ਤਰਨ ਤਾਰਨ (ਰਮਨ)- ਪੰਜਾਬ ਦੇ ਡੀ.ਜੀ.ਪੀ ਲਾਅ ਐਂਡ ਆਰਡਰ ਵਲੋਂ ਪੰਜਾਬ ਦੇ ਮਾਹੌਲ ਨੂੰ ਵੇਖਦੇ ਹੋਏ ਜਿੱਥੇ ਪੁਲਸ ਕਰਮਚਾਰੀਆਂ ਨੂੰ ਸਖ਼ਤ ਡਿਊਟੀ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ। ਉੱਥੇ ਸਾਲ 2010 ਤੋਂ ਬਾਅਦ ਭਰਤੀ ਹੋਏ ਪੁਲਸ ਕਰਮਚਾਰੀਆਂ ਦੇ 50 ਫੀਸਦੀ ਕਰਮਚਾਰੀਆਂ ਨੂੰ ਥਾਣਿਆਂ ਵਿਚ ਤੈਨਾਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਦੇ ਚੱਲਦਿਆਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਵਲੋਂ ਵੀਰਵਾਰ 185 ਪੁਲਸ ਕਰਮਚਾਰੀਆਂ ਨੂੰ ਇੱਧਰੋਂ-ਉੱਧਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਨਾਕਿਆਂ ਅਤੇ ਥਾਣਿਆਂ ਵਿਚ ਨੌਜਵਾਨ ਕਿਸਮ ਦੇ ਪੁਲਸ ਕਰਮਚਾਰੀ ਡਿਊਟੀ ਉੱਪਰ ਤੈਨਾਤ ਨਜ਼ਰ ਆਉਣਗੇ ਜਦ ਕਿ ਸਿਹਤ ਪੱਖੋਂ ਕੁਝ ਠੀਕ ਨਾ ਹੋਣ ਅਤੇ ਸਿਆਣੀ ਉਮਰ ਵਾਲੇ ਪੁਲਸ ਕਰਮਚਾਰੀ ਦਫ਼ਤਰਾਂ ਵਿਚ ਕੰਮ ਕਰਦੇ ਵੇਖੇ ਜਾਣਗੇ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਵਲੋਂ ਜ਼ਿਲ੍ਹੇ ਅੰਦਰ ਮੌਜੂਦ ਵੱਖ-ਵੱਖ ਥਾਣਿਆਂ ਤੋਂ ਇਲਾਵਾ ਹੋਰ ਵਿਭਾਗਾਂ ’ਚ ਤਾਇਨਾਤ ਇੰਸਪੈਕਟਰ ਰੈਂਕ ਤੋਂ ਲੈ ਸਬ ਇੰਸਪੈਕਟਰ, ਏ.ਐੱਸ.ਆਈ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਤੱਕ ਦੇ 185 ਪੁਲਸ ਮੁਲਾਜ਼ਮਾਂ ਨੂੰ ਇੱਧਰੋਂ-ਉੱਧਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੀ. ਜੀ. ਪੀ. ਲਾਅ ਐਂਡ ਆਰਡਰ ਵਲੋਂ ਪੰਜਾਬ ਪਿਛਲੇ ਸਾਲ 2010 ਨੂੰ ਤੋਂ ਬਾਅਦ ਭਰਤੀ ਹੋਏ ਪੁਲਸ ਮੁਲਾਜ਼ਮਾਂ ’ਚੋਂ ਜਿੱਥੇ ਜ਼ਿਆਦਾਤਰ ਨੂੰ ਵੱਖ-ਵੱਖ ਦਫ਼ਤਰਾਂ ਵਿਚ ਖੁੱਡੇ ਲਾਈਨ ਲਗਾਇਆ ਗਿਆ ਸੀ ਦੇ 50 ਫੀਸਦੀ ਹਿੱਸੇ ਨੂੰ ਹੁਣ ਵੱਖ-ਵੱਖ ਥਾਣਿਆਂ ’ਚ ਤੈਨਾਤ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੇਪਰ ਦੇ ਕੇ ਆਏ ਗੱਭਰੂ ਪੁੱਤ ਦੇ ਸੀਨੇ 'ਚ ਹੋਇਆ ਦਰਦ, ਪਰਿਵਾਰ ਨੂੰ ਦੇ ਗਿਆ ਸਦਾ ਲਈ ਵਿਛੋੜਾ
ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਪਿਛਲੇ ਕਰੀਬ ਪੰਜ ਸਾਲ ਤੋਂ ਵੱਧ ਸਮੇਂ ਤੋਂ ਤਾਇਨਾਤ ਥਾਣੇਦਾਰਾਂ ਅਤੇ ਪੁਲਸ ਕਰਮਚਾਰੀਆਂ ਵਲੋਂ ਆਪਣੀਆਂ ਮਨਮਰਜ਼ੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ, ਜੋ ਅਕਸਰ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਨਾਲ ਸਬੰਧਿਤ ਹੋਏ ਵੀ ਵੇਖੇ ਗਏ ਹਨ। ਜ਼ਿਲ੍ਹੇ ’ਚ ਇਹ ਵੀ ਵੇਖਣ ਨੂੰ ਮਿਲਿਆ ਸੀ ਕਿ ਵੱਖ-ਵੱਖ ਨਾਕਿਆਂ ਉੱਪਰ ਜ਼ਿਆਦਾਤਰ ਵੱਡੀ ਉਮਰ ਵਾਲੇ ਪੁਲਸ ਕਰਮਚਾਰੀ ਤੈਨਾਤ ਕੀਤੇ ਜਾਂਦੇ ਸਨ ਜਦ ਕਿ ਨਵੀਂ ਭਰਤੀ ਵਾਲੇ ਨੌਜਵਾਨ ਵੱਖ-ਵੱਖ ਦਫ਼ਤਰਾਂ ’ਚ ਖੁੱਡੇ ਲਾਇਨ ਲੱਗੇ ਨਜ਼ਰ ਆਉਂਦੇ ਸਨ।
