ਪਟਿਆਲਾ, (ਬਲਜਿੰਦਰ)- ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ਼ ਇੰਸ: ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਵਿਦੇਸ਼ ਬੈਠ ਦੇ ਬੋਬੀ ਮਾਹੀ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨਾਂ ਤੋਂ 2 ਪਿਸਟਲ 30 ਬੋਰ ਸਮੇਤ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ.ਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਅਤੇ ਡੀ.ਐੱਸ.ਪੀ. ਰਾਜੇਸ਼ ਮਲਹੋਤਰਾ ਦੀ ਅਗਵਾਈ ਹੇਠ ਚੱਲੇ ਆਪਰੇਸ਼ਨ ਵਿਚ ਸਤਵਿੰਦਰ ਸਿੰਘ ਉਰਫ ਸੰਨੀ ਪੁੱਤਰ ਸਰਬਜੀਤ ਸਿੰਘ ਨੇੜੇ ਪਟਵਾਰ ਖਾਨਾ ਘਨੌਰ, ਜਸਨਪ੍ਰੀਤ ਸਿੰਘ ਉਰਫ ਹਕਲਾ ਪੁੱਤਰ ਜਗਦੀਸ ਸਿੰਘ ਵਾਸੀ ਬਘੇਰਾ ਅਤੇ ਦੀਪਕ ਉਰਫ ਦੀਪੂ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 3 ਨੇੜੇ ਟਰੱਕ ਯੂਨੀਅਨ ਘਨੌਰ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬੋਬੀ ਮਾਹੀ ਵਾਸੀ ਤਫੱਜਲਪੁਰਾ ਵਿਦੇਸ਼ ਵਿਚ ਬੈਠਾ ਹੈ ਅਤੇ ਇਥੇ ਪਹਿਲਾਂ ਉਹ ਸ਼ਰਾਬ ਦੀ ਸਮਗਲਿੰਗ ਕਰਦਾ ਸੀ ਜਿਸ ’ਤੇ ਕਈ ਕੇਸ ਦਰਜ ਹਨ ਅਤੇ ਬੋਬੀ ਮਾਹੀ ਨੂੰ ਅਦਾਲਤ ਨੇ ਭਗੋੜਾ ਵੀ ਕਰਾਰ ਦਿੱਤਾ ਹੋਇਆ ਹੈ। ਬੋਬੀ ਮਾਹੀ ਕਾਨੂੰਨ ਤੋਂ ਬਚਣ ਦੇ ਲਈ ਡੰਕੀ ਰੂਟ ਰਾਹੀਂ ਅਮਰੀਕਾ ਭੱਜ ਗਿਆ ਸੀ ਅਤੇ ਇਸ ਸਮੇਂ ਸਿਆਟਲ ਅਮਰੀਕਾ ਵਿਚ ਵਸਿਆ ਹੋਇਆ ਹੈ। ਉਥੋਂ ਹੀ ਸੋਸਲ ਮੀਡੀਆਂ ਰਾਹੀ ਵਪਾਰੀਆਂ, ਕਾਰੋਬਾਰੀ ਅਤੇ ਰਸੂਖਦਾਰ ਵਿਅਕਤੀਆਂ ਤੋਂ ਭਾਰੀ ਮਾਤਰਾਂ ਵਿਚ ਫਿਰੋਤੀ ਮੰਗਣ ਲਈ ਉਨ੍ਹਾਂ ਨੂੰ ਧਮਕਾਉਂਦਾ ਸੀ ਅਤੇ ਉਹਨਾਂ ਦੇ ਘਰਾ ਅਤੇ ਵਾਹਨਾਂ ਪਰ ਗੋਲੀਬਾਰੀ ਕਰਵਾ ਕੇ ਧਮਕੀਆਂ ਦੇ ਕੇ ਪੈਸਿਆ ਦੀ ਮੰਗ ਕਰਦਾ ਸੀ। ਇਸ ਦੇ ਲਈ ਸਥਾਨਕ ਨੌਜਵਾਨਾ ਨੂੰ ਲਾਲਚ ਦੇ ਕੇ ਅਪਰਾਧਿਕ ਗਤੀਵਿਧੀਆਂ ਵਿਚ ਧੱਕ ਦਿੰਦਾ ਸੀ।
