ਰਮਦਾਸ (ਸਾਰੰਗਲ)-ਪਿਛਲੇ ਸਾਲ ਰਾਵੀ ਦਰਿਆ ’ਚ ਆਏ ਹੜ੍ਹ ਦੇ ਚਲਦਿਆਂ ਕਸਬਾ ਰਮਦਾਸ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਸਨ ਜਿਸ ਨਾਲ ਲੋਕਾਂ ਦਾ ਕਾਫੀ ਜਾਨੀ ਮਾਲੀ ਨੁਕਸਾਨ ਵੀ ਹੋਇਆ ਸੀ। ਬੀਤੇ ਭਾਰੀ ਬਾਰਿਸ਼ ਅਤੇ ਉਜ ਨਦੀ ਤੋਂ ਰਾਵੀ ਦਰਿਆ ’ਚ ਛੱਡੇ ਗਏ ਪਾਣੀ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ ਅਤੇ ਲੋਕਾਂ ਵਲੋਂ ਘੋਨੋਵਾਲ ਬੰਨ੍ਹ ’ਤੇ ਜਾ ਕੇ ਬੰਨ੍ਹ ਦੀ ਮਜ਼ਬੂਤੀ ਅਤੇ ਦਰਿਆ ’ਚ ਪਾਣੀ ਦੇ ਵਧੇ ਪਾਣੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਹਾਲਾਂਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓ ’ਚ ਇਸ ਪਾਣੀ ਨੂੰ ਇਕ ਵਾਰ ਫਿਰ ਤੋਂ ਦਰਿਆ ਕੰਡੇ ਵੱਸੇ ਪਿੰਡਾਂ ਦੇ ਲੋਕਾਂ ਲਈ ਖਤਰਾ ਦੱਸਿਆ ਜਾ ਰਿਹਾ ਹੈ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵਲੋਂ ਰਾਵੀ ਦਰਿਆ ਦੇ ਬੰਨ੍ਹਾਂ ਦਾ ਦੌਰਾ ਕੀਤਾ ਗਿਆ ਅਤੇ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਵਲੋਂ ਪਿੰਡਾਂ ਦੇ ਲੋਕਾਂ ਬੰਨ੍ਹ ਮਜ਼ਬੂਤ ਕਰਨ ਲਈ ਆਪਣੇ ਵਲੋਂ ਟਰੈਕਟਰ ਟਰਾਲੀਆਂ ਅਤੇ ਉਨ੍ਹਾਂ ’ਚ ਡੀਜਲ ਪੁਆ ਕੇ ਦੇਣ ਦਾ ਐਲਾਨ ਕੀਤਾ ਗਿਆ।
ਇਸ ਸਭ ਦੇ ਚਲਦਿਆਂ ਰਾਵੀ ਦਰਿਆ ਕੰਡੇ ਵੱਸੇ ਪਿੰਡਾਂ ਦੇ ਲੋਕਾਂ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਹੜ੍ਹ ਵਰਗੇ ਹਾਲਾਤਾਂ ਦਾ ਡਰ ਸਤਾ ਰਿਹਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪਿਛਲੀ ਸਾਲ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ ਅਤੇ ਅਜੇ ਤੱਕ ਵੀ ਪਿੰਡਾਂ ਦੇ ਲੋਕ ਇਸ ਤਬਾਹੀ ਦੇ ਮੰਜਰ ਨੂੰ ਭੁਲਾ ਨਹੀਂ ਸਕੇ ਹਨ। ਦੂਜੇ ਪਾਸੇ ਸਾਉਣ ਦਾ ਮਾਹੀਨਾ ਅਤੇ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਲੋਕਾਂ ਵਲੋਂ ਰਾਵੀ ਦਰਿਆ ਦੇ ਬੰਨ੍ਹਾਂ ਦਾ ਦੌਰਾ ਕਰਕੇ ਬੰਨ੍ਹਾਂ ਦੀ ਮਜ਼ਬੂਤੀ ਅਤੇ ਪਾਣੀ ਦੇ ਪੱਧਰ ਨੂੰ ਵਾਰ ਵਾਰ ਚੈਕ ਕੀਤਾ ਜਾ ਰਿਹਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲ ਵਾਲੇ ਹਾਲਾਤ ਇਸ ਵਾਰ ਦੋਬਾਰਾ ਦੇਖਣ ਨੂੰ ਨਾ ਮਿਲਣ।
ਇਸ ਸੰਬੰਧੀ ਜਦ ਐੱਸ.ਡੀ.ਐੱਮ ਅਜਨਾਲਾ ਮੈਡਮ ਡਾ. ਚਾਰੁਮਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਜ ਨਦੀ ਤੋਂ ਰਾਵੀ ਦਰਿਆ ਪਾਣੀ ਛਡਿਆ ਗਿਆ ਸੀ ਪਰ ਅਜੇ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਉਜ ਨਦੀ ਤੋਂ ਰਾਵੀ ਦਰਿਆ ’ਚ ਪਾਣੀ ਛੱਡਿਆ ਜਾਂਦਾ ਹੈ ਪਰ ਅਜੇ ਤੱਕ ਕਿਸੇ ਵੀ ਖ਼ਤਰੇ ਦਾ ਆਲਟ ਉਜ ਨਦੀ ਤੋਂ ਜਾਰੀ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਹੜ੍ਹ ਵਰਗੇ ਹਾਲਾਤਾਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਪ੍ਰਸ਼ਾਸਨ ਵਲੋਂ ਜਾਰੀ ਗਾਈਡ ਲਾਈਨਜ਼ ਦੀ ਹੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਪ੍ਰਸ਼ਾਸਨ ਵਲੋਂ ਬੰਨ੍ਹਾਂ ਦੀ ਮਜ਼ਬੂਤੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਜੀਵਨ ਲੀਲਾ ਖ਼ਤਮ
NEXT STORY