ਜਲੰਧਰ (ਖੁਰਾਣਾ)-ਜਲੰਧਰ ਜਿਮਖਾਨਾ ਕਲੱਬ ਦੀਆਂ ਪ੍ਰਸਤਾਵਿਤ ਚੋਣਾਂ 23 ਅਗਸਤ ਨੂੰ ਹੋਣ ਨੂੰ ਲੈ ਕੇ ਹੁਣ ਸਸਪੈਂਸ ਦੀ ਸਥਿਤੀ ਬਣ ਗਈ ਹੈ। ਮੌਜੂਦਾ ਚੋਣ ਪ੍ਰਕਿਰਿਆ ਨੂੰ ਦੇਖਦੇ ਹੋਏ 23 ਅਗਸਤ ਤੱਕ ਵੋਟਿੰਗ ਕਰਵਾਉਣਾ ਪ੍ਰਸ਼ਾਸਨ ਲਈ ਮੁਸ਼ਕਿਲ ਨਜ਼ਰ ਆ ਰਿਹਾ ਹੈ। ਅਜਿਹੇ ’ਚ ਚੋਣਾਂ ਦੀ ਤਾਰੀਖ਼ ਲਗਭਗ ਇਕ ਹਫ਼ਤਾ ਅੱਗੇ ਵਧਾ ਕੇ 30 ਅਗਸਤ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਕਲੱਬ ਦੀ ਸਾਲਾਨਾ ਆਮ ਸਭਾ (ਏ. ਜੀ. ਐੱਮ.) ਵਿਚ ਡਵੀਜ਼ਨਲ ਕਮਿਸ਼ਨਰ ਅਤੇ ਕਲੱਬ ਪ੍ਰਧਾਨ ਰਾਮਵੀਰ ਸਿੰਘ ਨੇ 23 ਅਗਸਤ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਚੋਣ ਪ੍ਰਕਿਰਿਆ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡਿਊਟੀ ਵੀ ਲਾਈ ਗਈ, ਪਰ ਅਜੇ ਤੱਕ ਅਧਿਕਾਰਤ ਚੋਣ ਪ੍ਰੋਗਰਾਮ ਜਾਰੀ ਨਹੀਂ ਹੋਇਆ। ਫਿਲਹਾਲ ਚੋਣ ਪ੍ਰਕਿਰਿਆ ਦਾ ਸਭ ਤੋਂ ਅਹਿਮ ਪੜਾਅ ਵੋਟਰ ਲਿਸਟ ਤਿਆਰ ਕਰਨ ਦਾ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ
ਸ਼ੁੱਕਰਵਾਰ ਰਾਤ ਜਾਰੀ ਕੀਤੀ ਗਈ ਡਰਾਫਟ ਵੋਟਰ ਲਿਸਟ ਵਿਚ ਕੁੱਲ੍ਹ 4683 ਮੈਂਬਰਾਂ ਦੇ ਨਾਂ ਸ਼ਾਮਲ ਹਨ। ਸੂਚੀ ਵਿਚ 2000 ਤੋਂ ਵੱਧ ਮੈਂਬਰਾਂ ਦੇ ਨਾਂ ਦੇ ਅੱਗੇ ਕਲੱਬ ਦਾ ਬਕਾਇਆ ਲਾਲ ਰੰਗ ਵਿਚ ਦਰਸਾਇਆ ਗਿਆ ਹੈ। ਵੋਟ ਦੇਣ ਦੇ ਅਧਿਕਾਰ ਲਈ ਮੈਂਬਰਾਂ ਨੂੰ 13 ਅਗਸਤ ਤੱਕ ਆਪਣਾ ਬਕਾਇਆ ਜਮ੍ਹਾ ਕਰਵਾਉਣ ਦਾ ਸਮਾਂ ਦਿੱਤਾ ਗਿਆ ਹੈ। ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਮੈਂਬਰਾਂ ਨੂੰ ਆਪਣੇ ਨਾਂ ਅਤੇ ਬਕਾਏ ਸਬੰਧੀ ਜਾਣਕਾਰੀ ਜਾਚਣ ਦਾ ਮੌਕਾ ਮਿਲਿਆ ਹੈ। ਕਿਸੇ ਨਾਂ ਨੂੰ ਲੈ ਕੇ ਇਤਰਾਜ਼ ਹੋਣ ’ਤੇ ਨਿਰਧਾਰਿਤ ਪ੍ਰਕਿਰਿਆ ਤਹਿਤ ਉਸ ਨੂੰ ਦਰਜ ਕਰਵਾਇਆ ਜਾ ਸਕੇਗਾ। ਇਸ ਤੋਂ ਬਾਅਦ ਇਤਰਾਜ਼ਾਂ ਦਾ ਨਿਪਟਾਰਾ ਕਰ ਕੇ ਅੰਤਿਮ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ।
ਅੰਤਿਮ ਸੂਚੀ ਤੋਂ ਬਾਅਦ ਵੀ ਚੋਣ ਪ੍ਰਕਿਰਿਆ ਵਿਚ ਨਾਮਜ਼ਦਗੀ ਦਾਖਲ ਕਰਨ, ਨਾਮਜ਼ਦਗੀ ਕਾਗਜ਼ਾਂ ਦੀ ਜਾਂਚ, ਨਾਂ ਵਾਪਸ ਲੈਣ ਅਤੇ ਚੋਣ ਪ੍ਰਚਾਰ ਵਰਗੀਆਂ ਹੋਰ ਰਸਮਾਂ ਲਈ ਸਮਾਂ ਦੇਣਾ ਹੋਵੇਗਾ। ਜ਼ਰੂਰਤ ਪੈਣ ’ਤੇ ਅਪੀਲ ਦੀ ਪ੍ਰਕਿਰਿਆ ਵੀ ਪੂਰੀ ਕਰਨੀ ਹੋਵੇਗੀ। ਅਜਿਹੇ ’ਚ 23 ਅਗਸਤ ਤੱਕ ਇਹ ਸਾਰੇ ਪੜਾਅ ਪੂਰੇ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਕਲੱਬ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਨੂੰ ਜਲਦਬਾਜ਼ੀ ਵਿਚ ਕਰਵਾਉਣ ਦੀ ਬਜਾਏ ਹਰੇਕ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਪੂਰਾ ਕਰਨਾ ਜ਼ਰੂਰੀ ਹੈ, ਤਾਂ ਜੋ ਬਾਅਦ ਵਿਚ ਚੋਣਾਂ ਦੀ ਪਾਰਦਰਸ਼ਿਤਾ ਜਾਂ ਨਿਰਪੱਖਤਾ ’ਤੇ ਕੋਈ ਸਵਾਲ ਨਾ ਉੱਠੇ। ਇਸੇ ਵਜ੍ਹਾ ਕਰ ਕੇ 30 ਅਗਸਤ ਨੂੰ ਵੋਟਿੰਗ ਕਰਵਾਏ ਜਾਣ ਦੀ ਸੰਭਾਵਨਾ ਵਧ ਗਈ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਬਾਰਡਰ 'ਤੇ BSF ਦੀ ਵੱਡੀ ਕਾਰਵਾਈ! ਅੰਮ੍ਰਿਤਸਰ 'ਚ ਘੁਸਪੈਠੀਏ ਨੂੰ ਕੀਤਾ ਢੇਰ
ਸੈਂਕੜੇ ਮੈਂਬਰਾਂ ਨੇ ਜਮ੍ਹਾ ਕਰਵਾਏ ਬਕਾਇਆ ਪੈਸੇ
