ਭਿੱਖੀਵੰਡ/ਖਾਲੜਾ (ਅਮਨ,ਸੁਖਚੈਨ,ਭਾਟੀਆ, ਰਾਜੀਵ) : ਵਿਧਾਨ ਸਭਾ ਹਲਕਾ ਖੇਮਕਰਨ 'ਚ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ 'ਚ ਨਸ਼ਿਆਂ ਖਿਲਾਫ ਰੈਲੀ ਕੱਢੀ ਗਈ। ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖਸਰਕਾਰੀਆਂ ਨੇ ਪਹੁਵਿੰਡ ਤੋਂ ਰਵਾਨਾਂ ਕੀਤਾ। ਰੈਲੀ 'ਚ ਹਲਕੇ ਦੇ ਵੱਡੀ ਗਿਣਤੀ ਨੌਜਵਾਨਾਂ ਅਤੇ ਕਾਂਗਰਸੀ ਵਰਕਰਾਂ ਨੇ ਭਾਗ ਲਿਆ ਅਤੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਪ੍ਰਣ ਲਿਆ। ਹਲਕਾ ਖੇਮਕਰਨ ਦੇ ਹਰ ਪਿੰਡ ਤੋਂ ਕਾਂਗਰਸੀ ਵਰਕਰਾਂ ਅਤੇ ਨੌਜਵਾਨਾਂ ਵਲੋਂ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਹੱਥਾ 'ਚ ਨਸ਼ਾ ਵਿਰੋਧੀ ਬੈਨਰ ਫੜਕੇ ਭਾਗ ਲਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਪੰਜਾਬ ਸੁਖਬਿੰਦਰ ਸਿੰਘ ਸੁੱਖਸਰਕਾਰੀਆਂ ਨੇ ਕਿਹਾ ਕਿ ਅੱਜ ਸੂਬੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਉਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਇਸ ਨਸ਼ੇ ਦੇ ਮੁਕੰਮਲ ਖਾਤਮੇ ਲਈ ਹਲਕਾ ਵਿਧਾਇਕ ਭੁੱਲਰ ਨੇ ਜੋਂ ਅੱਜ ਉਪਰਾਲਾ ਕੀਤਾ ਹੈ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਹੀ ਪਤਾ ਲਗਾ ਹੈ ਕਿ ਤੁਹਾਡੇ ਹਲਕੇ ਦੇ ਤਿੰਨ ਪਿੰਡ ਨਸ਼ਾਂ ਮੁਕਤ ਹੋਏ ਹਨ ਉਸ ਲਈ ਵੀ ਤੁਹਾਡਾ ਵਿਧਾਇਕ ਵਧਾਈ ਦਾ ਪਾਤਰ ਹੈ। ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਭੁੱਲਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਰੈਲੀ ਕੱਢਣ ਦਾ ਮੁੱਖ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੁਵਿੰਡ ਤੋਂ ਪ੍ਰਣ ਕਰੀਏ ਕਿ ਨਸ਼ਿਆਂ ਦੇ ਖਾਤਮੇ ਲਈ ਇਕਮੁੱਠ ਹੋ ਕਿ ਲੜਾਈ ਲੜੀਏ ਤੇ ਇਸ ਨੂੰ ਖਤਮ ਕਰਕੇ ਹੀ ਦਮ ਲਈਏ ਉਨ੍ਹਾਂ ਨੇ ਹਲਕੇ ਦੀ ਜਨਤਾ ਨੂੰ ਇਕਮੁੱਠ ਹੋ ਕੇ ਲੜਾਈ ਲੜਨ ਦੀ ਅਪੀਲ ਕੀਤੀ।
ਇਸ ਮੌਕੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ,ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਅਨੂਪ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕਿ ਅੱਜ ਹਲਕੇ ਦੀ ਜਨਤਾ ਨਸ਼ਿਆਂ ਖਿਲਾਫ ਉੱਠ ਖੜੀ ਹੋਈ ਹੈ ਅੱਜ ਦਾ ਇਕੱਠ ਇਸ ਗੱਲ ਦੀ ਅਗਵਾਈ ਭਰਦਾ ਹੈ ਕਿ ਲੋਕ ਇਸ ਨਸ਼ੇ ਦੀ ਨਾਮੁਰਾਦ ਬੀਮਾਰੀ ਨੂੰ ਖਤਮ ਕਰਕੇ ਹੀ ਦਮ ਲੈਣਗੇ ਜੋ ਪਿਛਲੇ ਦਸ ਸਾਲ ਤੋਂ ਇਹ ਬੀਮਾਰੀ ਫੈਲੀ ਹੋਈ ਸੀ। ਇਸ ਮੌਕੇ ਆਈ. ਜੀ. ਬਾਰਡਰ ਰੇਜ਼ ਸਰਿੰਦਰਪਾਲ ਸਿੰਘ ਪਰਮਾਰ, ਜ਼ਾ ਪੁਲਸ ਮੁਖੀ ਦਰਸ਼ਨ ਸਿੰਘ ਮਾਨ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਐੱਸ.ਡੀ.ਐੱਮ. ਅਨੂਪ੍ਰੀਤ ਕੌਰ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਰਾਜਬੀਰ ਸਿੰਘ ਵਰਨਾਲਾ ਆਦਿ ਹਾਜ਼ਰ ਸਨ।
ਰੋਡ ਸ਼ੋਅ 'ਚ ਪਹੁੰਚਣ ਤੇ ਜਨਤਾ ਦਾ ਧੰਨਵਾਦ ਕਰਦੇ ਹੋਏ ,ਭੁੱਲਰ ਪਰਿਵਾਰ
NEXT STORY