ਦੌਰਾਂਗਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ, ਵਿਨੋਦ) : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਲਗਾਤਾਰ ਸਰਹੱਦੀ ਖੇਤਰ ਅੰਦਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀ ਨਸ਼ਾ ਸਮੱਗਲਰਾਂ ਲਈ ਹੈਰੋਇਨ ਸੁੱਟਣ ਦਾ ਸਿਲਸਿਲਾ ਜਾਰੀ ਹੈ ਜਿਸ ਦੇ ਤਹਿਤ ਬੀਤੇ ਦਿਨੀਂ ਬੀ. ਓ. ਪੀ. ਚੌੜਾ ਦੀ ਭਾਰਤੀ ਸਰਹੱਦ ’ਚ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣੀ ਗਈ ਸੀ ਪਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੂਰੀ ਤਨਦੇਹੀ ਨਾਲ ਡਿਊਟੀ 'ਤੇ ਤਾਇਨਾਤ ਹੋਣ ਕਾਰਨ ਇਹ ਡਰੋਨ ਮੁੜ ਵਾਪਸ ਪਾਕਿਸਤਾਨ ਵਾਲੀ ਸਾਈਡ ਨੂੰ ਭੱਜਣਾ ਪਿਆ। ਇਸ ਤੋਂ ਬਾਅਦ ਡੀਐੱਸਪੀ ਦੀਨਾਨਗਰ ਸੁਖਵਿੰਦਰ ਪਾਲ ਸਿੰਘ ਦੀ ਅਗਵਾਈ ਹੇਠਾਂ ਪੰਜਾਬ ਪੁਲਸ ਫੋਰਸ ਅਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਾਂਝੇ ਤੌਰ 'ਤੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ ਸੀ ਜਿਸ ਤਹਿਤ ਪਿੰਡ ਚੌਂਤਰਾ ਵਿਖੇ ਇਕ ਕਿਸਾਨ ਦੇ ਖੇਤਾਂ ਵਿੱਚੋਂ ਇੱਕ ਪੈਕੇਟ ਹੈਰੋਇਨ ਦਾ ਬਰਾਮਦ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਨਾਨਗਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਪੈਕੇਟ ਪੀਲੇ ਰੰਗ ਦੀ ਟੇਪ ਵਿਚ ਲਪੇਟਿਆ ਹੋਇਆ ਸੀ ਜਦ ਇਸ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਇਸ ਵਿੱਚੋਂ 530 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਵੱਲੋਂ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਨਾਮਲੂਮ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪੰਜਾਬ ਪੁਲਸ ਨੇ ਸੀਲ ਕੀਤਾ ਗੁਰਦਾਸਪੁਰ ਜ਼ਿਲ੍ਹਾ, 10 ਸਪੈਸ਼ਲ ਨਾਕੇ, 1500 ਮੁਲਾਜ਼ਮ ਤਾਇਨਾਤ
NEXT STORY