ਮੋਗਾ (ਆਜ਼ਾਦ, ਗੋਪੀ ਰਾਊਕੇ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾਂ ਨਿਵਾਸੀ ਤਰਨਵੀਰ ਸਿੰਘ ਨੂੰ ਬਟਾਲਾ ਦੇ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕਾਂ ਵਲੋਂ ਜਬਰੀ ਅਗਵਾਹ ਕਰਨ ਉਪਰੰਤ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਨ ਦੇ ਇਲਾਵਾ ਉਸ ਨੂੰ ਜ਼ਖਮੀ ਕਰਨ ਦੇ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਧਰਮਕੋਟ ਪੁਲਸ ਨੇ ਕਥਿਤ ਮੁਲਜ਼ਮਾਂ ਗੁਰਤੇਗ ਸਿੰਘ, ਜਸਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ ਫੌਜੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਤਰਨਵੀਰ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਕਰੀਬ 6 ਮਹੀਨੇ ਤੱਕ ਬਟਾਲਾ ਵਿਖੇ ਕਥਿਤ ਮੁਲਜ਼ਮਾਂ ਦੇ ਨਸ਼ਾ ਛੁਡਾਊ ਕੇਂਦਰ ਵਿਚ ਨੌਕਰੀ ਕਰਦਾ ਰਿਹਾ। ਨੌਕਰੀ ਛੱਡਣ ਦੇ ਬਾਅਦ ਉਸ ਦੇ ਕੋਲ ਇਕ ਮੋਬਾਇਲ ਫੋਨ ਰਹਿ ਗਿਆ ਸੀ, ਜਿਸ ਦੀ ਉਹ ਕੀਮਤ ਦੇਣ ਲਈ ਤਿਆਰ ਸੀ।
ਤਰਨਵੀਰ ਸਿੰਘ ਨੇ ਕਿਹਾ ਕਿ ਬੀਤੀ ਸ਼ਾਮ ਜਦੋਂ ਉਹ ਜਿੰਮ ਵਿਚ ਮੌਜੂਦ ਸੀ ਤਾਂ ਤਿੰਨਾਂ ਕਥਿਤ ਮੁਲਜਮਾਂ ਨੇ ਉਸ ਨੂੰ ਜਬਰਦਸਤੀ ਅਗਵਾ ਕਰਕੇ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਉਸ ਨਾਲ ਕੁੱਟ-ਮਾਰ ਕਰਨ ਦੇ ਨਾਲ ਨਾਲ ਪਿਸਤੋਲ ਦੀ ਨੌਕ ’ਤੇ ਉਸਦੀਆਂ ਵੀਡੀਓ ਵੀ ਬਣਾਈਆਂ ਅਤੇ ਉਸ ਕੋਲੋਂ ਕਈ ਗੱਲਾਂ ਜਬਰਦਸਤੀ ਮਨਵਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਹਮਲਾਵਰਾਂ ਨੇ ਪਿਸਤੋਲ ਦੇ ਬੱਟ ਨਾਲ ਉਸ ਦੇ ਮੱਥੇ ’ਤੇ ਵਾਰ ਕੀਤਾ, ਜਿਸ ਕਾਰਨ ਉਹ ਲਹੂ ਲੁਹਾਣ ਹੋ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਨ੍ਹਾਂ ਨਾਲ ਹੱਥੋਂ ਪਾਈ ਹੋ ਕੇ ਉਥੋਂ ਭੱਜ ਨਿਕਲਿਆ ਅਤੇ ਹਰੀ ਕੇ ਪੱਤਣ ਪੁੱਜ ਕੇ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ। ਉਸ ਨੇ ਜ਼ਿਲਾ ਪੁਲਸ ਮੁਖੀ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਂਚ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਵਲੋਂ ਕੀਤੀ ਜਾ ਰਹੀ ਹੈ, ਗ੍ਰਿਫਤਾਰੀ ਬਾਕੀ ਹੈ।
ਫਿਰੋਜ਼ਪੁਰ 'ਚ ਫ਼ਾਇਰਿੰਗ! ਐਕਟਿਵਾ 'ਤੇ ਜਾਂਦੇ ਮੁੰਡੇ ਦੇ ਮਾਰੀ ਗੋਲ਼ੀ, CCTV 'ਚ ਕੈਦ ਹੋਈ ਘਟਨਾ
NEXT STORY