ਡਰਾਫਟ ਸੂਚੀ ਜਾਰੀ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਵੱਡੀ ਗਿਣਤੀ ’ਚ ਕਲੱਬ ਮੈਂਬਰ ਆਪਣਾ ਬਕਾਇਆ ਜਮ੍ਹਾ ਕਰਵਾਉਣ ਲਈ ਕਲੱਬ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਕਲੱਬ ਸਟਾਫ਼ ਨੇ ਕਈ ਮੈਂਬਰਾਂ ਦੇ ਕੈਸ਼ ਕਾਰਡ ’ਚ ਉਪਲਬਧ ਰਾਸ਼ੀ ਨੂੰ ਉਨ੍ਹਾਂ ਦੇ ਕਲੱਬ ਖਾਤੇ ’ਚ ਟਰਾਂਸਫਰ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਬਕਾਇਆ ਕਲੀਅਰ ਮੰਨਿਆ ਜਾ ਰਿਹਾ ਹੈ ਅਤੇ ਡਿਫ਼ਾਲਟਰ ਸੂਚੀ ’ਚੋਂ ਉਨ੍ਹਾਂ ਦੇ ਨਾਂ ਹਟਾਏ ਜਾ ਰਹੇ ਹਨ।
ਜਿਮਖਾਨਾ ਦੀ ਮੈਂਬਰਸ਼ਿਪ 15 ਲੱਖ ਦੀ, 10 ਪੈਸੇ ਦੇ ਦੇਣਦਾਰ ਡਿਫ਼ਾਲਟਰ
ਜਿਮਖਾਨਾ ਕਲੱਬ ਦੀ ਡਰਾਫਟ ਵੋਟਰ ਸੂਚੀ ਵਿਚ ਮਹਿਜ਼ 10 ਪੈਸੇ ਬਕਾਇਆ ਵਾਲੇ ਕਈ ਮੈਂਬਰਾਂ ਦਾ ਨਾਂ ਸ਼ਾਮਲ ਕੀਤੇ ਜਾਣ ਨਾਲ ਕਈ ਕਲੱਬ ਮੈਂਬਰਾਂ ਵਿਚ ਰੋਸ ਹੈ। ਮੈਂਬਰਾਂ ਦਾ ਕਹਿਣਾ ਹੈ ਕਿ ਇੰਨੀ ਮਾਮੂਲੀ ਰਾਸ਼ੀ ਲਈ ਕਿਸੇ ਮੈਂਬਰ ਨੂੰ ਡਿਫ਼ਾਲਟਰ ਜਾਂ ਬਕਾਏਦਾਰ ਦੀ ਸ਼੍ਰੇਣੀ ਵਿਚ ਰੱਖਣਾ ਅਤੇ ਉਸ ਦੇ ਵੋਟਿੰਗ ਅਧਿਕਾਰ ’ਤੇ ਅਸਰ ਪਾਉਣਾ ਸਹੀ ਨਹੀਂ ਲੱਗਦਾ। ਮੈਂਬਰਾਂ ਦਾ ਕਹਿਣਾ ਹੈ ਕਿ ਜਲੰਧਰ ਜਿਮਖਾਨਾ ਕਲੱਬ ਆਪਣੀ ਮੈਂਬਰਸ਼ਿਪ ਦਾ ਰੇਟ ਵਧਾ ਕੇ 15 ਲੱਖ ਰੁਪਏ ਕਰ ਚੁੱਕਾ ਹੈ। ਅਜਿਹੇ ’ਚ ਕਲੱਬ ਦੇ ਪੱਕੇ ਅਤੇ ਸਾਲਾਂ ਪੁਰਾਣੇ ਮੈਂਬਰਾਂ ਨੂੰ ਮਹਿਜ਼ 10 ਪੈਸੇ ਲਈ ਡਿਫ਼ਾਲਟਰ ਜਾਂ ਬਕਾਏਦਾਰ ਦੱਸਣਾ ਵਿਹਾਰਿਕ (ਪ੍ਰੈਕਟੀਕਲ) ਨਹੀਂ ਲੱਗਦਾ। ਉਨ੍ਹਾਂ ਦਾ ਕਹਿਣਾ ਹੈ ਕਿ ਕਲੱਬ ਅਤੇ ਉਸ ਦੇ ਮੈਂਬਰਾਂ ਵਿਚਕਾਰ ਸੰਬੰਧ ਸਿਰਫ ਲੈਣ-ਦੇਣ ਦਾ ਨਹੀਂ, ਸਗੋਂ ਵਿਸ਼ਵਾਸ ਦਾ ਵੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...
ਮੈਂਬਰਾਂ ਅਨੁਸਾਰ ਅੱਜ ਦੇ ਸਮੇਂ ’ਚ 10 ਪੈਸੇ ਵਰਗੀ ਮਾਮੂਲੀ ਕਰੰਸੀ ਦਾ ਵਿਹਾਰਿਕ ਤੌਰ ’ਤੇ ਕੋਈ ਚਲਨ ਜਾਂ ਖ਼ਾਸ ਮਹੱਤਵ ਨਹੀਂ ਹੈ। ਇਸ ਦੇ ਬਾਵਜੂਦ ਜੇਕਰ ਕਿਸੇ ਮੈਂਬਰ ਦੇ ਨਾਂ ਅੱਗੇ 10 ਪੈਸੇ ਦੀ ਦੇਣਦਾਰੀ ਲਾਲ ਰੰਗ ’ਚ ਦਰਜ ਕਰ ਕੇ ਉਸ ਨੂੰ ਡਿਫ਼ਾਲਟਰ ਦੱਸਿਆ ਜਾਂਦਾ ਹੈ, ਤਾਂ ਇਸ ਨਾਲ ਸਬੰਧਤ ਮੈਂਬਰ ਨੂੰ ਸ਼ਰਮਿੰਦਗੀ ਮਹਿਸੂਸ ਹੋ ਸਕਦੀ ਹੈ। ਕਲੱਬ ਮੈਂਬਰਾਂ ਦਾ ਕਹਿਣਾ ਹੈ ਕਿ ਮੈਨੇਜਮੈਂਟ ਨੂੰ ਇਸ ਤਰ੍ਹਾਂ ਦੀਆਂ ਬਹੁਤ ਛੋਟੀਆਂ ਦੇਣਦਾਰੀਆਂ ਲਈ ਇਕ ਵਿਹਾਰਿਕ ਹੱਦ ਤੈਅ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਸੁਝਾਅ ਹੈ ਕਿ 500 ਜਾਂ 1000 ਰੁਪਏ ਤੱਕ ਦੇ ਬਕਾਏ ਨੂੰ ਛੋਟ ਦਿੱਤੀ ਜਾਣੀ ਚਾਹੀਦੀ ਹੈ, ਪਰ 10-20 ਪੈਸੇ ਵਰਗੀ ਮਾਮੂਲੀ ਰਕਮ ਨੂੰ ਲੈ ਕੇ ਕਿਸੇ ਪੱਕੇ ਮੈਂਬਰ ਨੂੰ ਡਿਫ਼ਾਲਟਰ ਦੱਸਣਾ ਉਚਿਤ ਨਹੀਂ ਹੈ।
ਕਲੱਬ ਚੋਣਾਂ ’ਚ ਵਧਣ ਲੱਗੀ ਸਰਗਰਮੀ, ਕਈ ਹੋਰ ਦਾਅਵੇਦਾਰ ਮੈਦਾਨ ਵਿਚ ਉਤਰਨ ਦੀ ਤਿਆਰੀ ’ਚ
ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਹੁਣ ਹੌਲੀ-ਹੌਲੀ ਤੇਜ਼ ਹੋਣ ਲੱਗੀਆਂ ਹਨ। ਕਲੱਬ ਕੰਪਲੈਕਸ ’ਚ ਇਨ੍ਹੀਂ ਦਿਨੀਂ ਸੰਭਾਵੀ ਉਮੀਦਵਾਰਾਂ ਅਤੇ ਚੋਣ ਸਮੀਕਰਨਾਂ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ ਹੈ। ਜ਼ਿਕਰਯੋਗ ਹੈ ਕਿ ਅਚੀਵਰਜ਼ ਗਰੁੱਪ ਨੇ ਕਲੱਬ ਦੇ ਚਾਰ ਮੁੱਖ ਅਹੁਦਿਆਂ ਲਈ ਆਪਣੇ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤੇ ਹਨ। ਇਨ੍ਹਾਂ ਵਿਚ ਵਾਈਸ ਪ੍ਰੈਜ਼ੀਡੈਂਟ ਅਹੁਦੇ ਲਈ ਧੀਰਜ ਸੇਠ, ਸੈਕਟਰੀ ਲਈ ਅਮਿਤ ਕੁਕਰੇਜਾ, ਜੁਆਇੰਟ ਸੈਕਟਰੀ ਲਈ ਹਰਪ੍ਰੀਤ ਸਿੰਘ ਗੋਲਡੀ ਅਤੇ ਕੈਸ਼ੀਅਰ ਅਹੁਦੇ ਲਈ ਸੌਰਭ ਖੁੱਲਰ ਦਾ ਨਾਂ ਸ਼ਾਮਲ ਹੈ। ਪ੍ਰੋਗਰੈਸਿਵ ਗਰੁੱਪ ਇਸ ਵਾਰ ਸਰੰਡਰ ਕਰ ਚੁੱਕਾ ਹੈ।
ਹਾਲਾਂਕਿ ਹੁਣ ਇਨ੍ਹਾਂ ਚਾਰਾਂ ਵਿਚੋਂ ਤਿੰਨ ਅਹੁਦਿਆਂ ’ਤੇ ਮੁਕਾਬਲਾ ਬਣਨ ਦੇ ਸੰਕੇਤ ਮਿਲ ਰਹੇ ਹਨ। ਸਭ ਤੋਂ ਵੱਧ ਚਰਚਾ ਵਾਈਸ ਪ੍ਰੈਜ਼ੀਡੈਂਟ ਅਹੁਦੇ ਨੂੰ ਲੈ ਕੇ ਹੈ। ਇਸ ਅਹੁਦੇ ਲਈ ਐਡਵੋਕੇਟ ਦਲਜੀਤ ਸਿੰਘ ਛਾਬੜਾ ਅਤੇ ਮੋਨੂੰ ਪੁਰੀ ਦੇ ਨਾਂ ਪਹਿਲਾਂ ਤੋਂ ਹੀ ਚਰਚਾ ਵਿਚ ਹਨ। ਉੱਥੇ ਹੀ, ਕਲੱਬ ਦੇ ਸੀਨੀਅਰ ਮੈਂਬਰ ਰਾਕੇਸ਼ ਝਾਂਜੀ ਦੇ ਵੀ ਚੋਣ ਮੈਦਾਨ ਵਿਚ ਉਤਰਨ ਦੀਆਂ ਚਰਚਾਵਾਂ ਅੱਜ ਕਲੱਬ ਕੰਪਲੈਕਸ ਵਿਚ ਜ਼ੋਰ ਫੜਦੀਆਂ ਦਿਖਾਈ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੀ ਉਨ੍ਹਾਂ ਨੂੰ ਚੋਣ ਲੜਨ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸੈਕਟਰੀ ਅਹੁਦੇ ’ਤੇ ਅਮਿਤ ਕੁਕਰੇਜਾ ਨੂੰ ਫਿਲਹਾਲ ਵਿਜੇ ਸਹਿਦੇਵ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ। ਇਸ ਅਹੁਦੇ ਲਈ ਅਜੇ ਤੱਕ ਕਿਸੇ ਹੋਰ ਉਮੀਦਵਾਰ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਇਸੇ ਤਰ੍ਹਾਂ ਜੁਆਇੰਟ ਸੈਕਟਰੀ ਅਹੁਦੇ ’ਤੇ ਹਰਪ੍ਰੀਤ ਸਿੰਘ ਗੋਲਡੀ ਦੇ ਮੁਕਾਬਲੇ ਸਿਰਫ਼ ਅਨੂ ਮਾਟਾ ਦੇ ਹੀ ਚੋਣ ਮੈਦਾਨ ਵਿਚ ਆਉਣ ਦੀ ਚਰਚਾ ਹੈ।