ਵੀਰਵਾਰ ਐੱਸ.ਐੱਸ.ਪੀ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਇੰਸਪੈਕਟਰ ਸਤਵੰਤ ਸਿੰਘ ਨੂੰ ਪੁਲਸ ਕੰਟਰੋਲ ਰੂਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਬ ਇੰਸਪੈਕਟਰ ਬਲਜੀਤ ਕੌਰ ਨੂੰ ਇੰਚਾਰਜ ਵੂਮੈਨ ਸੈੱਲ ਤਰਨਤਾਰਨ ਤੋਂ ਟ੍ਰੈਫਿਕ ਇੰਚਾਰਜ, ਸਬ ਇੰਸਪੈਕਟਰ ਗੁਰਿੰਦਰ ਸਿੰਘ ਨੂੰ ਥਾਣਾ ਸਦਰ ਤਰਨਤਾਰਨ, ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਸਹਾਇਕ ਥਾਣਾ ਮੁਖੀ ਸਿਟੀ ਤਰਨਤਾਰਨ, ਇੰਸਪੈਕਟਰ ਪ੍ਰਕਾਸ਼ ਸਿੰਘ ਨੂੰ ਸੀ. ਆਈ. ਏ. ਸਟਾਫ ਪੱਟੀ ਤੋਂ ਇੰਚਾਰਜ ਵੂਮੈਨ ਸੈੱਲ ਤਰਨਤਾਰਨ ਵਿਖੇ ਨਿਯੁਕਤ ਕੀਤਾ ਗਿਆ ਹੈ ਜਦ ਕਿ ਥਾਣਾ ਸਿਟੀ ਤਰਨਤਾਰਨ ਵਿਖੇ ਤਾਇਨਾਤ ਏ. ਐੱਸ. ਆਈ. ਦਿਲਬਾਗ ਸਿੰਘ ਨੂੰ ਥਾਣਾ ਚੋਹਲਾ ਸਾਹਿਬ, ਏ. ਐੱਸ. ਆਈ ਇੰਦਰਜੀਤ ਸਿੰਘ ਨੂੰ ਥਾਣਾ ਹਰੀਕੇ, ਏ. ਐੱਸ. ਆਈ. ਤਰਸੇਮ ਸਿੰਘ ਨੂੰ ਥਾਣਾ ਹਰੀਕੇ, ਏ. ਐੱਸ. ਆਈ ਨਰਿੰਦਰ ਸਿੰਘ ਨੂੰ ਥਾਣਾ ਸਰਹਾਲੀ ਵਿਖੇ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹੇ ਭਰ ’ਚ ਵੱਖ-ਵੱਖ ਥਾਣਿਆਂ, ਪੁਲਸ ਚੌਕੀਆਂ ਤੋਂ ਇਲਾਵਾ ਪੀ.ਸੀ.ਆਰ. ਆਦਿ ਵਿਭਾਗਾਂ ’ਚ ਹੋਰ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਗਹਿਣੇ ਲਈ ਜ਼ਮੀਨ ਤੋਂ ਪੈ ਗਿਆ ਪੁਆੜਾ, ਦੁਖੀ ਕਿਸਾਨ ਨੇ ਗਲ ਲਾਈ ਮੌਤ
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦੇ ਆਦੇਸ਼ਾਂ ਉੱਪਰ ਸਮੂਹ ਜ਼ਿਲ੍ਹਿਆਂ ’ਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਇੱਧਰ-ਉੱਧਰ ਕਰਦੇ ਹੋਏ ਹਰ ਤਰ੍ਹਾਂ ਦੇ ਕੰਮ ਦੀ ਜਾਣਕਾਰੀ ਰੱਖਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸੇ ਲੜੀ ਦੇ ਤਹਿਤ ਜ਼ਿਲ੍ਹੇ ’ਚ ਤਾਇਨਾਤ ਵੱਖ-ਵੱਖ ਪੁਲਸ ਕਰਮਚਾਰੀਆਂ ਨੂੰ ਇੱਧਰੋਂ-ਉੱਧਰ ਤਬਦੀਲ ਕਰਦੇ ਹੋਏ ਟ੍ਰੇਨਿੰਗ ਦੇਣ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਵੀਂ ਭਰਤੀ ਹੋਏ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਉੱਪਰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਹਰ ਸਥਿਤੀ ਨਾਲ ਨਿਪਟਣ ਦੀ 24 ਘੰਟੇ ਤਿਆਰ-ਬਰ-ਤਿਆਰ ਰਹਿੰਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅੰਮ੍ਰਿਤਸਰ 'ਚ ਦੋ ਧੜਿਆਂ ਦੇ ਝਗੜੇ ਦੌਰਾਨ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ
NEXT STORY