ਅੰਮ੍ਰਿਤਸਰ (ਸੰਜੀਵ)-ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਪਿੰਡ ਖਿਆਲਾ ਕਲਾਂ ਦੇ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ, ਜਿਸ ਵਿਚ ਪੁਲਸ ਨੇ ਕ੍ਰਿਪਾਨ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਦਿਲਪ੍ਰੀਤ ਸਿੰਘ ਸਮੇਤ ਉਸ ਦੇ ਸਾਥੀ ਲਖਵਿੰਦਰ ਸਿੰਘ ਲੱਖਾ, ਸਰਵਣ ਸਿੰਘ ਸੰਮਾ, ਗੁਰਭੇਜ ਸਿੰਘ ਜਾਬਡ਼, ਗੁਰਭੇਜ ਸਿੰਘ ਭੇਜਾ ਤੇ ਲਾਡਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਦੋਸ਼ੀਆਂ ਦੇ ਕਬਜ਼ੇ ’ਚੋਂ ਵਾਰਦਾਤ ਮੌਕੇ ਵਰਤੀ ਕੀਤੀ ਗਈ ਕ੍ਰਿਪਾਨ ਤੇ ਮੋਟਰਸਾਈਕਲ ਬਰਾਮਦ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ। ਇਹ ਖੁਲਾਸਾ ਅੱਜ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦਿਲਪ੍ਰੀਤ ਸਿੰਘ ਦਾ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਦੋਂ ਕਿ ਹੋਰ ਦੋਸ਼ੀਆਂ ਦੀ ਵੀ ਸਰਬਜੀਤ ਸਿੰਘ ਨਾਲ ਗਲੀ ਨੂੰ ਲੈ ਕੇ ਲਡ਼ਾਈ ਸੀ, ਜਿਸ ’ਤੇ ਉਕਤ ਦੋਸ਼ੀਆਂ ਨੇ ਮਿਲ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਤੇ ਇਹ ਕੰਮ ਦਿਲਪ੍ਰੀਤ ਸਿੰਘ ਨੂੰ ਸੌਂਪ ਦਿੱਤਾ ਅਤੇ ਬਾਕੀ ਦੋਸ਼ੀਆਂ ਨੇ ਉਸ ਨੂੰ ਕਿਹਾ ਕਿ ਉਹ ਸਾਰੇ ਉਸ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ ਤੇ ਉਸ ਦੀ ਜ਼ਮੀਨ ਵੀ ਉਸ ਨੂੰ ਵਾਪਸ ਦਿਵਾਉਣਗੇ, ਜਿਸ ’ਤੇ ਦਿਲਪ੍ਰੀਤ ਸਿੰਘ ਸਾਬਕਾ ਸਰਪੰਚ ਸਰਬਜੀਤ ਸਿੰਘ ਦੀ ਹੱਤਿਆ ਕਰਨ ਨੂੰ ਤਿਆਰ ਹੋ ਗਿਆ। ਸਾਜ਼ਿਸ਼ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਹੱਤਿਆ ਤੇਜ਼ਧਾਰ ਹਥਿਆਰ ਨਾਲ ਕੀਤੀ ਜਾਵੇਗੀ, ਜਿਸ ਨੂੰ ਨਸ਼ਟ ਕਰਨਾ ਵੀ ਆਸਾਨ ਹੈ, ਜਿਸ ’ਤੇ ਦੋਸ਼ੀਆਂ ਨੇ ਸਰਬਜੀਤ ਸਿੰਘ ਦੀ ਰੇਕੀ ਸ਼ੁਰੂ ਕਰ ਦਿੱਤੀ। 