ਜਲੰਧਰ(ਬਿਊਰੋ)— ਇਕ ਵਾਰ ਧਰਮ ਸ਼ਾਸਤਰਾਂ ਦੀ ਸਿੱਖਿਆ ਦੇਣ ਵਾਲਾ ਇਕ ਵਿਦਵਾਨ ਈਸਾ ਮਸੀਹ ਕੋਲ ਆਇਆ ਅਤੇ ਪੁੱਛਣ ਲੱਗਾ,''ਅਮਰਤਾ ਦੀ ਪ੍ਰਾਪਤੀ ਲਈ ਕੀ ਕਰਨਾ ਹੋਵੇਗਾ?'' ਈਸਾ ਮਸੀਹ ਬੋਲੇ,''ਇਸ 'ਤੇ ਧਰਮ ਸ਼ਾਸਤਰ ਕੀ ਕਹਿੰਦੇ ਹਨ?'' ਵਿਅਕਤੀ ਬੋਲਿਆ,''ਉਹ ਕਹਿੰਦੇ ਹਨ ਕਿ ਸਾਨੂੰ ਈਸ਼ਵਰ ਨੂੰ ਦਿਲੋਂ ਪਿਆਰ ਕਰਨਾ ਚਾਹੀਦਾ ਹੈ। ਆਪਣੇ ਗੁਆਂਢੀ ਤੇ ਦੋਸਤਾਂ-ਮਿੱਤਰਾਂ ਨੂੰ ਵੀ ਈਸ਼ਵਰ ਨਾਲ ਜੋੜਨਾ ਚਾਹੀਦਾ ਹੈ।'' ਈਸਾ ਬੋਲੇ,''ਬਿਲਕੁਲ ਠੀਕ, ਤੂੰ ਇਸੇ 'ਤੇ ਅਮਲ ਕਰਦਾ ਰਹਿ।'' ਵਿਦਵਾਨ ਨੇ ਉਤਸੁਕਤਾ ਜ਼ਾਹਿਰ ਕੀਤੀ,''ਪਰ ਮੇਰਾ ਗੁਆਂਢੀ ਕੌਣ ਹੈ?''
ਈਸਾ ਮਸੀਹ ਬੋਲੇ,''ਸੁਣ, ਯੇਰੂਸ਼ਲਮ ਦਾ ਇਕ ਵਿਅਕਤੀ ਕਿਤੇ ਦੂਰ ਯਾਤਰਾ 'ਤੇ ਜਾ ਰਿਹਾ ਸੀ। ਰਸਤੇ ਵਿਚ ਉਸ ਨੂੰ ਕੁਝ ਚੋਰ ਪੈ ਗਏ। ਉਨ੍ਹਾਂ ਉਸ ਨੂੰ ਬਹੁਤ ਮਾਰਿਆ-ਕੁੱਟਿਆ ਅਤੇ ਅੱਧਮਰਿਆ ਕਰ ਕੇ ਚਲੇ ਗਏ। ਸੰਜੋਗ ਨਾਲ ਉੱਧਰੋਂ ਇਕ ਪਾਦਰੀ ਲੰਘਿਆ। ਉਸ ਨੇ ਵਿਅਕਤੀ ਉੱਥੇ ਪਿਆ ਦੇਖਿਆ ਪਰ ਲੰਘ ਗਿਆ। ਫਿਰ ਇਕ ਛੋਟਾ ਪਾਦਰੀ ਆਇਆ। ਉਹ ਵੀ ਉਸ ਨੂੰ ਦੇਖ ਕੇ ਲੰਘ ਗਿਆ।
ਕੁਝ ਦੇਰ ਬਾਅਦ ਇਕ ਯਾਤਰੀ ਉੱਥੋਂ ਗੁਜ਼ਰਿਆ। ਉਸ ਨੇ ਜ਼ਖਮੀ ਦੀ ਮੱਲ੍ਹਮ-ਪੱਟੀ ਕੀਤੀ। ਉਸ ਨੂੰ ਮੋਢੇ 'ਤੇ ਚੁੱਕ ਕੇ ਧਰਮਸ਼ਾਲਾ ਪਹੁੰਚਾਇਆ ਅਤੇ ਉਸ ਦੀ ਸੇਵਾ ਕੀਤੀ। ਦੂਜੇ ਦਿਨ ਜਦੋਂ ਉਹ ਜਾਣ ਲੱਗਾ ਤਾਂ ਧਰਮਸ਼ਾਲਾ ਵਾਲਿਆਂ ਨੂੰ ਉਸ ਵਿਅਕਤੀ ਦਾ ਪੂਰਾ ਧਿਆਨ ਰੱਖਣ ਲਈ ਅਤੇ ਇਲਾਜ ਦਾ ਖਰਚਾ ਖੁਦ ਸਹਿਣ ਕਰਨ ਦੀ ਗੱਲ ਕਹਿ ਕੇ ਚਲਾ ਗਿਆ। ਹੁਣ ਦੱਸ ਇਨ੍ਹਾਂ ਤਿੰਨਾਂ ਵਿਚੋਂ ਉਸ ਜ਼ਖਮੀ ਦਾ ਸੱਚਾ ਗੁਆਂਢੀ ਕੌਣ ਹੋਇਆ?''
ਵਿਦਵਾਨ ਬੋਲਿਆ,''ਉਹ ਅਣਜਾਣ ਯਾਤਰੀ, ਜਿਸ ਨੇ ਉਸ 'ਤੇ ਤਰਸ ਖਾਧਾ।'' ਇਸ 'ਤੇ ਈਸਾ ਬੋਲੇ,''ਤਾਂ ਬਸ ਤੂੰ ਵੀ ਅਜਿਹਾ ਹੀ ਆਚਰਣ ਕਰ, ਉਸੇ ਤਰ੍ਹਾਂ ਦਾ ਬਣ। ਸਾਰਿਆਂ ਪ੍ਰਤੀ ਪਿਆਰ, ਤਰਸ ਤੇ ਸਹਿਯੋਗ ਦੀ ਭਾਵਨਾ ਰੱਖਣੀ ਮਨੁੱਖਤਾ ਦੀ ਪਛਾਣ ਹੈ ਅਤੇ ਇੰਝ ਕਰਨ ਵਾਲਾ ਸੱਚੇ ਅਰਥਾਂ 'ਚ ਅਮਰਤਾ ਦਾ ਹੱਕਦਾਰ ਬਣਦਾ ਹੈ।''
ਪਬਜੀ ਦੀ ਲਤ ਨੇ ਹਸਪਤਾਲ ਪਹੁੰਚਾਇਆ ਨੌਜਵਾਨ
NEXT STORY