ਗੁਰਦਾਸਪੁਰ (ਹਰਮਨ)- ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡੀ. ਸੀ. ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਮੁਹਿੰਮ ਤਹਿਤ ਜਿਥੇ ਕਿਸਾਨਾਂ ਨੂੰ ਖੇਤਾਂ ਵਿਚ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਅੱਗ ਲਗਾਏ ਬਗੈਰ ਸਮੇਂ ਸਿਰ ਅਸਾਨੀ ਨਾਲ ਕਣਕ ਦੀ ਬਿਜਾਈ ਕਰਨ ਦੇ ਵਿਕਲਪ ਦੱਸੇ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਅਤੇ ਏ. ਡੀ. ਸੀ. (ਜ) ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਾ ਸਿਰਫ਼ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ ਸਗੋਂ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਵੀ ਇਸ ਕੰਮ ਵਿਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਯੋਜਨਾਬੰਦੀ ਕੀਤੀ ਗਈ ਹੈ ਤਾਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਫੇਸ ਸੀਡਰ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ-ਸਸਤੀ ਅਤੇ ਸੌਖੀ ਵਿਧੀ ਨਾਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਵੱਲੋਂ ਬਗੈਰ ਪਰਾਲੀ ਨੂੰ ਅੱਗ ਲਗਾਏ ਅਤੇ ਖੇਤ ਨੂੰ ਵਾਹਣ ਤੋਂ ਬਿਨਾਂ ਕਣਕ ਦੀ ਬਿਜਾਈ ਕੀਤੀ ਜਾ ਰਹੀ ਸੀ। ਕੁਝ ਕਿਸਾਨ ਇਸ ਨੂੰ ਮਲਚਿੰਗ ਵਿਧੀ ਵੀ ਕਹਿੰਦੇ ਹਨ। ਖੇਤ ਨੂੰ ਵਾਹਣ ਅਤੇ ਭਾਰੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ, ਸਮੱਰਟ ਸੀਡਰ, ਬੀਜ ਡਰਿਲ ਅਤੇ ਵੱਡੇ ਟ੍ਰੈਕਟਰ ਆਦਿ ਦੀ ਵਰਤੋਂ ਕਰਨ ਬਗੈਰ ਹੀ ਕਣਕ ਬੀਜਣ ਦੀ ਅਜਿਹੀ ਵਿਧੀ ਹੈ, ਜਿਸ ਨਾਲ ਸਮੇਂ ਸਿਰ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਲਈ ਜ਼ਿਆਦਾ ਮਹਿੰਗੀਆਂ ਅਤੇ ਭਾਰੀਆਂ ਮਸ਼ੀਨਾਂ ਦੀ ਲੋੜ ਨਹੀਂ ਪੈਂਦੀ ਅਤੇ ਬਿਜਾਈ ਉਪਰੰਤ ਖੇਤ ’ਚ ਫਸਲੀ ਰਹਿੰਦ ਖੂੰਹਦ ਪਈ ਹੋਣ ਕਰਕੇ ਨਦੀਨ ਵੀ ਬਹੁੱਤ ਘੱਟ ਉਗਦੇ ਹਨ। ਨਦੀਨ ਘੱਟ ਉਗਣ ਕਾਰਨ ਨਦੀਨਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਵੀ ਨਹੀਂ ਰਹਿੰਦੀ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 'ਆਪ' ਆਗੂ ਦਾ ਗੋਲੀਆਂ ਮਾਰ ਕੇ ਕਤਲ
ਕੀ ਹੈ ਤਕਨੀਕ?
