ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਿਵਲ ਹਸਪਤਾਲ ਵਿਚ ਸਥਿਤ ਡਾਇਲਸਿਸ ਯੂਨਿਟ ਇਲਾਕੇ ਦੇ ਮਰੀਜਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਪਹਿਲਾਂ ਡਾਇਲਸਿਸ ਯੂਨਿਟ ਵਿਚ ਚਾਰ ਡਾਇਲਸਿਸ ਮਸ਼ੀਨਾਂ ਸਨ ਪਰ ਮਰੀਜਾਂ ਦੀ ਗਿਣਤੀ ਨੂੰ ਦੇਖਦਿਆਂ ਮਸ਼ੀਨਾਂ ਦੀ ਗਿਣਤੀ ਘੱਟ ਸੀ। ਇਸ ਸਮੱਸਿਆ ਨੂੰ ਦੇਖਦਿਆਂ ਟ੍ਰਾਈਡੈਂਟ ਗਰੁੱਪ ਵਲੋਂ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਨਿਰਦੇਸ਼ਾਂ 'ਤੇ ਇਕ ਹੋਰ ਡਾਇਲਸਿਸ ਮਸ਼ੀਨ ਸਿਵਲ ਹਸਪਤਾਲ ਨੂੰ ਭੇਂਟ ਕੀਤੀ ਗਈ ਹੈ, ਜਿਸਦੀ ਕੀਮਤ 8 ਲੱਖ ਰੁਪਏ ਦੇ ਕਰੀਬ ਹੈ। ਟ੍ਰਾਈਡੈਂਟ ਗਰੁੱਪ ਵਲੋਂ ਡਾਇਲਸਿਸ ਮਸ਼ੀਨ ਭੇਂਟ ਕਰਨ 'ਤੇ ਇਲਾਕਾ ਵਾਸੀਆਂ ਨੇ ਇਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ।
ਸਿਵਲ ਹਸਪਤਾਲ ਵਿਚ ਕੀਤਾ ਜਾਂਦਾ ਹੈ ਮਰੀਜਾਂ ਦਾ ਡਾਇਲਸਿਸ ਮੁਫ਼ਤ
ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਮਰੀਜਾਂ ਦਾ ਡਾਇਲਸਿਸ ਬਿਲਕੁਲ ਮੁਫਤ ਕੀਤਾ ਜਾਂਦਾ ਹੈ। 2018 ਵਿਚ 2111 ਮਰੀਜਾਂ ਦੇ ਡਾਇਲਸਿਸ ਮੁਫਤ ਕੀਤੇ ਗਏ। ਜਦੋਂ ਕਿ 2019 ਵਿਚ 2384 ਮਰੀਜਾਂ ਦੇ ਡਾਇਲਸਿਸ ਮੁਫਤ ਕੀਤੇ ਗਏ। ਬੇਸ਼ੱਕ ਡਾਇਲਸਿਸ ਯੂਨਿਟ ਵਿਚ ਪਹਿਲਾਂ 4 ਮਸ਼ੀਨਾਂ ਸਨ ਪਰ ਮਰੀਜਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸਮੱਸਿਆ ਆਉਂਦੀ ਸੀ। ਕਿਉਂਕਿ ਇਕ ਮਸ਼ੀਨ ਲਗਭਗ 2 ਡਾਇਲਸਿਸ ਦਿਨ ਵਿਚ ਕਰਦੀ ਹੈ। ਟ੍ਰਾਈਡੈਂਟ ਗਰੁੱਪ ਵਲੋਂ ਇਕ ਹੋਰ ਮਸ਼ੀਨ ਮਿਲਣ ਨਾਲ ਕਾਫੀ ਰਾਹਤ ਮਿਲੇਗੀ। ਮਰੀਜਾਂ ਦੀ ਗਿਣਤੀ ਨੂੰ ਦੇਖਦਿਆਂ ਅਜੇ ਵੀ ਇਕ ਹੋਰ ਡਾਇਲਸਿਸ ਮਸ਼ੀਨ ਦੀ ਜਰੂਰਤ ਹੈ।
