ਅੰਮ੍ਰਿਤਸਰ (ਛੀਨਾ)-ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਮਿੰਨੀ ਬੱਸਾਂ ਦੇ ਪਰਮਿਟ ਰੀਨਿਊ ਨਾ ਕੀਤੇ ਜਾਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਅਰਪੋਰਟ ਤੱਕ ਮੈਟਰੋ ਬੱਸਾਂ ਚਲਾਉਣ ਦੇ ਵਿਰੋਧ ’ਚ ਅੱਜ ਸੈਂਕੜੇ ਮਿੰਨੀ ਬੱਸ ਆਪ੍ਰੇਟਰਾਂ ਤੇ ਵਰਕਰਾਂ ਨੇ ਗੁੰਮਟਾਲਾ ਬਾਈਪਾਸ ’ਤੇ ਚੱਕਾ ਜਾਮ ਕਰ ਕੇ ਕੈਪਟਨ ਸਰਕਾਰ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਖ਼ਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਚੱਕਾ ਜਾਮ ਹੋਣ ਕਾਰਨ ਪੁਲ ਦੇ ਚਾਰੇ ਪਾਸਿਓਂ ਆਵਾਜਾਈ ਦਾ ਰਸਤਾ ਬੰਦ ਹੋ ਗਿਆ, ਜਿਸ ਕਾਰਨ ਦੂਰ-ਦੂਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗਣ ਸਦਕਾ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਰੋਹ ਨਾਲ ਭਰੇ ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਮਿੰਨੀ ਬੱਸਾਂ ਦੇ ਕਾਰੋਬਾਰ ਨੂੰ ਖਤਮ ਕਰਨ ’ਤੇ ਤੁਲੀ ਹੋਈ ਕੈਪਟਨ ਸਰਕਾਰ ਨੂੰ ਅੱਜ ਇਕ ਮਿੰਨੀ ਬੱਸ ਸਾੜ ਕੇ ਬਲੀ ਦਿਆਂਗੇ ਤੇ ਕੱਲ ਤੋਂ ਰੋਜ਼ਾਨਾ ਇਕ ਆਪ੍ਰੇਟਰ ਖ਼ੁਦਕੁਸ਼ੀ ਕਰੇਗਾ ਅਤੇ ਇਹ ਸਿਲਸਿਲਾ ਓਨੀ ਦੇਰ ਤੱਕ ਲਗਾਤਾਰ ਜਾਰੀ ਰਹੇਗਾ, ਜਦੋਂ ਤੱਕ ਕੁੰਭਕਰਨੀ ਨੀਂਦ ਸੁੱਤੀ ਹੋਈ ਕੈਪਟਨ ਸਰਕਾਰ ਦੀਆਂ ਅੱਖਾਂ ਨਹੀਂ ਖੁੱਲ੍ਹ ਜਾਂਦੀਆਂ। ਬੱਬੂ ਨੇ ਕਿਹਾ ਕਿ ਬੱਸ ਆਪ੍ਰੇਟਰ ਪੰਜਾਬ ਸਰਕਾਰ ਨੂੰ ਟੈਕਸਾਂ ਦੇ ਰੂਪ ’ਚ ਪੈਸੇ ਜਮ੍ਹਾ ਕਰਵਾ ਕੇ ਸਰਕਾਰ ਦੇ ਖਜ਼ਾਨੇ ਨੂੰ ਗੁਲਜ਼ਾਰ ਕਰਦੇ ਹਨ ਤੇ ਸਰਕਾਰ ਫਿਰ ਵੀ ਸਾਡਾ ਕਾਰੋਬਾਰ ਖਤਮ ਕਰਨ ਦੀਆਂ ਵਿਉਂਤਾਂ ਘੜ ਰਹੀ ਹੈ।