ਐੱਸ.ਐੱਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਸ ਨੂੰ ਜਦੋਂ ਉਸ ਦੀ ਸੂਚਨਾ ਮਿਲੀ ਤਾਂ ਸੀ.ਆਈ.ਏ. ਸਟਾਫ ਦੇ ਇੰਚਾਰਜ਼ ਇੰਸ: ਪ੍ਰਦੀਪ ਸਿੰਘ ਬਾਜਵਾ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਪਹਿਲਾਂ ਉਕਤ ਤਿੰਨ ਵਿਅਕਤੀਆਂ ਦੀ ਸਨਾਖਤ ਕੀਤੀ ਅਤੇ ਫੇਰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਹਥਿਆਰ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਬੋਬੀ ਮਾਹੀ ਉਥੇ ਹੀ ਬੈਠ ਕੇ ਨਵੀਂ ਉਮਰ ਦੇ ਮੁੰਡਿਆਂ ਨੂੰ ਲਾਲਚ ਦੇ ਕੇ ਵਾਰਦਾਤਾਂ ਨੂੰ ਅੰਜਾਮ ਦਿਵਾਉਂਦਾ ਸੀ ਅਤੇ ਫੇਰ ਰਸੂਖਦਾਰਾਂ ਤੋਂ ਫਿਰੋਤੀਆਂ ਮੰਗਦਾ ਸੀ, ਜਿਹੜਾ ਫਿਰੋਤੀ ਨਹੀਂ ਦਿੰਦਾ ਸੀ, ਉਸ ਦੇ ਘਰ ਅਤੇ ਦੁਕਾਨ ਅਤੇ ਵਾਹਨਾਂ ’ਤੇ ਫਾਇਰਿੰਗ ਕਰਵਾ ਦਿੰਦਾ ਸੀ। ਪਟਿਆਲਾ ਵਿਚ ਕੁਝ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਚੌਕਸ ਹੋ ਕੇ ਇਸ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਤਿੰਨਾਂ ਦੇ ਖਿਲਾਫ 310(4), 310(2), 308(2), 308(5), 351(2), 313,111 ਬੀ.ਐੱਨ.ਐੱਸ. ਅਤੇ ਆਰਮਜ਼ ਐਕਟ ਦੇ ਤਹਿਤ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਹੀ ਬੀੜ ਵਿਚ ਬੈਠ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਤਾਂ ਤਿੰਨਾਂ ਨੂੰ ਸਤਵਿੰਦਰ ਸਿੰਘ ਉਰਫ ਸੰਨੀ, ਜਸਨਪ੍ਰੀਤ ਸਿੰਘ ਉਰਵ ਹਕਲਾ ਅਤੇ ਦੀਪਕ ਉਰਫ ਦੀਪੂ ਨੂੰ ਸੁਨਿਆਰਹੇੜੀ ਬੀੜ (ਪਟਿਆਲਾ ਚੀਕਾ ਰੋਡ) ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਅੱਗੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐੱਸ.ਪੀ. ਇਨਵੈਸਟੀਗੇਸਨ ਗੁਰਬੰਸ ਸਿੰਘ ਬੈਂਸ ਅਤੇ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ਼ ਇੰਸ: ਪ੍ਰਦੀਪ ਸਿੰਘ ਬਾਜਵਾ ਵੀ ਹਾਜ਼ਰ ਸਨ।
ਟਰੱਕ ਡਰਾਇਵਰ ਨੇ ਸਹੇਲੀ ਦੇ ਨਵੇਂ ਆਸ਼ਿਕ ਨਾਲ ਸਬੰਧ ਬਣਨ ’ਤੇ ਪੱਟ 'ਚ ਮਾਰੀ ਗੋਲ਼ੀ
NEXT STORY