ਮੋਗਾ (ਆਜ਼ਾਦ) : ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਬੰਬੀਹਾ ਭਾਈ ਵਿਖੇ ਦਿਨ-ਦਿਹਾੜੇ ਆਪਣੀ ਮੋਟਰ ’ਤੇ ਪਏ ਬਜ਼ੁਰਗ ਗੁਰਮੇਲ ਸਿੰਘ ਦੇ ਹੱਥ ਵਿਚ ਪਾਈ ਸੋਨੇ ਦੀ ਅੰਗੂਠੀ ਲਾਹ ਕੇ ਭੱਜਣ ਵਾਲੇ ਦੋ ਕਥਿਤ ਲੁਟੇਰਿਆਂ ਮਨਜਿੰਦਰ ਸਿੰਘ ਉਰਫ ਮੇਜਰ ਅਤੇ ਅਭੀਜੀਤ ਸਿੰਘ ਉਰਫ ਜਸ਼ਨ ਨਿਵਾਸੀ ਪਿੰਡ ਰੋਲੀ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਹੈ। ਪੁਲਸ ਨੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਬੰਬੀਹਾ ਭਾਈ ਨੇ ਕਿਹਾ ਕਿ ਸਾਡੇ ਘਰ ਦੇ ਕੋਲ ਖੇਤ ਵਾਲੀ ਮੋਟਰ ਹੈ, ਜਿੱਥੇ ਕਾਫੀ ਦਰੱਖਤ ਲੱਗੇ ਹੋਣ ਕਰਕੇ ਦਰੱਖਤਾਂ ਦੇ ਹੇਠਾਂ ਬੈਂਚ ਅਤੇ ਮੰਜੇ ਰੱਖੇ ਹੋਏ ਹਨ, ਜਿੱਥੇ ਕਈ ਲੋਕ ਆਰਾਮ ਕਰਨ ਬੈਠ ਜਾਂਦੇ ਹਨ ਅਤੇ ਪਾਣੀ ਪੀਂਦੇ ਹਨ।
ਉਸ ਨੇ ਕਿਹਾ ਕਿ ਬੀਤੇ ਦਿਨ ਮੇਰਾ ਬਜ਼ੁਰਗ ਤਾਇਆ ਗੁਰਮੇਲ ਸਿੰਘ ਇਕੱਲਾ ਹੀ ਦਰੱਖਤਾਂ ਹੇਠਾਂ ਅਰਾਮ ਕਰ ਰਿਹਾ ਸੀ ਅਤੇ ਮੈਂ ਨੇੜੇ ਖੇਤਾਂ ਵਿਚ ਕੰਮ ਕਰਦਾ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ ਅਤੇ ਪਾਣੀ ਪੀਣ ਦੇ ਬਹਾਨੇ ਮੇਰੇ ਬਜ਼ੁਰਗ ਤਾਏ ਦੇ ਸੱਜੇ ਹੱਥ ਪਾਈ ਸੋਨੇ ਦੀ ਅੰਗੂਠੀ ਲਾ ਕੇ ਭੱਜਣ ਲੱਗੇ ਤਾਂ ਉਸ ਨੇ ਰੌਲਾ ਪਾ ਦਿੱਤਾ, ਜਿਸ ’ਤੇ ਮੈਂ ਭੱਜ ਕੇ ਆਇਆ ਅਤੇ ਰੋਕਣ ਦਾ ਯਤਨ ਕਰਦਿਆਂ ਤਾਂ ਉਥੇ ਪਿੰਡ ਵਾਲੇ ਵੀ ਆ ਗਏ, ਜਿਸ ’ਤੇ ਅਸੀਂ ਦੋ ਕਥਿਤ ਲੁਟੇਰਿਆ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦਾ ਸਾਥੀ ਅੰਗੂਠੀ ਲੈ ਕੇ ਫਰਾਰ ਹੋ ਗਿਆ।
ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਮਨਜਿੰਦਰ ਸਿੰਘ ਉਰਫ ਮੇਜਰ, ਅਭੀਜੀਤ ਸਿੰਘ ਉਰਫ਼ ਜਸਨ, ਗੁਰਪ੍ਰੀਤ ਸਿੰਘ, ਹੈਪੀ ਸਿੰਘ, ਲਵਜੀਤ ਸਿੰਘ, ਨਿੱਕੂ ਸਿੰਘ ਸਾਰੇ ਨਿਵਾਸੀ ਪਿੰਡ ਰੌਲੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਦੋਵੇਂ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ, ਜਦਕਿ ਦੂਸਰਿਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਘੱਗਰ ‘ਚ ਆਏ ਹੜ੍ਹ ਨਾਲ ਪੰਚਾਇਤੀ ਅਤੇ ਮਾਲਕੀ ਜ਼ਮੀਨ ਖੁਰਨ ਨਾਲ ਫਸਲਾਂ ਦਾ ਨੁਕਸਾਨ
NEXT STORY