ਕੰਬਾਈਨ ਨਾਲ ਝੋਨਾ ਵੱਢਣ ਤੋਂ ਬਾਅਦ ਕਣਕ ਦੇ ਬੀਜ ਅਤੇ 45 ਕਿਲੋ ਡਾਇਆ ਖਾਦ ਦਾ ਇਕਸਾਰ ਛੱਟਾ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਖੜ੍ਹੇ ਕਰਚਿਆਂ ’ਚ ਛੱਟਾ ਦੇਣ ਉਪਰੰਤ ਮਲਚਰ ਜਾਂ ਕਟਰ ਕਮ ਸਪਰੈਡਰ ਨਾਲ ਪਰਾਲੀ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਕੇ ਇਕਸਾਰ ਖਿਲਾਰ ਦੇਣਾ ਚਾਹੀਦਾ ਹੈ ਤਾਂ ਜੋ ਕਣਕ ਸਹੀ ਤਰ੍ਹਾਂ ਉਗ ਸਕੇ। ਇਸ ਤੋਂ ਇਲਾਵਾ ਮੁੱਢ ਕੱਟਣ ਲਈ ਰੀਪਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਖੇਤ ’ਚ ਵੱਤਰ ਜ਼ਿਆਦਾ ਹੈ ਤਾਂ ਪਾਣੀ ਲਗਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਰਾਤ ਨੂੰ ਤਰੇਲ ਪੈਣ ਨਾਲ ਬੀਜ ਉਪਰ ਪਈ ਪਰਾਲੀ ਵਿਚ ਕਾਫੀ ਨਮੀ ਹੋ ਜਾਂਦੀ ਹੈ ਅਤੇ ਬੀਜ ਉਗਣ ’ਚ ਸਹਾਈ ਹੁੰਦੀ ਹੈ।
ਯੂਨੀਵਰਸਿਟੀ ਨੇ ਤਿਆਰ ਕੀਤੀ ਸਰਫੇਸ ਸੀਡਰ ਡਰਿੱਲ
ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਫੇਸ ਸੀਡਰ ਨਾਮ ਦੀ ਇਕ ਮਸ਼ੀਨ ਵੀ ਵਿਕਸਤ ਕੀਤੀ ਗਈ ਹੈ, ਜਿਸ ’ਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਇਹ ਮਸ਼ੀਨ ਆਮ ਮਸ਼ੀਨਾਂ ਨਾਲੋਂ ਸਸਤੀ ਤੇ ਸਧਾਰਨ ਮਸ਼ੀਨ ਹੈ, ਜਿਸ ਵਿੱਚ ਕਟਰ-ਕਮ-ਸਪਰੈਡਰ ਦੇ ਉੱਪਰ (ਬਿਨਾਂ ਫਾਲਿਆਂ ਤੋਂ) ਬਿਜਾਈ ਵਾਲੀ ਡਰਿੱਲ ਦਾ ਉਪਰਲਾ ਹਿੱਸਾ ਪਾਇਪਾਂ ਸਮੇਤ ਫਿੱਟ ਕੀਤਾ ਗਿਆ ਹੈ, ਜੋ ਬੀਜ ਅਤੇ ਖਾਦ ਕੇਰਨ ਦੇ ਨਾਲੋਂ-ਨਾਲ ਪਰਾਲੀ ਨੂੰ ਕੱਟ ਕੇ ਖੇਤ ਵਿਚ ਇਕਸਾਰ ਖਿਲਾਰ ਦਿੰਦੀ ਹੈ ਅਤੇ ਬਾਅਦ ਵਿਚ ਪਾਣੀ ਲਗਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 3 ਨੌਜਵਾਨਾਂ ਦੀ ਮੌਤ
ਇਸ ਤੋਂ ਇਲਾਵਾ ਕੰਬਾਈਨ ਹਾਰਵੈਸਟਰ ਦੇ ਉਪਰ ਵੀ ਇਕ ਅਟੈਚਮੈਂਟ ਫਿੱਟ ਕੀਤੀ ਗਈ ਹੈ, ਜੋ ਕਿ ਝੋਨੇ ਦੀ ਵਾਢੀ ਦੇ ਨਾਲੋ-ਨਾਲ ਬੀਜ ਅਤੇ ਖਾਦ ਇਕਸਾਰ ਕੇਰ ਦਿੰਦੀ ਹੈ, ਜੇਕਰ ਇਹ ਮਸ਼ੀਨਾਂ ਉਪਲੱਬਧ ਨਾ ਹੋਣ ਤਾਂ ਕੰਬਾਈਨ ਨਾਲ ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੇ ਬੀਜ ਅਤੇ ਖਾਦ ਦਾ ਹੱਥੀਂ ਛੱਟਾ ਮਾਰ ਕੇ ਬਾਅਦ ’ਚ ਕਟਰ-ਕਮ-ਸਪਰੈਡਰ ਚਲਾ ਕੇ ਪਾਣੀ ਲਾ ਦਿੱਤਾ ਜਾਂਦਾ ਹੈ।
ਖੇਤ ਦੀ ਤਿਆਰੀ
ਇਸ ਤਕਨੀਕ ਦੀ ਪੂਰਨ ਸਫਲਤਾ ਲਈ ਝੋਨੇ ਦੇ ਖੇਤ ਨੂੰ ਬਿਜਾਈ, ਲੁਆਈ ਤੋਂ ਪਹਿਲਾਂ ਪੱਧਰਾ ਕਰ ਕੇ ਛੋਟੇ ਕਿਆਰੇ ਬਣਾਉ ਅਤੇ ਅਖੀਰਲਾ ਪਾਣੀ ਕੱਦੂ ਕਰ ਕੇ ਲਾਏ ਝੋਨੇ ਦੀ ਵਾਢੀ ਤੋਂ 15 ਦਿਨ ਪਹਿਲਾਂ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਨੂੰ 10 ਦਿਨ ਪਹਿਲਾਂ ਦਿਓ ਤਾਂ ਕਿ ਝੋਨੇ ਦੀ ਕੰਬਾਈਨ ਨਾਲ ਵਾਢੀ ਕਰਨ ਅਤੇ ਕਣਕ ਦੀ ਬਿਜਾਈ ਸਮੇਂ ਖੇਤ ਸੁੱਕਾ ਹੋਵੇ।
