ਅੰਮ੍ਰਿਤਸਰ, (ਅਨਜਾਣ)— ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਵੀ ਪ੍ਰਚੰਡ ਕਰਨ ਅਤੇ ਪੰਥ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਟੀ. ਵੀ. ਚੈਨਲਾਂ 'ਤੇ ਪ੍ਰਚਾਰ ਕਰਨ ਵਾਲੇ ਗ੍ਰੰਥੀ ਸਿੰਘਾਂ, ਕਥਾਵਾਚਕਾਂ, ਵਿਦਵਾਨਾਂ, ਮਿਸ਼ਨਰੀ ਅਤੇ ਟਕਸਾਲੀ ਪ੍ਰਚਾਰਕਾਂ ਦੀ ਇਕੱਤਰਤਾ ਸੱਦੀ ਗਈ, ਜਿਸ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਸਿੰਘ ਸਾਹਿਬ ਗਿ. ਹਰਪਾਲ ਸਿੰਘ, ਸਾਬਕਾ ਕਥਾਵਾਚਕ ਅਤੇ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿ. ਜਸਵੰਤ ਸਿੰਘ ਅਤੇ ਹੋਰ ਪ੍ਰਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ।
ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ ਅਤੇ ਸਟੇਜਾਂ ਜਾਂ ਟੀ. ਵੀ. ਚੈਨਲਾਂ ਰਾਹੀਂ ਪ੍ਰਚਾਰ ਕਰਨ ਵਾਲੇ ਵਿਦਵਾਨਾਂ, ਪ੍ਰਚਾਰਕਾਂ ਦੇ ਪ੍ਰਚਾਰ ਕਰਨ 'ਤੇ ਬਹੁਤ ਭਰਮ-ਭੁਲੇਖੇ ਪਾਏ ਜਾਂਦੇ ਰਹੇ ਹਨ, ਜਿਸ ਲਈ ਅੱਜ ਸਮੁੱਚੀ ਪ੍ਰਚਾਰਕ ਸ਼੍ਰੇਣੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਸਾਡੀ ਛੋਟੀ ਜਿਹੀ ਬੇਨਤੀ 'ਤੇ ਵੱਡੀ ਗਿਣਤੀ 'ਚ ਪ੍ਰਚਾਰਕ ਹਾਜ਼ਰ ਹੋਏ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਆਪਣੀਆਂ ਨਿੱਜੀ ਰੰਜਿਸ਼ਾਂ ਨੂੰ ਲੈ ਕੇ ਕਦੇ ਵੀ ਪ੍ਰਚਾਰ ਕਰਨ ਸਮੇਂ ਕੋਈ ਅਜਿਹਾ ਸ਼ਬਦ ਨਾ ਬੋਲਿਆ ਜਾਵੇ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਸਾਰੇ ਪ੍ਰਚਾਰਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ 'ਚ ਰਹਿ ਕੇ ਨਿਰੋਲ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਸਿੱਖ ਇਤਿਹਾਸ ਨੂੰ ਬੜੀ ਸੁਹਿਰਦਾ ਅਤੇ ਸੂਝ-ਸਿਆਣਪ ਨਾਲ ਪੇਸ਼ ਕਰਨ ਲਈ ਕਿਹਾ ਗਿਆ ਹੈ।
ਪ੍ਰਚਾਰਕਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਅਜਿਹਾ ਕੋਈ ਵੀ ਪ੍ਰਚਾਰ ਨਹੀਂ ਕਰਨਾ, ਜਿਸ ਨਾਲ ਸਿੱਖ ਇਤਿਹਾਸ ਸਬੰਧੀ ਪੰਥ ਦੁਬਿਧਾ ਵਿਚ ਪਵੇ। ਇਸ ਇਕੱਤਰਤਾ 'ਚ ਸ਼ਾਮਿਲ ਸਾਰੇ ਪ੍ਰਚਾਰਕਾਂ, ਕਥਾਵਾਚਕਾਂ, ਗ੍ਰੰਥੀ ਸਿੰਘਾਂ, ਮਿਸ਼ਨਰੀਆਂ ਅਤੇ ਵਿਦਵਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸਿੱਖ ਰਹਿਤ ਮਰਿਆਦਾ 'ਚ ਰਹਿੰਦਿਆਂ ਨਿਰੋਲ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਪ੍ਰਚਾਰ ਕਰਨ ਲਈ ਮੰਨਿਆ।
ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਇਕੱਤਰਤਾ ਵਿਚ ਢੱਡਰੀਆਂ ਵਾਲੇ ਨੂੰ ਨਹੀਂ ਬੁਲਾਇਆ ਗਿਆ। ਅੱਜ ਦੀ ਇਕੱਤਰਤਾ 'ਚ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਵੱਡੀ ਗਿਣਤੀ 'ਚ ਵਿਦਵਾਨ ਹਾਜ਼ਰ ਹੋਏ। ਇਸ ਸਵਾਲ ਦਾ ਜਵਾਬ ਦਿੰਦਿਆਂ ਕਿ ਪ੍ਰਚਾਰਕ ਸੰਗਤਾਂ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਮੰਨਣ ਲਈ ਪ੍ਰੇਰਦੇ ਹਨ ਪਰ ਜਦ ਉਨ੍ਹਾਂ ਦੀ ਕਿਸੇ ਗਲਤੀ ਕਾਰਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਦਾ ਜਾਂਦਾ ਹੈ ਤਾਂ ਉਹ ਆਉਣ ਤੋਂ ਇਨਕਾਰੀ ਕਿਉਂ ਹੁੰਦੇ ਹਨ। ਸਿੰਘ ਸਾਹਿਬ ਨੇ ਕਿਹਾ ਕਿ ਕੋਈ ਵੀ ਅਜਿਹਾ ਨਹੀਂ ਕਰਦਾ ਅਤੇ ਜੋ ਕਰਦਾ ਹੈ, ਉਹ ਸਿੱਖ ਨਹੀਂ।
ਗੁਰੂ ਸਾਹਿਬ ਦਾ ਸਿਧਾਂਤ- ਸ਼ਰਨ ਆਏ ਨੂੰ ਮੁਆਫ਼ ਕਰਨਾ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੇ ਪਟਿਆਲਾ ਦੇ ਲਖਵਿੰਦਰ ਸਿੰਘ ਲੱਕੀ ਜਿਸ ਨੇ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਅਪਸ਼ਬਦ ਬੋਲਣ 'ਤੇ ਸਮੂਹ ਸਾਧ-ਸੰਗਤ ਕੋਲੋਂ ਆਪਣੇ ਵੱਲੋਂ ਹੋਈ ਭੁੱਲ ਦੀ ਮੁਆਫ਼ੀ ਮੰਗੀ। ਇਸ 'ਤੇ ਸਿੰਘ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਦਾ ਸਿਧਾਂਤ ਹੈ ਸ਼ਰਨ ਆਏ ਨੂੰ ਮੁਆਫ਼ ਕਰਨਾ, ਇਸ ਲਈ ਸਾਰੀ ਸੰਗਤ ਇਸ ਨੂੰ ਮੁਆਫ਼ ਕਰੇ। ਇਸ ਲਈ ਇਹ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸੇਵਾ ਕਰਨਗੇ।
ਗੁਰੂ ਨਾਨਕ ਵੰਸ਼ਜ਼ ਪਰਿਵਾਰ ਦੀ ਧੀ ਰਵਨੀਤ ਕੌਰ ਬਣੀ ਜੱਜ
NEXT STORY