ਜਲੰਧਰ (ਬਿਊਰੋ) - ਪਾਲੀਵੁੱਡ ਦੀ 'ਗੁਲਾਬੋ ਮਾਸੀ' ਯਾਨੀ ਨਿਰਮਲ ਰਿਸ਼ੀ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ ਕਿਉਂਕਿ ਉਨ੍ਹਾਂ ਨੂੰ 'ਪਦਮ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਨਿਰਮਲ ਰਿਸ਼ੀ ਨੇ ਇਕ ਵਾਰ ਫਿਰ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਫੈਨਜ਼ ਤੇ ਕਲਾਕਾਰ ਕੁਮੈਂਟ ਕਰਕੇ ਨਿਰਮਲ ਰਿਸ਼ੀ ਨੂੰ ਵਧਾਈਆਂ ਦੇ ਰਹੇ ਹਨ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਇਥੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਗਮ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਅਤੇ ਕਈ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਪਤਵੰਤੇ ਮੌਜੂਦ ਸਨ।

ਛੋਟੀ ਉਮਰ ਤੋਂ ਸੀ ਅਦਾਕਾਰੀ ਦਾ ਸ਼ੌਂਕ
ਨਿਰਮਲ ਰਿਸ਼ੀ ਦਾ ਜਨਮ 27 ਅਗਸਤ 1943 ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ਸੀ। ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ। ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਹੀ ਉਹ ਐੱਨ. ਸੀ. ਸੀ. ਬੈਸਟ ਸ਼ੂਟਰ ਵੀ ਰਹੇ ਹਨ। ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਸ਼੍ਰੀ ਗੰਗਾਨਗਰ ਤੋਂ ਪੂਰੀ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ। ਇੱਥੇ ਹੀ ਉਹਨਾਂ ਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ, ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ।

ਗੁਲਾਬੋ ਮਾਸੀ ਦੇ ਕਿਰਦਾਰ ਨਾਲ ਹੋਈ ਮਸ਼ਹੂਰ
ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੇ । ਉਸ ਸਮੇਂ ਉਨ੍ਹਾਂ ਦੀ ਟੀਮ 'ਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਲ ਸਨ। ਇਸ ਦੌਰਾਨ ਹਰਪਾਲ ਟਿਵਾਣਾ ਨੇ 'ਲੌਂਗ ਦਾ ਲਿਸ਼ਕਾਰਾ' ਫ਼ਿਲਮ ਬਣਾਈ, ਜਿਸ 'ਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਨ੍ਹਾਂ ਨੂੰ ਜ਼ਿਆਦਾਤਰ ਲੋਕ 'ਗੁਲਾਬੋ ਮਾਸੀ' ਦੇ ਨਾਂ ਨਾਲ ਜਾਣਦੇ ਹਨ। ਦੱਸ ਦਈਏ ਕਿ ਨਿਰਮਲ ਰਿਸ਼ੀ ਕਈ ਨਾਮੀ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਨਿਰਮਲ ਰਿਸ਼ੀ ਨੇ ਬੀਤੇ ਸਾਲ ਨੀਰੂ ਬਾਜਵਾ ਨਾਲ ਫ਼ਿਲਮ 'ਬੂਹੇ ਬਾਰੀਆਂ' ਕੀਤੀ ਸੀ, ਇਸ 'ਚ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਹ ਜਲਦ ਹੀ 'ਨੀਂ ਮੈਂ ਸੱਸ ਕੁਟਣੀ 2', ਨਿਮਰਤ ਖਹਿਰਾ ਨਾਲ ਫ਼ਿਲਮ 'ਮਾਣਮੱਤੀ' 'ਚ ਵੀ ਨਜ਼ਰ ਆਉਣਗੇ।

ਕਈ ਫ਼ਿਲਮਾਂ 'ਚ ਕੀਤਾ ਕੰਮ
ਦੱਸਣਯੋਗ ਹੈ ਕਿ ਨਿਰਮਲ ਰਿਸ਼ੀ ਨੇ 60 ਦੇ ਕਰੀਬ ਫ਼ਿਲਮਾਂ 'ਚ ਅਦਾਕਾਰੀ ਕੀਤੀ ਹੈ। 'ਲੌਂਗ ਦਾ ਲਿਸ਼ਕਾਰਾ' (1983), 'ਉੱਚਾ ਦਰ ਬਾਬੇ ਨਾਨਕ ਦਾ' (1985), 'ਦੀਵਾ ਬਲੇ ਸਾਰੀ ਰਾਤ', 'ਸੁਨੇਹਾ', 'ਲਵ ਪੰਜਾਬ' (2015), 'ਡੈਥ ਔਨ ਵੀਲਜ਼', 'ਵੁਮੇਨ ਫ੍ਰੋਮ ਦੀ ਈਸਟ', 'ਨਿੱਕਾ ਜ਼ੈਲਦਾਰ' (2016), 'ਅੰਗਰੇਜ' (2015), 'ਲਹੌਰੀਏ' (2017) ਅਤੇ 'ਨਿੱਕਾ ਜ਼ੈਲਦਾਰ 2' (2017) ਅਤੇ ਹੋਰ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ।

ਨਿਰਮਲ ਰਿਸ਼ੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 'ਪਦਮ ਪੁਰਸਕਾਰ' ਨਾਲ ਕੀਤਾ ਸਨਮਾਨਿਤ
NEXT STORY