ਸਰਫੇਸ ਸੀਡਰ ਕਮ ਮਲਚਰ ਦੀ ਸਮਰੱਥਾ
ਇਹ ਪਰਾਲੀ ਨੂੰ ਖੇਤ ’ਚ ਸਾਂਭਣ ਦਾ ਸੌਖਾ ਅਤੇ ਸਸਤਾ ਤਰੀਕਾ ਹੈ। ਝੋਨੇ ਦੀ ਕਟਾਈ ਤੋਂ ਅਗਲੇ ਹੀ ਦਿਨ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਹੈ, ਜੋ 700-800 ਰੁਪਏ ’ਚ ਇਕ ਏਕੜ ਦੀ ਬਿਜਾਈ ਕਰ ਦਿੰਦੀ ਹੈ ਅਤੇ 45-50 ਮਿੰਟ ਵਿਚ ਇਕ ਏਕੜ ਰਕਬੇ ਵਿਚ ਬਿਜਾਈ ਦਾ ਕੰਮ ਹੋ ਜਾਂਦਾ ਹੈ। ਇਸ ਤਕਨੀਕ ਨਾਲ ਇਕ ਦਿਨ ਵਿਚ 14-16 ਏਕੜ ਵਿਚ ਬਿਜਾਈ ਕੀਤੀ ਜਾ ਸਕਦੀ ਹੈ। ਜਦੋਂ ਕਿ ਸੁਪਰ ਸੀਡਰ ਨਾਲ 5-8 ਏਕੜ ਪ੍ਰਤੀ ਦਿਨ ਬਿਜਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
ਮਿੱਟੀ ਹਵਾ ਪਾਣੀ ’ਤੇ ਕਿਹੋ ਜਿਹਾ ਪੈਂਦਾ ਹੈ ਪ੍ਰਭਾਵ?
ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸੁਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਕਿਸੇ ਵੀ ਸੂਰਤ ਵਿਚ ਅੱਗ ਨਹੀਂ ਲਗਾਉਦੀ ਚਾਹੀਦੀ। ਉਨ੍ਹਾਂ ਕਿਹਾ ਕਿ ਹੁਣ ਅਜਿਹੀਆਂ ਅਨੇਕਾਂ ਤਕਨੀਕਾਂ ਤੇ ਮਸ਼ੀਨਾਂ ਉਪਲਬਧ ਹਨ, ਜਿਨ੍ਹਾਂ ਦੀ ਮਦਦ ਨਾਲ ਰਹਿੰਦ ਖੂੰਹਦ ਨੂੰ ਅਸਾਨੀ ਨਾਲ ਖੇਤ ਵਿਚ ਮਿਲਾਇਆ ਜਾ ਸਕਦਾ ਹੈ ਅਤੇ ਜਾਂ ਫਿਰ ਇਕੱਤਰ ਕਰਕੇ ਹੋਰ ਕੰਮ ਲਈ ਵਰਤਿਆ ਜਾ ਸਕਦਾ ਹੈ।
ਜੇਕਰ ਕਿਸਾਨ ਪਰਾਲੀ ਨੂੰ ਖੇਤ ਵਿਚ ਹੀ ਵਾਹ ਦੇਣ ਤਾਂ ਇਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਬਚਦਾ ਹੈ, ਉਥੇ ਮਿੱਟੀ ਵਿਚ ਜੈਵਿਕ ਮਾਦਾ ਵਧਣ ਕਾਰਨ ਮਿੱਟੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਕਈ ਸਾਲ ਲਗਾਤਾਰ ਪਰਾਲੀ ਨੂੰ ਖੇਤ ’ਚ ਹੀ ਰੱਖਣ ਨਾਲ ਖੇਤ ਦੀ ਆਰਗੈਨਿਕ ਕਾਰਬਨ ਵਿਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਵਰਤੋਂ ਵੀ ਘੱਟ ਕਰਨੀ ਪੈਂਦੀ ਹੈ, ਜਿਸ ਨਾਲ ਖੇਤੀ ਖਰਚੇ ਘੱਟਦੇ ਹਨ ਅਤੇ ਮਿੱਟੀ, ਹਵਾ ਤੇ ਪਾਣੀ ਵੀ ਪ੍ਰਦੂਸ਼ਣ ਮੁਕਤ ਹੁੰਦਾ ਹੈ। ਇਸ ਲਈ ਸਾਰੇ ਕਿਸਾਨਾਂ ਚਾਹੀਦਾ ਹੈ ਕਿ ਉਹ ਕਿਸੇ ਵੀ ਖੇਤ ਵਿਚ ਅੱਗ ਨਾ ਲਗਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ 'ਚ ਨਹੀਂ ਬੰਦ ਹੋ ਰਿਹਾ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਸਿਲਸਿਲਾ, 2 ਵਾਰਡਰਾਂ ਸਣੇ 3 ਨਾਮਜ਼ਦ
NEXT STORY