2-3 ਦਿਨ ਤਾਂ ਪਹਿਲਾਂ ਸਾਬਕਾ ਸਰਪੰਚ ਸਰਬਜੀਤ ਸਿੰਘ ਆਪਣੇ ਖੇਤਾਂ ਵੱਲ ਗਿਆ ਹੀ ਨਹੀਂ ਅਤੇ ਜਦੋਂ 7 ਅਗਸਤ ਨੂੰ ਉਹ ਐਕਟਿਵਾ ’ਤੇ ਆਪਣੀ ਬੰਬੀ ’ਤੇ ਗਿਆ ਤਾਂ ਉਸ ’ਤੇ ਸਾਰੇ ਦੋਸ਼ੀਆਂ ਨਾਲ ਦਿਲਪ੍ਰੀਤ ਸਿੰਘ ਵੀ ਨਜ਼ਰ ਰੱਖ ਰਿਹਾ ਸੀ, ਜਿਵੇਂ ਹੀ ਉਹ ਆਪਣੇ ਖੇਤਾਂ ਨੂੰ ਗਿਆ ਤਾਂ ਉਸ ਦਾ ਪਿੱਛਾ ਕਰ ਰਿਹਾ ਦਿਲਪ੍ਰੀਤ ਵੀ ਮੋਟਰਸਾਈਕਲ ’ਤੇ ਉਥੇ ਪੁੱਜਾ ਅਤੇ ਤੇਜ਼ਧਾਰ ਕ੍ਰਿਪਾਨ ਨਾਲ ਉਸ ’ਤੇ ਇਹ ਕਹਿ ਕੇ ਵਾਰ ਸ਼ੁਰੂ ਕਰ ਦਿੱਤੇ ਕਿ ਉਸ ਨੇ ਉਸ ਦੀ ਜ਼ਮੀਨ ਬਿਨਾਂ ਪੈਸੇ ਦਿੱਤੇ ਹਿੰਦੇ ਦੇ ਨਾਂ ਕਰਵਾ ਦਿੱਤੀ ਸੀ।
ਹਮਲੇ ਦੌਰਾਨ ਸਾਬਕਾ ਸਰਪੰਚ ਦਿਲਪ੍ਰੀਤ ਨੂੰ ਸਫਾਈ ਦਿੰਦਾ ਰਿਹਾ ਪਰ ਦਿਲਪ੍ਰੀਤ ਨੇ ਉਸ ਦੀ ਇਕ ਨਾ ਸੁਣੀ ਅਤੇ ਕ੍ਰਿਪਾਨ ਨਾਲ ਉਸ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ, ਜਿਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਦਿਲਪ੍ਰੀਤ ਵਾਰਦਾਤ ਨੂੰ ਅੰਜਾਮ ਦੇ ਕੇ ਕ੍ਰਿਪਾਨ ਨੂੰ ਕੱਪਡ਼ੇ ਵਿਚ ਲਪੇਟ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣਾ ਮੋਬਾਇਲ ਬੰਦ ਕਰ ਦਿੱਤਾ ਅਤੇ ਘਰਿੰਡਾ ਚਲਾ ਗਿਆ। ਐੱਸ. ਐੱਸ. ਪੀ. ਪਰਮਪਾਲ ਨੇ ਦੱਸਿਆ ਕਿ ਪੁਲਸ ਦੀ ਵਿਸ਼ੇਸ਼ ਟੀਮ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਸੀ। ਮੌਕੇ ਤੋਂ ਮਿਲੇ ਕੁਝ ਅਜਿਹੇ ਸੁਰਾਗ ਜਿਨ੍ਹਾਂ ’ਤੇ ਡੁੂੰਘਾਈ ਨਾਲ ਕੰਮ ਕਰਨ ’ਤੇ ਦੋਸ਼ੀ ਸਾਹਮਣੇ ਆ ਗਿਆ, ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਹੱਤਿਆ ਦੀ ਇਸ ਪੂਰੀ ਸਾਜ਼ਿਸ਼ ਬੇਨਕਾਬ ਹੋ ਗਈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦਿਲਪ੍ਰੀਤ ਦੀ ਜ਼ਮੀਨ ਸਰਬਜੀਤ ਦੇ ਭਾਣਜੇ ਨੇ ਕਰਵਾਈ ਸੀ ਆਪਣੇ ਨਾਂ
