਦੀ ਸਮੱਗਲਿੰਗ ਦਾ ਜਾਲ ਪੂਰੇ ਉੱਤਰ ਭਾਰਤ ’ਚ ਫੈਲਿਆ ਹੋਇਆ ਹੈ। ਵਿਭਾਗ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯੂ. ਪੀ. ਅਤੇ ਹੋਰਨਾਂ ਸੂਬਿਆਂ ’ਚ ਵੀ ਛਾਪੇਮਾਰੀ ਕਰ ਰਿਹਾ ਹੈ।
ਦੋ ਸਾਲਾਂ ਤੋਂ ਕੰਮ ਕਰ ਰਿਹਾ ਸੀ ਰਿਸ਼ੀ
ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਵੱਲੋਂ ਪਿਛਲੇ 2-3 ਸਾਲਾਂ ਤੋਂ ਹੀ ਗਾਂਜੇ ਦੀ ਭਾਰੀ ਰਿਕਵਰੀ ਕੀਤੀ ਜਾ ਰਹੀ ਹੈ ਪਰ ਇਹ ਪਤਾ ਨਹੀਂ ਚੱਲ ਰਿਹਾ ਸੀ ਕਿ ਇਸ ਦਾ ਮਾਸਟਰਮਾਈਂਡ ਕੋਨ ਹੈ। ਰਿਸ਼ੀ ਦੀ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਗਾਂਜੇ ਦੀ ਸਮੱਗਲਿੰਗ ਦਾ ਕੰਮ ਕਰ ਰਿਹਾ ਸੀ। ਰਿਸ਼ੀ ਦੀ ਟਿਕਟਿੰਗ ਕਰਵਾਉਣ ਵਾਲੇ ਤੱਕ ਜਦੋਂ ਐੱਨ. ਸੀ. ਬੀ. ਦੀ ਜਾਂਚ ਪਹੁੰਚੀ ਤਾਂ ਸਾਰੇ ਘਪਲੇ ਦਾ ਪਰਦਾਫ਼ਾਸ਼ ਹੋ ਗਿਆ ਅਤੇ ਆਖ਼ਿਰਕਾਰ ਰਿਸ਼ੀ ਵਿਭਾਗ ਦੇ ਹੱਥ ਚੜ੍ਹ ਹੀ ਗਿਆ।
ਕਸਟਮ ਵਿਭਾਗ ਨੂੰ ਡੀ. ਆਰ. ਆਈ. ਦੇ ਰਹੀ ਸੀ ਗਿਫ਼ਟ ’ਚ ਕੇਸ
ਹਾਈਡ੍ਰੋਪੋਨਿਕ ਗਾਂਜੇ ਦੇ ਕੇਸ ਨਾ ਸਿਰਫ਼ ਕਸਟਮ ਵਿਭਾਗ ਸਗੋਂ ਡੀ. ਆਰ. ਆਈ. ਵੱਲੋਂ ਵੀ ਬਣਾਏ ਜਾਂਦੇ ਰਹੇ ਹਨ ਅਤੇ ਕਰੋੜਾਂ ਰੁਪਏ ਦੇ ਗਾਂਜੇ ਦੀ ਰਿਕਵਰੀ ਵੀ ਹੋਈ ਹੈ ਪਰ ਡੀ. ਆਰ. ਆਈ. ਵੱਲੋਂ ਇਸ ਤਰ੍ਹਾਂ ਦੇ ਕੇਸ ਕਸਟਮ ਵਿਭਾਗ ਨੂੰ ਗਿਫ਼ਟ ’ਚ ਦੇ ਦਿੱਤੇ ਜਾਂਦੇ ਰਹੇ ਹਨ ਕਿਉਂਕਿ ਡੀ. ਆਰ. ਆਈ. ਕੋਲ ਹੋਰ ਵੱਡੇ ਕੇਸ ਚੱਲ ਰਹੇ ਹਨ।
ਹਾਈਡ੍ਰੋਪੋਨਿਕ ਗਾਂਜੇ ਦੇ ਕੁਝ ਵੱਡੇ ਕੇਸ