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ
ਕਪਿਲ ਗਰੋਵਰ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਅੱਜ ਕੱਲ ਗੁਰਦਿਆਂ ਦੇ ਰੋਗਾਂ ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਵਧ ਗਈ ਹੈ। ਟ੍ਰਾਈਡੈਂਟ ਗਰੁੱਪ ਵਲੋਂ ਸਿਵਲ ਹਸਪਤਾਲ ਨੂੰ ਡਾਇਲਸਿਸ ਮਸ਼ੀਨ ਭੇਂਟ ਕਰਕੇ ਮਨੁੱਖਤਾ ਦੀ ਸੇਵਾ ਕੀਤੀ ਗਈ ਹੈ। ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮਸ਼ੀਨ ਨਾਲ ਕਈ ਮਰੀਜਾਂ ਨੂੰ ਲਾਭ ਹੋਵੇਗਾ।
ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਉਪਲਬਧ ਕਰਵਾ ਰਿਹਾ ਹੈ ਟ੍ਰਾਈਡੈਂਟ ਗਰੁੱਪ
ਪ੍ਰਦੀਪ ਕਾਂਸਲ ਨੇ ਕਿਹਾ ਕਿ ਚੰਗੀਆਂ ਸਿਹਤ ਸੁਵਿਧਾਵਾਂ ਮਨੁੱਖਤਾ ਦੀ ਪਹਿਲੀ ਬੁਨਿਆਦੀ ਸਹੂਲਤ ਹਨ, ਜੋ ਕਿ ਟ੍ਰਾਈਡੈਂਟ ਗਰੁੱਪ ਇਲਾਕੇ ਦੇ ਲੋਕਾਂ ਨੂੰ ਮੁਹੱਈਆ ਕਰਵਾ ਰਿਹਾ ਹੈ। ਟ੍ਰਾਈਡੈਂਟ ਗਰੁੱਪ ਵਲੋਂ ਹਰ ਸਾਲ ਮੈਗਾ ਮੈਡੀਕਲ ਕੈਂਪ ਲਗਾਏ ਜਾਂਦੇ ਹਨ, ਜਿਸ ਵਿਚ ਮਰੀਜਾਂ ਦਾ ਮੁਫਤ ਚੈਕਅਪ ਕਰਕੇ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ। ਸੀ. ਐਮ. ਸੀ. ਲੁਧਿਆਣਾ ਦੀਆਂ ਡਾਕਟਰਾਂ ਦੀਆਂ ਟੀਮਾਂ ਮਰੀਜਾਂ ਦਾ ਚੈਕਅਪ ਕਰਦੀਆਂ ਹਨ। ਹੁਣ ਟ੍ਰਾਈਡੈਂਟ ਗਰੁੱਪ ਵਲੋਂ ਮਰੀਜਾਂ ਦੀ ਸਹੂਲਤ ਨੂੰ ਦੇਖਦਿਆਂ ਡਾਇਲਸਿਸ ਮਸ਼ੀਨ ਸਿਵਲ ਹਸਪਤਾਲ ਨੂੰ ਦਿੱਤੀ ਗਈ ਹੈ। ਇਹ ਮਸ਼ੀਨ ਵੀ ਮਰੀਜਾਂ ਲਈ ਵਰਦਾਨ ਸਿੱਧ ਹੋਵੇਗੀ।