ਇਹ ਵੀ ਪੜ੍ਹੋ: ਫਤਿਹਗੜ੍ਹ ਸਾਹਿਬ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
ਉੱਥੇ ਹੀ ਕੈਸ਼ੀਅਰ ਅਹੁਦੇ ’ਤੇ ਫਿਲਹਾਲ ਸੌਰਭ ਖੁੱਲਰ ਦੇ ਸਾਹਮਣੇ ਕੋਈ ਹੋਰ ਦਾਅਵੇਦਾਰ ਨਜ਼ਰ ਨਹੀਂ ਆ ਰਿਹਾ। ਅਜਿਹੇ ’ਚ ਇਸ ਅਹੁਦੇ ’ਤੇ ਅਜੇ ਮੁਕਾਬਲੇ ਦੀ ਸਥਿਤੀ ਨਹੀਂ ਬਣੀ ਹੈ। ਕਲੱਬ ਦੇ ਐਗਜ਼ੀਕਿਊਟਿਵ ਅਹੁਦਿਆਂ ਨੂੰ ਲੈ ਕੇ ਵੀ ਚੋਣ ਸਰਗਰਮੀਆਂ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਸੰਭਾਵੀ ਉਮੀਦਵਾਰਾਂ ਵਜੋਂ ਜੁਬਿਨ ਸ਼ਿੰਗਾਰੀ ਅਤੇ ਐਡਵੋਕੇਟ ਤਰਨਜੋਤ ਸਿੰਘ ਸਿਦਾਨਾ ਦੇ ਨਾਂ ਪਹਿਲਾਂ ਤੋਂ ਹੀ ਚਰਚਾ ਵਿਚ ਹਨ। ਹੁਣ ਇੰਜੀਨੀਅਰ ਸੁਨੀਲ ਕਤਿਆਲ ਦਾ ਨਾਂ ਵੀ ਇਸ ਦੌੜ ਵਿਚ ਜੁੜਦਾ ਵਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਕਤਿਆਲ ਨੇ ਅੱਜ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਕੇ ਚੋਣਾਂ ਨੂੰ ਲੈ ਕੇ ਫੀਡਬੈਕ ਲਿਆ।
ਕਲੱਬ ਮੈਂਬਰਾਂ ਦੇ ਵਿਚਕਾਰ ਚੱਲ ਰਹੀਆਂ ਚਰਚਾਵਾਂ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਜਿਵੇਂ-ਜਿਵੇਂ ਚੋਣਾਂ ਦੀ ਪ੍ਰਕਿਰਿਆ ਅੱਗੇ ਵਧੇਗੀ, ਤਿਵੇਂ-ਤਿਵੇਂ ਕੁਝ ਹੋਰ ਮੈਂਬਰ ਵੀ ਆਪਣੀ ਦਾਅਵੇਦਾਰੀ ਸਾਹਮਣੇ ਲਿਆ ਸਕਦੇ ਹਨ। ਫਿਲਹਾਲ ਸਭ ਤੋਂ ਜ਼ਿਆਦਾ ਨਜ਼ਰ ਵਾਈਸ ਪ੍ਰੈਜ਼ੀਡੈਂਟ ਅਹੁਦੇ ’ਤੇ ਸੰਭਾਵੀ ਮੁਕਾਬਲੇ ਅਤੇ ਐਗਜ਼ੀਕਿਊਟਿਵ ਅਹੁਦਿਆਂ ਲਈ ਉੱਭਰ ਰਹੇ ਨਵੇਂ ਚਿਹਰਿਆਂ 'ਤੇ ਟਿਕੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ
NEXT STORY