ਬਟਾਲਾ (ਮਠਾਰੂ)—ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਪਵਿੱਤਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਨਵ-ਉਸਾਰੀ ਦਾ ਮਾਮਲਾ ਸੁਲਝਾਅ ਲਿਆ ਗਿਆ ਹੈ, ਜਿਸ ਤਹਿਤ ਹੁਣ 16 ਜੂਨ ਨੂੰ ਪੰਜ ਪਿਆਰਿਆਂ ਵੱਲੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਟੱਕ ਲਾ ਕੇ ਇਸ ਮਹਾਵ ਕਾਰ-ਸੇਵਾ ਦੀ ਆਰੰਭਤਾ ਕੀਤੀ ਜਾਵੇਗੀ, ਕਿਉਂਕਿ ਨਵ-ਉਸਾਰੀ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ 'ਚ ਮਤਾ ਪਾਸ ਕੀਤਾ ਜਾ ਚੁੱਕਾ ਹੈ। ਹਲਕੇ ਦੇ ਨੌਜਵਾਨ ਧਾਰਮਕ ਆਗੂ ਭਾਈ ਸੁਖਵਿੰਦਰ ਸਿੰਘ ਅਗਵਾਨ ਦੇ ਯਤਨਾਂ ਸਦਕਾ ਸੁਲਝੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ ਮੁਖੀ ਸੰਤ ਬਾਬਾ ਸੇਵਾ ਸਿਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਵਿਚਾਰ ਸਾਂਝੇ ਕਰਦਿਆਂ ਨਵ-ਉਸਾਰੀ ਸਬੰਧੀ ਇਤਰਾਜ਼ ਜਿਤਾਉਣ ਵਾਲੇ ਸ਼ੰਕੇ ਨਵਿਰਤ ਕੀਤੇ ਗਏ। ਕਾਰ ਸੇਵਾ ਮੁਖੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਨਵ-ਉਸਾਰੀ ਦੌਰਾਨ ਇਤਿਹਾਸਕ ਥੜਾ ਸਾਹਿਬ, ਇਤਿਹਾਸਕ ਸੁਨਹਿਰੀ ਪਾਲਕੀ ਸਾਹਿਬ ਅਤੇ ਪੁਰਾਤਨ ਗੁੰਬਦ ਨੂੰ ਨੁਕਸਾਨ ਪਹੁੰਚਾਏ ਬਿਨਾਂ ਸੇਵਾ ਸੰਭਾਲ ਕਰਦਿਆਂ ਸਥਾਪਤ ਕੀਤਾ ਜਾਵੇਗਾ। ਉਨ੍ਹਾਂਂ ਦੱਸਿਆ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੇਠਾਂ ਜ਼ਮੀਨ ਦੋਜ਼ ਕੀਤੇ ਗਏ ਇਤਿਹਾਸਕ ਖੂਹ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਬਾਹਰ ਕੱਢਦਿਆਂ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਦਿੱਖ ਵਾਲੀ ਉਸਾਰੀ ਕਾਰਵਾਈ ਜਾਵੇਗੀ। ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਨਵ-ਉਸਾਰੀ ਦੀ ਕਾਰ ਸੇਵਾ ਮੌਕੇ 16 ਜੂਨ ਨੂੰ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਮਦਮੀ ਟਕਸਾਵ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਸਮੇਤ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਅਤੇ ਹੋਰ ਧਾਰਮਕ ਸ਼ਖਸ਼ੀਅਤਾਂ ਸ਼ਾਮਲ ਹੋਣਗੀਆਂ। ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਾਬਾ ਸੱਜਣ ਸਿੰਘ ਬੱਜੂਮਾਨ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਉੱਘੇ ਧਾਰਮਕ ਆਗੂ ਭਾਈ ਸੁਖਵਿੰਦਰ ਸਿੰਘ ਅਗਵਾਨ ਦੀ ਅਗਵਾਈ 'ਚ ਕਮੇਟੀ ਕਾਇਮ ਕਰਕੇ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਭਾਈ ਲੌਂਗੋਵਾਲ ਅਤੇ ਹੋਰ ਧਾਰਮਿਕ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਸੰਬੰਧੀ ਨੌਜਵਾਨ ਆਗੂ ਭਾਈ ਸੁਖਵਿੰਦਰ ਸਿੰਘ ਅਗਵਾਨ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਗਈ ਅਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਗਿਆ।
ਈਦ ਮੌਕੇ ਤਾਲਿਬਾਨ ਨੇ ਅਫਗਾਨ ਸੁਰੱਖਿਆ ਫੌਜ ਨਾਲ ਜੰਗਬੰਦੀ 'ਤੇ ਸਹਿਮਤੀ ਪ੍ਰਗਟਾਈ
NEXT STORY