ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਬੇਮੌਸਮੀ ਮੀਂਹ ਪੈਣ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ ਹੈ। ਮੀਂਹ ਦਾ ਪਾਣੀ ਮੰਡੀਆਂ ਵਿੱਚ ਖੜ੍ਹਾ ਹੋਣ ਅਤੇ ਖੁੱਲ੍ਹੇ ਵਿੱਚ ਪਈ ਫ਼ਸਲ ਭਿੱਜਣ ਕਾਰਨ ਜਿੱਥੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਅਤੇ ਵੇਚਣ ਸਬੰਧੀ ਚਿੰਤਾ ਸਤਾ ਰਹੀ ਹੈ, ਉੱਥੇ ਹੀ ਮਜ਼ਦੂਰਾਂ ਨੂੰ ਵੀ ਬੋਰੀਆਂ ਨੂੰ ਵਾਰ-ਵਾਰ ਪਲਟਣ, ਢੱਕਣ ਅਤੇ ਸੁਕਾਉਣ ਲਈ ਵਾਧੂ ਮਿਹਨਤ ਕਰਨੀ ਪੈ ਰਹੀ ਹੈ।
ਇਸ ਸਬੰਧੀ ਅਸ਼ੋਕ ਵੈਦ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਮੰਡੀ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਫ਼ਸਲ ਦੇ ਗਿੱਲੇ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਅਨੁਸਾਰ, ਮਾਲ ਭਿੱਜਣ ਕਾਰਨ ਮਜ਼ਦੂਰਾਂ ਨੂੰ ਬੋਰੀਆਂ ਨੂੰ ਵਾਰ-ਵਾਰ ਪਲਟਣਾ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਪੈਂਦੀ ਹੈ। ਇਸ ਨਾਲ ਕੰਮ ਦਾ ਬੋਝ ਕਈ ਗੁਣਾ ਵਧ ਜਾਂਦਾ ਹੈ ਅਤੇ ਕਿਸਾਨਾਂ ਨੂੰ ਵੀ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲੇ ਤੱਕ ਲਗਭਗ 20 ਤੋਂ 25 ਫ਼ੀਸਦੀ ਫ਼ਸਲ ਹੀ ਮੰਡੀ ਵਿੱਚ ਪਹੁੰਚੀ ਹੈ ਜਦਕਿ ਵੱਡੀ ਮਾਤਰਾ ਵਿੱਚ ਫ਼ਸਲ ਅਜੇ ਬਾਹਰ ਪਈ ਹੈ। ਦੂਜੇ ਪਾਸੇ, ਮਜ਼ਦੂਰ ਸੁਸ਼ੀਲ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀਆਂ ਮੁਸ਼ਕਲਾਂ ਬਿਆਨ ਕਰਦਿਆਂ ਦੱਸਿਆ ਕਿ ਮੀਂਹ ਕਾਰਨ ਭਿੱਜੀਆਂ ਬੋਰੀਆਂ ਨੂੰ ਸੰਭਾਲਣ ਲਈ ਉਨ੍ਹਾਂ ਨੂੰ ਦੁੱਗਣੀ ਮਿਹਨਤ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਪਹਿਲਾਂ ਕੀਤਾ ਜਾ ਚੁੱਕਾ ਹੁੰਦਾ ਹੈ, ਮੀਂਹ ਪੈਣ ਤੋਂ ਬਾਅਦ ਉਸੇ ਕੰਮ ਨੂੰ ਦੁਬਾਰਾ ਕਰਨਾ ਪੈਂਦਾ ਹੈ। ਮਜ਼ਦੂਰਾਂ ਅਨੁਸਾਰ, ਵੱਡੀ ਗਿਣਤੀ ਵਿੱਚ ਬੋਰੀਆਂ ਭਿੱਜ ਚੁੱਕੀਆਂ ਹਨ ਅਤੇ ਲੋੜੀਂਦੀਆਂ ਤਰਪਾਲਾਂ ਦੀ ਘਾਟ ਕਾਰਨ ਫ਼ਸਲ ਨੂੰ ਮੀਂਹ ਤੋਂ ਬਚਾਉਣ ਵਿੱਚ ਵੀ ਦਿੱਕਤ ਆ ਰਹੀ ਹੈ।
ਇਹ ਵੀ ਪੜ੍ਹੋ : 11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ ਆਪਣੇ ਇਲਾਕੇ ਦਾ ਹਾਲ
ਮਜ਼ਦੂਰਾਂ ਨੇ ਦੱਸਿਆ ਕਿ ਮੰਡੀਆਂ ਵਿੱਚੋਂ ਫ਼ਸਲ ਦੀ ਲਿਫਟਿੰਗ ਲਈ ਗੱਡੀਆਂ ਅਤੇ ਟਰੈਕਟਰ-ਟਰਾਲੀਆਂ ਸਮੇਂ ਸਿਰ ਉਪਲਬਧ ਨਹੀਂ ਹੋ ਰਹੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫ਼ਸਲ ਦੀ ਲਿਫਟਿੰਗ ਸਮੇਂ ਸਿਰ ਹੋਵੇ ਤਾਂ ਮੰਡੀਆਂ ਵਿੱਚ ਪਈਆਂ ਬੋਰੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਸਕਦਾ ਹੈ ਅਤੇ ਮੀਂਹ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਪਰ ਲਿਫਟਿੰਗ ਵਿੱਚ ਦੇਰੀ ਕਾਰਨ ਮਜ਼ਦੂਰਾਂ ਨੂੰ ਬੋਰੀਆਂ ਨੂੰ ਢੱਕਣ, ਪਲਟਣ ਅਤੇ ਸੰਭਾਲਣ ਦਾ ਵਾਧੂ ਕੰਮ ਕਰਨਾ ਪੈ ਰਿਹਾ ਹੈ ਜਿਸ ਲਈ ਉਨ੍ਹਾਂ ਨੂੰ ਵਾਧੂ ਮਜ਼ਦੂਰੀ ਵੀ ਨਹੀਂ ਮਿਲ ਰਹੀ। ਕਿਸਾਨਾਂ ਅਤੇ ਮਜ਼ਦੂਰਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਠੇਕੇਦਾਰਾਂ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਲੋੜੀਂਦੀਆਂ ਤਰਪਾਲਾਂ ਦਾ ਪ੍ਰਬੰਧ ਕੀਤਾ ਜਾਵੇ, ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ ਅਤੇ ਫ਼ਸਲ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪ੍ਰਬੰਧ ਕੀਤੇ ਜਾਣ ਨਾਲ ਨਾ ਸਿਰਫ਼ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ, ਸਗੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਘਟਾਈਆਂ ਜਾ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ
NEXT STORY