-9 ਨਵੰਬਰ 2025 ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਡੀ. ਆਰ. ਆਈ. ਵੱਲੋਂ ਹਾਈਡ੍ਰੋਪੋਨਿਕ ਗਾਂਜੇ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਗਈ, ਜਿਸ ’ਚ 47 ਕਰੋੜ ਰੁਪਏ ਦੀ ਕੀਮਤ ਦਾ ਗਾਂਜਾ ਜ਼ਬਤ ਕੀਤਾ ਗਿਆ ਅਤੇ 2 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
-11 ਮਈ 2026 ਨੂੰ ਡੀ. ਆਰ. ਆਈ. ਤੇ ਕਸਟਮ ਵੱਲੋਂ ਬੈਂਕਾਕ ਤੋਂ ਆਏ ਇਕ ਯਾਤਰੀ ਕੋਲੋਂ 5 ਕਰੋੜ ਰੁਪਏ ਦੀ ਕੀਮਤ ਦਾ ਹਾਈਡ੍ਰੋਪੋਨਿਕ ਗਾਂਜਾ ਜ਼ਬਤ ਕੀਤਾ ਗਿਆ।
- 16 ਅਪ੍ਰੈਲ 2026 ਦੇ ਦਿਨ ਬੈਂਕਾਕ ਤੋਂ ਆਏ ਇਕ ਯਾਤਰੀ ਕੋਲੋਂ 6.27 ਕਰੋੜ ਦਾ ਹਾਈਡ੍ਰੋਪੋਨਿਕ ਗਾਂਜਾ ਜ਼ਬਤ ਕੀਤਾ ਗਿਆ।
-8 ਅਪ੍ਰੈਲ ਨੂੰ ਕਸਟਮ ਵਿਭਾਗ ਵੱਲੋਂ 1 ਕਰੋੜ ਰੁਪਏ ਦੀ ਕੀਮਤ ਦਾ ਗਾਂਜਾ ਜ਼ਬਤ ਕੀਤਾ ਗਿਆ।
-12 ਫਰਵਰੀ 2026 ਦੇ ਦਿਨ ਕਸਟਮ ਵਿਭਾਗ ਵੱਲੋਂ ਬੈਂਕਾਕ ਤੋਂ ਆਏ ਯਾਤਰੀ ਕੋਲੋਂ 1.64 ਕਰੋੜ ਦਾ ਗਾਂਜਾ ਜ਼ਬਤ ਕੀਤਾ ਗਿਆ।
-ਕਸਟਮ ਵਿਭਾਗ ਵੱਲੋਂ 8 ਅਕਤੂਬਰ 2025 ਦੇ ਦਿਨ ਬੈਂਕਾਕ ਤੋਂ ਆਏ ਯਾਤਰੀ ਕੋਲੋਂ 2.55 ਕਰੋੜ ਦਾ ਗਾਂਜਾ ਜ਼ਬਤ ਕੀਤਾ ਗਿਆ।
ਕਸਟਮ ਵਿਭਾਗ ਵੱਲੋਂ 25 ਸਤੰਬਰ 2025 ਦੇ ਦਿਨ ਬੈਂਕਾਕ ਤੋਂ ਆਏ ਯਾਤਰੀ ਕੋਲੋਂ 1.15 ਕਰੋੜ ਦਾ ਗਾਂਜਾ ਜ਼ਬਤ ਕੀਤਾ ਗਿਆ।
-ਕਸਟਮ ਵਿਭਾਗ ਵੱਲੋਂ 30 ਸਤੰਬਰ 2025 ਦੇ ਦਿਨ ਬੈਂਕਾਕ ਤੋਂ ਆਏ ਯਾਤਰੀ ਕੋਲੋਂ 2.9 ਕਰੋੜ ਦਾ ਗਾਂਜਾ ਜ਼ਬਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਰੀ ਬਰਸਾਤ ਨਾਲ ਡੁੱਬਦਾ ਨਜ਼ਰ ਆਇਆ ਗੁਰਦਾਸਪੁਰ ਦਾ ਕਾਦਰੀ ਮਹੱਲਾ, ਘਰਾਂ 'ਚ ਵੜਿਆ ਪਾਣੀ
NEXT STORY