ਦਿਲਪ੍ਰੀਤ ਦੀ 3 ਏਕਡ਼ ਜ਼ਮੀਨ ਪਿੰਡ ਖਿਆਲਾ ਕਲਾਂ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦੇ ਭਾਣਜੇ ਹਿੰਦੇ ਨੇ ਆਪਣੇ ਨਾਂ ਕਰਵਾ ਲਈ ਸੀ, ਜਿਸ ਵਿਚ ਦਿਲਪ੍ਰੀਤ ਦਾ ਦੋਸ਼ ਸੀ ਕਿ ਜ਼ਮੀਨ ਸਰਬਜੀਤ ਦੀ ਸਹਿਮਤੀ ’ਤੇ ਲਿਖਵਾਈ ਗਈ ਅਤੇ ਉਸ ਨੂੰ ਜ਼ਮੀਨ ਦੇ ਪੈਸੇ ਵੀ ਨਹੀਂ ਦਿੱਤੇ ਗਏ, ਜਿਸ ਕਾਰਨ ਉਸ ਨੂੰ ਆਪਣੀ ਰੋਟੀ ਕਮਾਉਣ ਲਈ ਦਿਹਾਡ਼ੀ ਕਰਨੀ ਪੈਂਦੀ ਹੈ। ਵਾਰ-ਵਾਰ ਪੈਸੇ ਮੰਗਣ ’ਤੇ ਵੀ ਦਿਲਪ੍ਰੀਤ ਨੂੰ ਜਦੋਂ ਜ਼ਮੀਨ ਦੇ ਪੈਸੇ ਨਾ ਮਿਲੇ ਤਾਂ ਹੋਰ ਦੋਸ਼ੀਆਂ ਨੇ ਉਸ ਦਾ ਫਾਇਦਾ ਚੁੱਕਿਆ ਤੇ ਸਰਬਜੀਤ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ।
ਦੋਸ਼ੀ ਸੰਮਾ ਨੇ ਹੱਤਿਆ ਬਦਲੇ ਕੀਤੀ ਸੀ 5 ਲੱਖ ਦੇਣ ਦੀ ਗੱਲ
ਜਦੋਂ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਦੀ ਹੱਤਿਆ ਦੀ ਯੋਜਨਾ ਤਿਆਰ ਕੀਤੀ ਗਈ ਤਦ ਦੋਸ਼ੀ ਸਰਵਣ ਸਿੰਘ ਸੰਮਾ ਨੇ ਦਿਲਪ੍ਰੀਤ ਨੂੰ ਕਿਹਾ ਕਿ ਉਨ੍ਹਾਂ ਦੀ ਗਲੀ ਦਾ ਝਗਡ਼ਾ ਚੱਲ ਰਿਹਾ ਹੈ, ਜਦੋਂਕਿ ਤੁਹਾਡਾ ਤਾਂ ਉਸ ਨਾਲ ਜ਼ਮੀਨੀ ਵਿਵਾਦ ਹੈ, ਜੇਕਰ ਉਹ ਸਾਬਕਾ ਸਰਪੰਚ ਨੂੰ ਮਾਰ ਦੇਵੇਗਾ ਤਾਂ ਉਸ ਦਾ ਘਰ ਵੀ ਬਣਾ ਦੇਵਾਂਗੇ ਤੇ ਉਸ ਦੀ ਜ਼ਮੀਨ ਵੀ ਛੁਡਵਾ ਦੇਵਾਂਗੇ ਅਤੇ ਉਸ ਨੂੰ 5 ਲੱਖ ਰੁਪਏ ਵੀ ਦੇਣਗੇ, ਜਿਸ ’ਤੇ ਦਿਲਪ੍ਰੀਤ ਤਿਆਰ ਹੋ ਗਿਆ ਤੇ ਉਸ ਨੇ ਹੱਤਿਆ ਨੂੰ ਅੰਜਾਮ ਦੇ ਦਿੱਤਾ। ਇਹ ਖੁਲਾਸਾ ਵੀ ਐੱਸ. ਐੱਸ. ਪੀ. ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਫਲੈਸ਼ ਬੈਕ
ਯਾਦ ਰਹੇ ਕਿ 7 ਅਗਸਤ ਦੀ ਸਵੇਰ ਪਿੰਡ ਖਿਆਲਾ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦੀ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਵਾਰਦਾਤ ਉਸ ਸਮੇਂ ਹੋਈ ਜਦੋਂ ਸਰਬਜੀਤ ਸਿੰਘ ਖੇਤਾਂ ’ਚ ਚੱਕਰ ਲਾਉਣ ਗਿਆ ਸੀ ਅਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਸਮੇਂ ਸਰਬਜੀਤ ਸਿੰਘ ਨੂੰ ਮਾਰਿਆ ਗਿਆ ਉਸੇ ਦੌਰਾਨ ਉਸ ਦਾ ਨੌਕਰ ਬਲਰਾਮ ਸਿੰਘ ਖੇਤਾਂ ਵਿਚ ਹੀ ਕੰਮ ਕਰ ਰਿਹਾ ਸੀ, ਜਿਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਕਿਸੇ ਵਿਅਕਤੀ ਨੂੰ ਮੋਟਰਸਾਈਕਲ ’ਤੇ ਭੱਜਦੇ ਦੇਖਿਆ ਸੀ ਅਤੇ ਜਦੋਂ ਉਹ ਬੰਬੀ ’ਤੇ ਆਇਆ ਤਾਂ ਸਰਬਜੀਤ ਸਿੰਘ ਖੂਨ ਨਾਲ ਲਥਪਥ ਪਿਆ ਸੀ। ਮੋਟਰਸਾਈਕਲ ’ਤੇ ਭੱਜਣ ਵਾਲਾ ਦਿਲਪ੍ਰੀਤ ਸਿੰਘ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ।
ਜਗ ਬਾਣੀ ਨੇ ਸਪੱਸ਼ਟ ਕੀਤਾ ਸੀ ਹੱਤਿਆ ਦੇ ਪਿੱਛੇ ਜ਼ਮੀਨੀ ਵਿਵਾਦ
ਪਰਿਵਾਰ ਵਾਲਿਆਂ ਨੇ ਪੁਲਸ ਨੂੰ ਇਸ ਹੱਤਿਆ ਪਿੱਛੇ ਰਾਜਨੀਤਕ ਰੰਜਿਸ਼ ਦੱਸੀ ਸੀ, ਜਦੋਂਕਿ ਜਗ ਬਾਣੀ ਨੇ ਆਪਣੇ ਸਮਾਚਾਰ ਵਿਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਾਬਕਾ ਸਰਪੰਚ ਸਰਬਜੀਤ ਸਿੰਘ ਦੀ ਹੱਤਿਆ ਜ਼ਮੀਨੀ ਵਿਵਾਦ ਕਾਰਨ ਹੋਈ ਹੈ, ਜਿਸ ਦੀ ਪੁਸ਼ਟੀ ਹੱਤਿਆ ’ਚ ਸ਼ਾਮਿਲ ਦੋਸ਼ੀਆਂ ਦੀ ਗ੍ਰਿਫਤਾਰੀ ਉਪਰੰਤ ਪੁਲਸ ਵੱਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਈ।
ਕਿਸ ’ਤੇ ਦਰਜ ਕੀਤਾ ਗਿਆ ਸੀ ਹੱਤਿਆ ਦਾ ਮਾਮਲਾ
ਸਾਬਕਾ ਸਰਪੰਚ ਦੀ ਹੱਤਿਆ ਦੇ ਮਾਮਲੇ ’ਚ ਥਾਣਾ ਲੋਪੋਕੇ ਦੀ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ’ਤੇ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ, ਜਿਸ ਵਿਚ ਪੁਲਸ ਵੱਲੋਂ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਪਰਚੇ ਵਿਚ ਸ਼ਾਮਿਲ ਦਿਲਬਾਗ ਸਿੰਘ ਦਾ ਇਸ ਹੱਤਿਆ ਨਾਲ ਕੋਈ ਲੈਣ-ਦੇਣ ਨਹੀਂ ਹੈ। ਐੱਸ. ਐੱਸ. ਪੀ. ਦਿਹਾਤੀ ਨੇ ਕਿਹਾ ਕਿ ਉਸ ਨੂੰ ਪਰਚੇ ਤੋਂ ਬਾਹਰ ਕੀਤਾ ਜਾਵੇਗਾ।
ਅਮਰਪੁਰੀ ਸਕੂਲ ਦੀ ਪ੍ਰਿੰਸੀਪਲ ਨੂੰ ‘ਟਾਈਮਸ ਆਫ ਇੰਡੀਆ’ ਨੇ ਕੀਤਾ ਸਨਮਾਨਤ
NEXT STORY