ਮਰੀਜਾਂ ਨੂੰ ਨਹੀਂ ਕਟਵਾਉਣੀ ਪਵੇਗੀ ਆਪਣੀ ਜੇਬ
ਹਿਤੇਸ਼ ਗੋਲੂ ਨੇ ਕਿਹਾ ਕਿ ਬੇਸ਼ੱਕ ਸਿਵਲ ਹਸਪਤਾਲ ਵਿਚ 4 ਡਾਇਲਸਿਸ ਮਸ਼ੀਨਾਂ ਪਹਿਲਾਂ ਤੋਂ ਮੌਜੂਦ ਸਨ ਪਰ ਮਰੀਜਾਂ ਦੀ ਜਿਆਦਾ ਗਿਣਤੀ ਨੂੰ ਦੇਖਦਿਆਂ ਕਈ ਮਰੀਜਾਂ ਨੂੰ ਮਜਬੂਰੀ ਵਿਚ ਆਪਣਾ ਡਾਇਲਸਿਸ ਬਾਹਰੋਂ ਜਾ ਕੇ ਕਰਵਾਉਣਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਦਾ ਕਾਫੀ ਪੈਸਾ ਖਰਚ ਹੋ ਜਾਂਦਾ ਸੀ ਪਰ ਹੁਣ ਬਰਨਾਲਾ ਵਿਚ ਬਿਲਕੁਲ ਫ੍ਰੀ ਵਿਚ ਡਾਇਲਸਿਸ ਹੋਵੇਗਾ ਅਤੇ ਮਰੀਜਾਂ ਨੂੰ ਆਪਣੀ ਜੇਬ ਨਹੀਂ ਕਟਵਾਉਣੀ ਪਵੇਗੀ।
ਚੰਗੀ ਸਿਹਤ ਨਾਲ ਹੀ ਜਹਾਨ ਲੱਗਦਾ ਹੈ ਸੁੰਦਰ
ਮਹੰਤ ਭਗਵਾਨ ਦਾਸ ਨੇ ਕਿਹਾ ਕਿ ਅੱਜ ਕੱਲ ਬੀਮਾਰੀਆਂ ਬਹੁਤ ਜਿਆਦਾ ਫੈਲ ਗਈਆਂ ਹਨ। ਉਨ੍ਹਾਂ ਦਾ ਇਲਾਜ ਕਰਨ ਲਈ ਚੰਗੀਆਂ ਸਿਹਤ ਸੁਵਿਧਾਵਾਂ ਦਾ ਹੋਣਾ ਜਰੂਰੀ ਹੈ। ਇਸ ਲਈ ਚੰਗਾ ਹਸਪਤਾਲ ਅਤੇ ਉਸ ਵਿਚ ਇਨਫ੍ਰਾਸਟਰਕਚਰ ਦਾ ਹੋਣਾ ਬਹੁਤ ਜਰੂਰੀ ਹੈ। ਗੁਰਦਿਆਂ ਦੇ ਰੋਗਾਂ ਦੇ ਮਰੀਜਾਂ ਦੀ ਗਿਣਤੀ ਬਹੁਤ ਵਧ ਗਈ ਹੈ। ਇਸ ਕਾਰਨ ਸ਼ਹਿਰ ਵਿਚ ਡਾਇਲਸਿਸ ਮਸ਼ੀਨ ਦੀ ਬਹੁਤ ਜਰੂਰਤ ਸੀ। ਜੋ ਟ੍ਰਾਈਡੈਂਟ ਗਰੁੱਪ ਨੇ ਦਿੱਤੀ ਹੈ। ਇਸ ਨਾਲ ਕਈ ਮਰੀਜਾਂ ਦਾ ਇਲਾਜ ਹੋਵੇਗਾ ਅਤੇ ਕਈ ਮਰੀਜ ਤੰਦਰੁਸਤ ਹੋਣਗੇ। ਚੰਗੀ ਸਿਹਤ ਨਾਲ ਹੀ ਇਹ ਜਹਾਨ ਸੁੰਦਰ ਲੱਗਦਾ ਹੈ।
ਚੰਡੀਗੜ੍ਹ : ਕਾਲਜ ਦੀ ਐੱਨ. ਐੱਸ. ਐੱਸ. ਯੂਨਿਟ ਨੇ 'ਰਾਸ਼ਟਰੀ ਏਕਤਾ ਕੈਂਪਸ' 'ਚ ਲਿਆ ਹਿੱਸਾ
NEXT STORY