ਬਟਾਲਾ (ਸਾਹਿਲ)- ਪੰਜਾਬ ਸਰਕਾਰ ਵਲੋਂ ਆਈ.ਪੀ.ਐੱਸ ਅਤੇ ਪੀ.ਪੀ.ਐੱਸ ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਦੇ ਤਹਿਤ ਪੁਲਸ ਜ਼ਿਲ੍ਹਾ ਬਟਾਲਾ ਦੇ ਪਹਿਲੇ ਐੱਸ.ਐੱਸ.ਪੀ ਗੌਰਵ ਤੁਰਾ ਦੇ ਕੀਤੇ ਤਬਾਦਲੇ ਤੋਂ ਬਾਅਦ ਇਸ ਪੁਲਸ ਜ਼ਿਲ੍ਹੇ ਦੀ ਕਮਾਂਡ ਰਾਜਪਾਲ ਸਿੰਘ ਸੰਧੂ ਨੇ ਨਵੇਂ ਐੱਸ.ਐੱਸ.ਪੀ ਬਟਾਲਾ ਵਜੋਂ ਸੰਭਾਲ ਲਈ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਪੁਲਸ ਜ਼ਿਲ੍ਹੇ ਵਿਚ ਕੋਈ ਨਵਾਂ ਐੱਸ.ਐੱਸ.ਪੀ ਕਦਮ ਰੱਖਦਾ ਹੈ ਤਾਂ ਉਸ ਅੱਗੇ ਵੱਡੀਆਂ ਚੁਨੌਤੀਆਂ ਦਾ ਢੇਰ ਲੱਗ ਜਾਂਦਾ ਹੈ। ਇਨ੍ਹਾਂ ਬਾਰੇ ਸਮੇਂ ਸਮੇਂ ’ਤੇ ਨਵੇਂ ਆਉਣ ਵਾਲੇ ਪੁਲਸ ਮੁਖੀ ਨੂੰ ਜਾਣੂ ਕਰਵਾਉਣਾ ਅਦਾਰਾ ਜਗ ਬਾਣੀ ਆਪਣਾ ਮੁੱਢਲਾ ਫਰਜ਼ ਸਮਝਦਾ ਹੈ ਤਾਂ ਜੋ ਇਸ ਜ਼ਿਲ੍ਹੇ ਵਿਚ ਕਰਾਈਮ ਜੜ੍ਹੋਂ ਖ਼ਤਮ ਹੋ ਸਕੇ ਅਤੇ ਅਮਨ ਪਸੰਦ ਸ਼ਹਿਰੀ ਲੋਕ ਨੂੰ ਸੁਖਮਈ ਵਾਤਾਵਰਣ ਵਿਚ ਆਪਣਾ ਜੀਵਲ ਬਤੀਤ ਕਰ ਸਕਣ।
ਦੂਜੇ ਪਾਸੇ ਰਾਜਪਾਲ ਸੰਧੂ ਕੁਝ ਸਾਲਾਂ ਪਹਿਲਾਂ ਵੀ ਇਥੇ ਪੁਲਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ. ਪੀ ਵਜੋਂ ਆਪਣੀ ਸੇਵਾਵਾਂ ਦੇ ਚੁੱਕੇ ਹਨ, ਜਿਸ ਕਰਕੇ ਇਹ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੁਲਸ ਮੁਖੀ ਸੰਧੂ ਲਈ ਇਹ ਪੁਲਸ ਜ਼ਿਲ੍ਹਾ ਕੋਈ ਨਵਾਂ ਹੋਵੇ। ਇਸਦੇ ਬਾਵਜੂਦ ਜਗ ਬਾਣੀ ਆਪਣਾ ਫਰਜ਼ ਨਿਭਾਉਂਦੇ ਹੋਏ ਇਸ ਸੀਨੀਅਰ ਪੁਲਸ ਕਪਤਾਨ ਨੂੰ ਜਿੰਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਉਨ੍ਹਾਂ ਬਾਰੇ ਜਾਣੂ ਕਰਵਾਉਣ ਜਾ ਰਹੀ ਹੈ, ਜੋ ਇਸ ਪ੍ਰਕਾਰ ਹਨ:-