ਬੱਬੂ ਨੇ ਗਰਜਦੀ ਆਵਾਜ਼ ’ਚ ਆਖਿਆ ਕਿ ਕੈਪਟਨ ਸਰਕਾਰ ਨਾ ਸੋਚੇ ਕਿ ਅਸੀਂ ਉਸ ਦੀ ਘੂਰੀ ਤੋਂ ਡਰ ਕੇ ਮੈਦਾਨ ਖਾਲੀ ਕਰ ਦਿਆਂਗੇ। ਅਸੀਂ ਲੜਦੇ ਹੋਏ ਕੁਰਬਾਨ ਹੋ ਜਾਂਵਾਗੇ ਪਰ ਆਪਣੀ ਰੋਜ਼ੀ-ਰੋਟੀ ਦੇ ਮਾਮਲੇ ’ਚ ਝੁਕਾਂਗੇ ਨਹੀਂ। ਇਸ ਤੋਂ ਬਾਅਦ ਜਿਉਂ ਹੀ ਬਲਦੇਵ ਸਿੰਘ ਬੱਬੂ ਨੇ ਐੱਮ. ਪੀ. ਔਜਲਾ ਦੇ ਦਫਤਰ ਮੂਹਰੇ ਮਿੰਨੀ ਬੱਸ ਸਾੜਨ ਦਾ ਐਲਾਨ ਕੀਤਾ ਤਾਂ ਕੁਝ ਮਿੰਟਾਂ ਬਾਅਦ ਹੀ ਔਜਲਾ ਖੁਦ ਪ੍ਰਦਰਸ਼ਨਕਾਰੀਆਂ ਕੋਲ ਪਹੁੰਚ ਗਏ ਅਤੇ ਭਰੋਸਾ ਦਿਵਾਇਆ ਕਿ ਉਹ ਇਕ ਹਫਤੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਮਾਂ ਲੈ ਕੇ ਮਿੰਨੀ ਬੱਸਾਂ ਵਾਲਿਆਂ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ। ਜਿਸ ਦੌਰਾਨ ਬਿਨਾਂ ਸ਼ਰਤ ਪਰਮਿਟ ਰੀਨਿਊ ਕਰਨ ਸਮੇਤ ਬਾਕੀ ਵੀ ਚਿਰਾਂ ਤੋਂ ਲਟਕਦੇ ਆ ਰਹੇ ਸਭ ਮਸਲੇ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।
ਔਜਲਾ ਨੇ ਕਿਹਾ ਕਿ ਮਿੰਨੀ ਬੱਸਾਂ ਵਾਲਿਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਤੱਕ ਏਅਰਪੋਰਟ ਤੱਕ ਮੈਟਰੋ ਬੱਸਾਂ ਦੀ ਆਵਾਜਾਈ ਵੀ ਬੰਦ ਰਹੇਗੀ। ਇਸ ਮੌਕੇ ਐੱਮ. ਪੀ. ਔਜਲਾ ਦੇ ਭਰੋਸੇ ਤੋਂ ਬਾਅਦ ਮਿੰਨੀ ਬੱਸਾਂ ਵਾਲਿਆਂ ਨੇ ਆਵਾਜਾਈ ਤਾਂ ਬਹਾਲ ਕਰ ਦਿੱਤੀ ਪਰ ਪ੍ਰਧਾਨ ਬੱਬੂ ਨੇ ਨਾਲ ਹੀ ਐਲਾਨ ਕੀਤਾ ਕਿ ਜੇਕਰ ਇਸ ਵਾਰ ਵੀ ਸਾਡੇ ਨਾਲ ਵਾਅਦਾ ਖਿਲਾਫੀ ਹੋਈ ਤਾਂ ਅਗਲੀ ਵਾਰ ਦਾ ਸੰਘਰਸ਼ ਅੱਜ ਨਾਲੋਂ ਕਈ ਗੁਣਾ ਜ਼ਿਆਦਾ ਤਿੱਖਾ ਹੋਵੇਗਾ। ਇਸ ਸਮੇਂ ਅੰਮ੍ਰਿਤਸਰ ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ, ਸਵਿੰਦਰ ਸਿੰਘ ਸਹਿੰਸਰਾਂ, ਸੁਖਬੀਰ ਸਿੰਘ ਸੋਹਲ, ਜਗਦੀਸ਼ ਸਿੰਘ ਵਡਾਲਾ, ਸਰਬਜੀਤ ਸਿਘ ਤਰਸਿੱਕਾ, ਹਰਜੀਤ ਸਿੰਘ ਝਬਾਲ, ਹੈਪੀ ਮਾਨ, ਜਗਜੀਤ ਸਿੰਘ ਭਕਨਾ, ਸਾਧੂ ਸਿੰਘ ਧਰਮੀ ਫੌਜੀ, ਕੁਲਦੀਪ ਸਿੰਘ ਝੰਜੋਟੀ ਤੇ ਹੋਰ ਵੀ ਬਹੁਤ ਸਾਰੇ ਆਪ੍ਰੇਟਰ ਤੇ ਵਰਕਰਜ਼ ਹਾਜ਼ਰ ਸਨ।
ਕਿਸਾਨਾਂ ਨਾਲ ਸੰਵਾਦ ਦੌਰਾਨ ਬਿਕਰਮ ਮਜੀਠੀਆ ਨੇ ਦਿੱਤੇ ਸੁਆਲਾਂ ਦੇ ਜੁਆਬ (ਵੀਡੀਓ)
NEXT STORY