ਮੋਹਾਲੀ (ਜੱਸੀ) : ਰੋਪੜ ਨਹਿਰ ’ਚ ਤਿੰਨ ਬੱਚਿਆਂ ਸਮੇਤ ਛਾਲ ਮਾਰਨ ਦੇ ਮਾਮਲੇ ’ਚ ਬੁੱਧਵਾਰ ਨੂੰ ਬਲੌਂਗੀ ਸ਼ਮਸ਼ਾਨਘਾਟ ਦਾ ਮਾਹੌਲ ਬੇਹੱਦ ਗਮਗੀਨ ਰਿਹਾ। 6 ਸਾਲਾ ਤਨਵੀ ਤੇ 4 ਸਾਲਾ ਨਿਤਿਨ ਨੂੰ ਦਫ਼ਨਾਉਂਦਿਆਂ ਪਰਿਵਾਰ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਮਾਸੂਮ ਬੱਚਿਆਂ ਦੇ ਦਾਦਾ-ਦਾਦੀ ਨੇ ਭਰੇ ਮਨ ਨਾਲ ਅੰਤਮ ਰਸਮਾਂ ਨਿਭਾਈਆਂ। ਇਸ ਦੌਰਾਨ ਬੱਚਿਆਂ ਦੀ ਮਾਂ ਸ਼ਕੁੰਤਲਾ ਉਰਫ਼ ਸੁਮਨ ਵੀ ਪਹੁੰਚੀ। ਇਸ ਦੌਰਾਨ ਦੋਵਾਂ ਪੱਖਾਂ ਵਿਚਾਲੇ ਤਿੱਖੀ ਬਹਿਸ ਹੋਈ। ਦਾਦਾ ਬਾਬੂ ਰਾਮ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਨੂੰਹ ਉੱਥੇ ਵੀ ਬੱਚਿਆਂ ਬਾਰੇ ਬੋਲਦੀ ਰਹੀ ਕਿ ਉਸਨੇ ਬੱਚਿਆਂ ਦਾ ਕੰਮ ਤਮਾਮ ਕਰ ਦਿੱਤਾ ਹੈ। ਦੂਜੇ ਪਾਸੇ ਸੁਮਨ ਨੇ ਦਾਅਵਾ ਕੀਤਾ ਕਿ ਉਹ ਘਰੇਲੂ ਖੱਜਲ-ਖੁਆਰੀ ਤੋਂ ਪਰੇਸ਼ਾਨ ਸੀ ਅਤੇ ਉਸਨੇ ਜੋ ਕਦਮ ਚੁੱਕਿਆ, ਉਸਦੇ ਪਿੱਛੇ ਇਹੀ ਕਾਰਨ ਸੀ।
ਮਾਂ ਨੇ ਸੁਣਾਈ ਆਪਬੀਤੀ, ਕਿਹਾ-ਕੁੱਟਮਾਰ ਕਾਰਨ ਟੁੱਟ ਚੁੱਕੀ ਸੀ
ਸ਼ਕੁੰਤਲਾ ਉਰਫ਼ ਸੁਮਨ ਨੇ ਦੋਸ਼ ਲਾਆ ਕਿ ਸਹੁਰਾ ਪੱਖ ਲੰਬੇ ਸਮੇਂ ਤੋਂ ਕੁੱਟਮਾਰ ਤੇ ਸ਼ੋਸ਼ਣ ਕਰ ਰਿਹਾ ਸੀ। ਉਸ ਮੁਤਾਬਕ ਐਤਵਾਰ ਨੂੰ ਉਸ ਦੀ ਕੁੱਟਮਾਰ ਕਰਕੇ ਬੱਚਿਆਂ ਨੂੰ ਉਸ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਸ ਨੂੰ ਕਮਰੇ ’ਚ ਬੰਦ ਕਰ ਦਿੱਤਾ ਗਿਆ। ਸਵੇਰੇ ਉਹ ਤਿੰਨੋਂ ਬੱਚਿਆਂ ਨੂੰ ਨਾਲ ਲੈ ਕੇ ਘਰੋਂ ਨਿਕਲੀ ਅਤੇ ਰੋਪੜ ਨਹਿਰ ’ਚ ਛਾਲ ਮਾਰ ਦਿੱਤੀ। ਉਸਦਾ ਕਹਿਣਾ ਹੈ ਕਿ ਉਹ ਜਾਨ ਦੇਣਾ ਚਾਹੁੰਦੀ ਸੀ ਪਰ ਬਚ ਗਈ। ਜਦੋਂ ਉਹ ਬੱਚਿਆਂ ਨੂੰ ਲੈ ਕੇ ਘਰੋਂ ਨਿਕਲੀ ਤਾਂ ਮੇਨ ਰੋਡ ਤੋਂ ਇਕ ਹਜ਼ਾਰ ਰੁਪਏ ’ਚ ਆਟੋ ਕੀਤਾ, ਜਿਸਨੇ ਉਨ੍ਹਾਂ ਨੂੰ ਰੋਪੜ ਛੱਡਿਆ। ਆਟੋ ਵਾਲੇ ਨੇ ਉਨ੍ਹਾਂ ਨੂੰ ਬਾਜ਼ਾਰ ’ਚ ਉਤਾਰਿਆ ਤੇ ਲੋਕਾਂ ਕੋਲੋਂ ਪੁੱਛਦੀ ਹੋਈ ਨਹਿਰ ਵੱਲ ਗਈ।
ਦਾਦਾ-ਦਾਦੀ ਨੇ ਕਿਹਾ- ਮਾਸੂਮਾਂ ਦਾ ਸੀ ਕੀ ਕਸੂਰ, ਇਨਸਾਫ਼ ਚਾਹੀਦਾ
ਦਾਦਾ-ਦਾਦੀ ਦਾ ਦੋਸ਼ ਹੈ ਕਿ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਨੂੰਹ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਨੂੰ ਹਰ ਪਹਿਲੂ ਤੋਂ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਤੇ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪੋਤੇ-ਪੋਤੀ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਜੋ ਭਵਿੱਖ ’ਚ ਕਿਸੇ ਹੋਰ ਪਰਿਵਾਰ ਨੂੰ ਅਜਿਹਾ ਦਰਦ ਨਾ ਹੰਢਾਉਣਾ ਪਵੇ।
ਹਰ ਪਹਿਲੂ ਤੋਂ ਕੀਤੀ ਜਾ ਰਹੀ ਜਾਂਚ : ਐੱਸ. ਐੱਚ. ਓ.
ਮਟੌਰ ਥਾਣੇ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਬੱਚਿਆਂ ਦੇ ਦਾਦਾ-ਦਾਦੀ, ਮਾਂ ਤੇ ਹੋਰ ਸਬੰਧਤ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਚੱਲ ਰਿਹਾ ਸੀ ਹੈਰਾਨੀਜਨਕ ਕਾਰਾ, ਜੇਲ੍ਹ ਵਾਰਡਰ ਹੋਇਆ ਗ੍ਰਿਫ਼ਤਾਰ
NEXT STORY