ਅੰਮ੍ਰਿਤਸਰ (ਸਰਬਜੀਤ) - ਹੋਲੀ ਦਾ ਤਿਉਹਾਰ ਜਿਥੇ ਪੂਰੇ ਦੇਸ਼ ਵਿਚ ਮਨਾਇਆ ਗਿਆ, ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਲੇ-ਮਹੱਲੇ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਚ ਇਕ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ, ਜਿਥੇ ਗੁਲਾਬ ਦੇ ਫੁੱਲਾਂ ਅਤੇ ਇਤਰ (ਅਤਰ) ਦੀ ਮਹਿਕ ਨਾਲ ਪੂਰਾ ਪਰਿਕਰਮਾ ਅਤੇ ਪ੍ਰਕਾਸ਼ ਅਸਥਾਨ ਮਹਿਕ ਉੱਠਿਆ।
ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਆਸਨ ਲਈ ਲਿਜਾਣ ਸਮੇਂ ਸ਼ਰਧਾਲੂਆਂ ਦਾ ਭਾਰੀ ਸੈਲਾਬ ਉਮੜਿਆ। ਇਸ ਦੌਰਾਨ ਸੰਗਤਾਂ ਵੱਲੋਂ ਰੰਗ-ਬਰੰਗੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਤਰ ਦਾ ਛਿੜਕਾਅ ਕੀਤਾ ਗਿਆ। ਵਾਤਾਵਰਣ ਇਸ ਕਦਰ ਸੁਗੰਧਿਤ ਹੋ ਗਿਆ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਨੂੰ ਖ਼ੁਸ਼ਬੂ ਦੀ ਚਾਦਰ ਨੇ ਢੱਕ ਲਿਆ ਹੋਵੇ।
ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਇਸ ਰੂਹਾਨੀ ਪਲ ਨੂੰ ਆਪਣੀ ਜ਼ਿੰਦਗੀ ਦਾ ਯਾਦਗਾਰੀ ਲਮਹਾ ਦੱਸਿਆ ਅਤੇ ਇਸ ਨਜ਼ਾਰੇ ਨੂੰ ਆਪਣੇ ਮੋਬਾਈਲਾਂ ਵਿਚ ਕੈਦ ਕੀਤਾ। ਜਿਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਵਰਖਾ ਨੇ ਵਾਤਾਵਰਣ ਨੂੰ ਭਗਤੀਮਈ ਬਣਾ ਦਿੱਤਾ, ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਵਿਚ ਨਿਹੰਗ ਸਿੰਘਾਂ ਦੇ ਜੌਹਰਾਂ ਨੇ ਸਭ ਦਾ ਮਨ ਮੋਹ ਲਿਆ। ਸੰਗਤਾਂ ਦਾ ਕਹਿਣਾ ਸੀ ਕਿ ਅਜਿਹਾ ਅਲੌਕਿਕ ਨਜ਼ਾਰਾ ਦੁਨੀਆ ਵਿਚ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦਾ।
ਗਿਆਨੀ ਗੁਰਬਖਸ਼ ਸਿੰਘ ਅੱਜ ਕਰਨਗੇ ਹੁਕਮਨਾਮੇ ਦੀ ਪਵਿੱਤਰ ਕਥਾ
NEXT STORY