ਸ਼ਹਿਰ ’ਚ ਦਿਨ-ਦਿਹਾੜੇ ਲੁਟੇਰਿਆਂ ਅਤੇ ਰਾਤ ਸਮੇਂ ਚੋਰਾਂ ਦਾ ਬੋਲਬਾਲਾ:
ਪੁਲਸ ਜ਼ਿਲ੍ਹਾ ਬਟਾਲਾ ਇਕ ਅਜਿਹਾ ਪੁਲਸ ਜ਼ਿਲ੍ਹਾ ਹੈ, ਜੋ ਹਮੇਸ਼ਾ ਕਰਾਈਮ ਪੱਖੋਂ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਛਾਇਆ ਰਹਿੰਦਾ ਹੈ। ਇਥੇ ਦਿਨ ਸਮੇਂ ਅਕਸਰ ਲੁਟੇਰਿਆਂ ਅਤੇ ਰਾਤ ਸਮੇਂ ਚੋਰਾਂ ਦਾ ਬੋਲਬਾਲਾ ਹੋਣ ਕਰਕੇ ਲੋਕਾਂ ਅੰਦਰ ਦਹਿਸ਼ਤ ਭਰਿਆ ਮਾਹੌਲ ਦੇਖਣ ਨੂੰ ਰੋਜ਼ਾਨਾ ਮਿਲਦਾ ਹੈ। ਲੋਕ ਡਰ ਦੇ ਕਾਰਨ ਘਰੋਂ ਬਾਹਰ ਨਿਕਲਣ ਸਮੇਂ 100 ਵਾਰ ਸੋਚਦੇ ਹਨ। ਹੋਰ ਤਾਂ ਹੋਰ ਚਾਹੇ ਕੁਝ ਮਹੀਨੇ ਪਹਿਲਾਂ ਲੁੱਟਾਂ ਖੋਹਾਂ ਦੀਆਂ ਹੁੰਦੀਆਂ ਦਿਨ-ਦਿਹਾੜਾ ਵਾਰਦਾਤਾਂ ਵਿਚ ਵਾਧਾ ਹੁੰਦਾ ਦੇਖ ਕੇ ਪਹਿਲੇ ਐੱਸ.ਐੱਸ.ਪੀ ਗੌਰਵ ਤੁਰਾ ਨੇ ਪ੍ਰਸ਼ਾਸਨ ਨਾਲ ਮਿਲ ਕੇ ਇਕ ਵਿਓਂਤਬੰਦੀ ਤਹਿਤ ਬਟਾਲਾ ਸ਼ਹਿਰ ਅੰਦਰ ਸਪੀਡ ਬ੍ਰੇਕਰ ਬਣਾ ਦਿੱਤੇ ਸਨ ਤਾਂ ਜੋ ਲੁੱਟਾਂ ਖੋਹਾਂ ਰੁਕ ਸਕਣ। ਪੁਲਸ ਦੀ ਇਸ ਕਾਰਵਾਈ ਨਾਲ ਚਾਹੇ ਕੁਝ ਹੱਦ ਤੱਕ ਇਨ੍ਹਾਂ ਵਾਰਦਾਤਾਂ ’ਤੇ ਠੱਲ੍ਹ ਪਈ ਪਰ ਲੁੱਟਾਂ ਕਰਨ ਵਾਲੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਸਹਿਜੇ ਨਿਕਲ ਜਾਂਦੇ ਹਨ।
ਰਾਤ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੋਰ ਗਿਰੋਹ ਹਮੇਸ਼ਾ ਸਰਗਰਮ ਰਹਿੰਦੇ ਹੋਏ ਬੰਦ ਘਰਾਂ, ਕੋਠੀਆਂ ਤੇ ਦੁਕਾਨਾਂ ਆਦਿ ਦੇ ਤਾਲੇ ਤੋੜ ਕੇ ਜਾਂ ਫਿਰ ਕੰਧਾਂ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਅਕਸਰ ਸਫਲ ਹੁੰਦੇ ਹਨ। ਇਸ ਕਰਕੇ ਲੋਕਾਂ ਅੰਦਰ ਚੋਰਾਂ ਤੇ ਲੁਟੇਰਿਆਂ ਦਾ ਖੌਫ 24 ਘੰਟੇ ਭਰਿਆ ਰਹਿੰਦਾ ਹੈ। ਹੁਣ ਇਹ ਦੇਖਣਾ ਹੋਵੇਗਾ ਕੀ ਨਵੇਂ ਆਏ ਪੁਲਸ ਮੁਖੀ ਇਕੋ ਰਾਤ ਵਿਚ 4-4, 5-5 ਦੁਕਾਨਾਂ ਨੂੰ ਨਿਸ਼ਾਨ ਬਣਾਉਣ ਵਾਲੇ ਚੋਰਾਂ ਅਤੇ ਲੋਕਾਂ ਦੇ ਪਰਸ, ਮੋਬਾਈਲ ਤੇ ਵਾਲੀਆਂ ਖੋਹਣ ਵਾਲੇ ਲੁਟੇਰਿਆਂ ਪ੍ਰਤੀ ਸ਼ਿਕੰਜਾ ਕੱਸਦੇ ਹਨ ਜਾਂ ਇਹ ਸਿਲਸਿਲਾ ਪੁਲਸ ਮੁਖੀ ਦੇ ਨੱਕ ਹੇਠ ਇੰਝ ਹੀ ਬਰਕਰਾਰ ਰਹਿੰਦਾ ਹੈ।
ਰਾਤ ਸਮੇਂ ਪੁਲਸ ਗਸ਼ਤ ਨਾ ਮਾਤਰ ਹੋਣ ਕਰਕੇ ਸ਼ਹਿਰ ‘ਰਾਮ’ ਭਰੋਸੇ:
ਦੱਸਣਯੋਗ ਹੈ ਕਿ ਸ਼ਹਿਰੀ ਖੇਤਰ ਹੋਵੇ ਜਾਂ ਫਿਰ ਦਿਹਾਤੀ ਰਾਤ ਸਮੇਂ ਇਨ੍ਹਾਂ ਇਲਾਕਿਆਂ ਵਿਚ ਪੁਲਸ ਦੀ ਗਸ਼ਤ ਨਾ ਮਾਤਰਾ ਹੋਣ ਕਰਕੇ ਦਿਹਾਤੀ ਏਰੀਆ ਅਤੇ ਸ਼ਹਿਰ ‘ਰਾਮ’ ਭਰੋਸੇ ਛੱਡ ਦਿੱਤਾ ਜਾਂਦਾ ਹੈ। ਸ਼ਹਿਰ ਤੇ ਦਿਹਾਤ ਖੇਤਰ ਵਿਚ ਬਣੇ ਨਾਕੇ ਵਾਲੇ ਬੰਕਰਾਂ ਵਿਚ ਕੋਈ ਪੁਲਸ ਮੁਲਾਜ਼ਮ 10 ਵਜੇ ਤੋਂ ਬਾਅਦ ਡਿਊਟੀ ਕਰਦਾ ਨਜ਼ਰੀ ਨਹੀਂ ਪੈਂਦਾ। ਸ਼ਹਿਰ ਵਿਚ ਕਿਸੇ ਵੇਲੇ ਵੀ ਰਾਤ ਨੂੰ ਵੱਡਾ ਧਮਾਕਾ ਹੋ ਜਾਵੇ ਤਾਂ ਉਸ ਲਈ ਜ਼ਿੰਮੇਵਾਰ ਜੇਕਰ ਬਟਾਲਾ ਪੁਲਸ ਨੂੰ ਠਹਿਰਾਅ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੁਲਸ ਮੁਲਾਜ਼ਮ ਗਰਮੀਆਂ ਹੋਣ ਜਾਂ ਸਰਦੀਆਂ ਰਾਤ 9-10 ਵਜੇ ਤੋਂ ਬਾਅਦ ਦਿਖਾਈ ਨਹੀਂ ਦਿੰਦੇ ਅਤੇ ਇਸ ਪਿੱਛੇ ਜੋ ਵੀ ਕਾਰਨ ਹਨ, ਉਹ ਬਟਾਲਾ ਪੁਲਸ ਭਲੀਭਾਂਤ ਜਾਣਦੀ ਹੈ। ਇਸ ਲਈ ਸ਼ਹਿਰ ਦੀ ਸੁਰੱਖਿਆ ਰਾਮ ਭਰੋਸੇ ਛੱਡਣ ਨਾਲੋਂ ਨਵੇਂ ਪੁਲਸ ਮੁਖੀ ਅੱਗੇ ਇਹ ਵੀ ਇਕ ਚੁਨੌਤੀ ਹੋਵੇਗੀ ਕਿ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਸ਼ਹਿਰ ਵਿਚ ਵੱਖ ਵੱਖ ਥਾਂਵਾਂ ’ਤੇ ਬਣੇ ਬੰਕਰਾਂ ਵਿਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕਰਦੇ ਹਨ ਜਾਂ ਫਿਰ.......।
ਨਸ਼ਾ ਕਾਰੋਬਾਰੀਆਂ ’ਤੇ ਸ਼ਿੰਕਜਾ ਕੱਸਣਾ ਵੀ ਹੋਵੇਗਾ ਜ਼ਰੂਰੀ:
‘ਨਸ਼ਾ’ ਜਿਸ ਨੂੰ ਪਿਛਲੀ ਕੈਪਟਨ ਅਤੇ ਚੰਨੀ ਸਰਕਾਰ ਵਲੋਂ ਪੰਜਾਬ ਵਿਚੋਂ ਖ਼ਤਮ ਕਰਨ ਦੇ ਲੱਖ ਦਾਅਵੇ ਕੀਤੇ ਗਏ ਪਰ ਅੱਜ ਤੱਕ ਕੋਈ ਸਰਕਾਰ ਨਸ਼ੇ ਨੂੰ ਜੜ੍ਹੋਂ ਖ਼ਤਮ ਨਹੀਂ ਕਰ ਪਾਈ। ਨਸ਼ੇ ਨੇ ਕਈ ਮਾਂਵਾਂ ਦੇ ਲਾਲ ਮੌਤ ਦੀ ਨੀਂਦ ਸੁਲਾ ਦਿੱਤੇ। ਜ਼ਿਕਰਯੋਗ ਹੈ ਕਿ ਨਸ਼ਿਆਂ ਦੇ ਗੜ੍ਹ ਕਹੇ ਜਾਂਦੇ ਗਾਂਧੀ ਕੈਂਪ ਵਿਚ ਚਾਹੇ ਅਜੈ ਵੀ ਨਸ਼ਾ ਵਿਕਦਾ ਹੋਵੇਗਾ। ਬਟਾਲਾ ਪੁਲਸ ਨੂੰ ਚਾਹੀਦਾ ਹੈ ਕਿ ਉਹ ਨਸ਼ਾ ਵੇਚਣ ਦਾ ਧੰਦਾ ਕਰਨ ਵਾਲਿਆਂ ਨੂੰ ਫੜ ਕੇ ਵੱਡੇ ਮਗਰਮੱਛਾਂ ਨੂੰ ਹੱਥ ਪਾਵੇ ਤਾਂ ਜੋ ਪੁਲਸ ਜ਼ਿਲ੍ਹਾ ਬਟਾਲਾ ਵਿਚੋਂ ਨਸ਼ਾ ਖਤਮ ਹੋ ਸਕੇ। ਨਵੇਂ ਐੱਸ.ਐੱਸ.ਪੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਸ਼ਾ ਕਾਰੋਬਾਰੀਆਂ ’ਤੇ ਸ਼ਿੰਕਜਾ ਕੱਸਣ ਅਤੇ ਡੇਰਾ ਬਾਬਾ ਨਾਨਕ ਨਾਲ ਲੱਗਦੀ ਅੰਤਰ ਰਾਸ਼ਟਰ ਭਾਰਤ-ਪਾਕਿਤਸਾਨ ਸਰਹੱਦ ਰਾਹੀਂ ਹੁੰਦੀ ਨਸ਼ਾ ਸਮਗਿਗ ’ਤੇ ਪੂਰੀ ਤਰ੍ਹਾਂ ਚੌਕਸੀ ਵਰਤਦੇ ਹੋਏ ਆਪਣੀ ਪੈਨੀ ਨਿਗ੍ਹਾ ਰੱਖਣ ਲਈ ਪੁਲਸ ਅਧਿਕਾਰੀਆਂ ਨੂੰ ਜ਼ਰੂਰ ਦਿਸ਼ਾ ਨਿਰਦੇਸ਼ ਦੇਣ।
ਟ੍ਰੈਫਿਕ ਦੀ ਸਮੱਸਿਆ ਨੂੰ ਚੁਸਤ ਦਰੁਸਤ ਕਰਵਾਉਣਾ:
ਬਟਾਲਾ ਦਾ ਗਾਂਧੀ ਚੌਕ ਹਮੇਸ਼ਾ ਟ੍ਰੈਫਿਕ ਸਮੱਸਿਆ ਨਾਲ ਜੂਝਦਾ ਰਹਿੰਦਾ ਹੈ ਅਤੇ ਧਰਨਿਆਂ ਪ੍ਰਦਰਸ਼ਨਾਂ ਦਾ ਗੜ੍ਹ ਕਿਹਾ ਜਾਂਦਾ ਹੈ। ਇਥੋਂ ਲੰਘਣ ਵਾਲੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਵਾਉਣਾ ਰਾਜਪਾਲ ਸਿੰਘ ਸੰਧੂ ਲਈ ਕਿਸੇ ਚੁਨੌਤੀ ਤੋਂ ਘੱਟ ਨਹੀਂ। ਟ੍ਰੈਫਿਕ ਪੁਲਸ ਮੁਲਾਜ਼ਮ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਕਈ ਵਾਰ ਦੇਖੇ ਗਏ ਹਨ ਪਰ ਲੋਕ ਜਲਦਬਾਜ਼ੀ ’ਚ ਪਹਿਲਾਂ ਲੰਘਣ ਦੀ ਹੋੜ ਵਿਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਨੂੰ ਪਹਿਲ ਦਿੰਦੇ ਹਨ। ਇਸ ਲਈ ਨਵੇਂ ਪੁਲਸ ਮੁਖੀ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਹੋਰ ਵਧੇਰੇ ਟ੍ਰੈਫਿਕ ਨੂੰ ਚੁਸਤ ਦਰੁਸਤ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਪ੍ਰਤੀ ਸਖ਼ਤ ਕਦਮ ਚੁੱਕਣ।
ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਅਤੇ ਪਟਾਕੇ ਮਾਰਨ ਵਾਲੇ ਬੁਲਟਮੋਟਰਸਾਈਕਲਾਂ ਨੂੰ ਨੱਥ:
ਬਟਾਲਾ ਸ਼ਹਿਰ ਵਿਚ ਇਸ ਵੇਲੇ ਸਭ ਤੋਂ ਜ਼ਿਆਦਾ ਅਤੇ ਵੱਡੀ ਮੁਖ ਚੁਨੌਤੀ ਐੱਸ.ਐੱਸ.ਪੀ ਸੰਧੂ ਲਈ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ, ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਅਤੇ ਟਰੈਕਟਰਾਂ ’ਤੇ ਵੱਡੇ ਅਤੇ ਉੱਚੀ ਆਵਾਜ਼ ਵਿਚ ਸਪੀਕਰ ਲਗਾਉਣ ਵਾਲੇ ਮਨਚਲਿਆਂ ਨੂੰ ਨੱਥ ਪਾਉਣੀ ਹੋਵੇਗੀ ਕਿਉਂਕ ਇਨ੍ਹਾਂ ’ਤੇ ਅਜੈ ਤੱਕ ਬਟਾਲਾ ਪੂਰਨ ਤੌਰ ’ਤੇ ਸ਼ਿੰਕਜਾ ਨਹੀਂ ਕੱਸ ਪਾਈ। ਇਥੇ ਇਹ ਦੱਸਦੇ ਜਾਈਏ ਕਿ ਚਾਹੇ ਕੁਝ ਹਫਤੇ ਪਹਿਲਾਂ ਟਰੈਫਿਕ ਪੁਲਸ ਵਲੋਂ ਉਕਤ ਤਿੰਨਾਂ ਮੁੱਦਿਆਂ ਨੂੰ ਮੱਦੇਨਜ਼ਰ ਰੱਖਦਿਆਂ ਪੁਲਸ ਮੁਖੀ ਗੌਰਵ ਤੁਰਾ ਦੇ ਕਾਰਜਕਾਲ ਦੌਰਾਨ ਇਨ੍ਹਾਂ ਪ੍ਰਤੀ ਕਾਰਵਾਈ ਆਰੰਭੀ ਸੀ, ਪਰ ਹੁਣ ਇਸ ਨਵੇਂ ਪੁਲਸ ਮੁਖੀ ਨੂੰ ਵੀ ਸਪੈਸ਼ਲ ਟੀਮਾਂ ਦਾ ਗਠਨ ਕਰਦਿਆਂ ਸ਼ਹਿਰ ਵਿਚੋਂ ਲੰਘਦੀਆਂ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਦੇ ਚਾਲਕਾਂ, ਪਟਾਕੇ ਮਾਰ ਦੇ ਸ਼ਹਿਰ ਵਿਚ ਆਵਾਜ਼ ਪ੍ਰਦੂਸ਼ਣ ਕਰਨ ਵਾਲੇ ਬੁਲਟਮੋਟਰਸਾਈਕਲ ਵਾਲਿਆਂ ਅਤੇ ਟਰੈਕਟਰਾਂ ਵਾਲਿਆਂ ਵਿਚੋਂ ਲਗਾਤਾਰ ਰੋਜ਼ਾਨਾ ਕਾਰਵਾਈ ਅਮਲ ਵਿਚ ਲਿਆਉਣ ਲਈ ਆਪਣੇ ਪੁਲਸ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦੇਣੇ ਹੋਣਗੇ ਤਾਂ ਜੋ ਇਨ੍ਹਾਂ ਵਲੋਂ ਸ਼ਹਿਰ ਦੇ ਖਰਾਬ ਕੀਤਾ ਜਾਂਦਾ ਸ਼ਾਂਤਮਈ ਮਾਹੌਲ ਨੂੰ ਖਰਾਬ ਨਾ ਹੋ ਸਕੇ।
ਪਰ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਦੂਜੀ ਵਾਰ ਪੁਲਸ ਜ਼ਿਲਾ ਬਟਾਲਾ ਦੇ ਐੱਸ.ਐੱਸ.ਪੀ ਵਜੋਂ ਆਪਣਾ ਅਹੁਦਾ ਸੰਭਾਲਣ ਵਾਲੇ ਰਾਜਪਾਲ ਸੰਧੂ ਉਕਤ ਮੁਖ ਚੁਣੌਨਤੀਆਂ ਦਾ ਕਿੱਦਾਂ ਸਾਹਮਣਾ ਕਰਦੇ ਹੋਏ ਇਸ ਦਾ ਹੱਲ ਕੱਢਦੇ ਹਨ, ਇਹ ਤਾਂ ਹੁਣ ਇਸ ਪੁਲਸ ਮੁਖੀ ਦੀ ਕਾਰਗੁਜ਼ਾਰੀ ’ਤੇ ਡਿਪੈਂਡ ਕਰਦਾ ਹੈ।
ਭਰਾ ਨੇ ਦੋਸਤਾਂ ਨਾਲ ਮਿਲ ਭੈਣ ’ਤੇ ਤੇਜ਼ਧਾਰ ਦਾਤਰ ਨਾਲ ਕੀਤਾ ਜਾਨਲੇਵਾ ਹਮਲਾ
NEXT STORY