ਅੰਮ੍ਰਿਤਸਰ (ਸਰਬਜੀਤ) - ਯੂ.ਐੱਸ.ਏ. ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਧਿਕਾਰਤ ਕਮੇਟੀ ਦੇ ਕੋਆਰਡੀਨੇਟਰ ਤੇ ਮੈਂਬਰ ਭਾਈ ਸਵਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਕਾਰ ਯੂ.ਐੱਸ.ਏ. ਅੰਦਰ ਵੱਸਦੇ ਸਿੱਖਾਂ ਅਤੇ ਉਥੋਂ ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਕਈ ਅਹਿਮ ਮਾਮਲਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ ਅਤੇ ਭਵਿੱਖੀ ਤਰਜੀਹਾਂ ਨਿਰਧਾਰਤ ਕੀਤੀਆਂ ਗਈਆਂ।
ਮੁਲਾਕਾਤ ਦੌਰਾਨ ਬੀਤੇ ਸਮੇਂ ਕੁਝ ਵਿਅਕਤੀਆਂ ਵੱਲੋਂ ਵਿਦੇਸ਼ਾਂ ਤੋਂ ਅਣਅਧਿਕਾਰਤ ਤੌਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਪ੍ਰਕਾਸ਼ਨਾ ਕਰ ਕੇ ਸ਼ਰਧਾਲੂ ਸਿੱਖਾਂ ਨੂੰ ਵੇਚਣ, ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਪਾਵਨ ਬੀੜਾਂ ਮੁਹੱਈਆ ਕਰਵਾਉਣ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਵਿਚ ਮਰਿਆਦਾ ਦੀ ਉਲੰਘਣਾ ਤੇ ਅਣਗਹਿਲੀ, ਸਿੱਖਾਂ ਦੇ ਆਪਸੀ ਬੇਲੋੜੇ ਵਿਵਾਦਾਂ, ਇਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗ਼ਲਤ ਤੇ ਗੁਮਰਾਹਕੁੰਨ ਜਾਣਕਾਰੀਆਂ ਭੇਜਣ ਦੇ ਮਾਮਲੇ ਗੰਭੀਰਤਾ ਨਾਲ ਵਿਚਾਰੇ ਗਏ। ਇਸ ਦੌਰਾਨ ਇਹ ਵੀ ਵਿਚਾਰ ਹੋਈ ਕਿ ਮੌਜੂਦਾ ਸਮੇਂ ਪੰਥਕ ਏਕਤਾ ਦੇ ਮੱਦੇਨਜ਼ਰ ਕਾਰਜ ਕਰਦਿਆਂ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਕੇਂਦ੍ਰਿਤ ਤੇ ਸਮਰਪਿਤ ਰੱਖਣਾ ਅਤਿ ਜ਼ਰੂਰੀ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੀਤੇ ਸਮੇਂ ਕੁਝ ਵਿਅਕਤੀਆਂ ਵੱਲੋਂ ਅਣਅਧਿਕਾਰਤ ਤੌਰ ’ਤੇ ਚੀਨ ਅਤੇ ਵਿਦੇਸ਼ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਸਨ, ਜਿਸ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਯੂ.ਐੱਸ.ਏ. ਅਤੇ ਯੂ. ਕੇ. ਅੰਦਰ ਕੁਝ ਵਿਅਕਤੀਆਂ ਦੇ ਸਮੂਹ ਵੱਲੋਂ ਫਿਰ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ, ਜਿਸ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰੜਾ ਨੋਟਿਸ ਲੈਂਦਿਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਆਪਣੇ ਪੱਧਰ ਉੱਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਿਤ ਕਰਨ ਤੇ ਛਪਾਈ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਵਨ ਬੀੜਾਂ ਦੀ ਵਿਦੇਸ਼ਾਂ ਵਿਚ ਅਣਅਧਿਕਾਰਤ ਤੌਰ ’ਤੇ ਪ੍ਰਕਾਸ਼ਨਾ ਸਬੰਧੀ ਜੋ ਵੀ ਜਾਣਕਾਰੀ ਪੁੱਜੀ ਹੈ, ਉਸ ਦੀ ਗੰਭੀਰਤਾ ਨਾਲ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਯੂ.ਐੱਸ.ਏ. ਦਾ ਦੌਰਾ ਕਰਨਗੇ ਅਤੇ ਉਥੇ ਵੱਸਦੀ ਸਿੱਖ ਸੰਗਤ ਨਾਲ ਵਿਚਾਰ ਕਰਨਗੇ। ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ, ਮੀਡੀਆ ਸਲਾਹਕਾਰ ਜਸਕਰਨ ਸਿੰਘ, ਸਟਾਫ਼ ਮੈਂਬਰ ਹਰਜੋਧ ਸਿੰਘ ਵੀ ਹਾਜ਼ਰ ਸਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਣਜੀਤ ਬਾਵਾ
NEXT STORY