ਚੰਡੀਗੜ੍ਹ : ਅੱਗ ਵਰ੍ਹਾਊ ਗਰਮੀ ਦੇ ਬਾਵਜੂਦ ਪੰਜਾਬ ਭਰ ਤੋਂ ਸੈਂਕੜੇ ਔਰਤਾਂ, ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ, ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਵੱਲ ਮਾਰਚ ਕਰਦੀਆਂ ਹੋਈਆਂ, ਆਮ ਆਦਮੀ ਪਾਰਟੀ ਤੋਂ ਨਾਰੀ ਸ਼ਕਕਤੀ ਵੰਦਨ ਅਧਿਨਿਯਮ ਦੇ ਵਿਰੋਧ ਬਾਰੇ ਜਵਾਬ ਮੰਗ ਰਹੀਆਂ ਸਨ। ਚੰਡੀਗੜ੍ਹ ਪੁਲਸ ਨੇ ਮੁੱਖ ਮੰਤਰੀ ਮਾਨ ਦੇ ਨਿਵਾਸ ਵੱਲ ਵੱਧਣ ਦੀ ਕੋਸ਼ਿਸ਼ ਦੌਰਾਨ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ, ਭਾਜਪਾ ਪੰਜਾਬ ਦੀ ਮੀਤ ਪ੍ਰਧਾਨ ਮੋਹਿੰਦਰ ਕੌਰ ਜੋਸ਼ ਅਤੇ ਮੋਨਾ ਜੈਸਵਾਲ, ਨਾਲ ਹੀ ਸੂਬਾ ਸਕੱਤਰ ਮੀਨੂ ਸੇਠੀ, ਵੰਦਨਾ ਸਾਂਗਵਾਨ, ਰੇਨੂ ਥੱਪਰ ਅਤੇ ਏਕਤਾ ਨਾਗਪਾਲ ਸ਼ਾਮਲ ਸਨ।

ਨਾਰੀ ਸ਼ਕਤੀ ਜ਼ਿੰਦਾਬਾਦ ਦੇ ਨਾਅਰੇ ਲਗਾਉਂਦਿਆਂ ਔਰਤਾਂ ਨੇ ਸਮਾਨ ਅਧਿਕਾਰਾਂ ਲਈ ਆਪਣੀ ਲੜਾਈ ਜਾਰੀ ਰੱਖਣ ਦਾ ਸੰਕਲਪ ਲਿਆ ਅਤੇ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਸਭਾ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਮੇਸ਼ਾ ਮਹਿਲਾ ਸਸ਼ਕਤੀਕਰਨ ਦੇ ਹੱਕ ਵਿੱਚ ਰਹੀ ਹੈ। ਜਿੱਥੇ ਰਾਜਨੀਤਿਕ ਦਲ ਕਈ ਮਸਲਿਆਂ ‘ਤੇ ਅਸਹਿਮਤ ਹੁੰਦੇ ਹਨ, ਉੱਥੇ ਇਹ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਅਤੇ ਆਪ ਪਾਰਟੀ ਮਹਿਲਾ ਰਿਜ਼ਰਵੇਸ਼ਨ ਦਾ ਵਿਰੋਧ ਕਰਨ ਵਿੱਚ ਇਕੱਠੇ ਹੋ ਗਏ ਹਨ।ਉਨ੍ਹਾਂ ਇਸ ਨੂੰ ਰਾਜਨੀਤਿਕ ਮੌਕਾ ਪ੍ਰਸਤੀ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਦਲ ਵੋਟ-ਬੈਂਕ ਦੀ ਰਾਜਨੀਤੀ ਵਿੱਚ ਲਿਪਤ ਹਨ ਅਤੇ ਅਜਿਹੇ ਸਰੰਚਨਾਤਮਕ ਸੁਧਾਰਾਂ ਦਾ ਵਿਰੋਧ ਕਰ ਰਹੇ ਹਨ, ਜੋ ਉਨ੍ਹਾਂ ਦੇ ਅੰਦਰੂਨੀ ਸੱਤਾ ਸੰਤੁਲਨ ਨੂੰ ਬਦਲ ਸਕਦੇ ਹਨ।

ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਰੋਕਣ ਨੂੰ ਲੋਕਤੰਤਰ ਲਈ ਕਾਲਾ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਨੇ ਹਮੇਸ਼ਾ ਮਹਿਲਾਵਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਦੇਖਿਆ ਹੈ ਅਤੇ ਉਨ੍ਹਾਂ ਨੂੰ ਯੋਗ ਅਗਵਾਈ ਦੇਣ ਵਿੱਚ ਅਸਫਲ ਰਹੀਆਂ ਹਨ। ਕਾਂਗਰਸ ਗਠਜੋੜ ਮਹਿਲਾਵਾਂ ਦੇ ਵੱਧਦੇ ਰਾਜਨੀਤਿਕ ਸਸ਼ਕਤੀਕਰਨ ਤੋਂ ਡਰਦਾ ਨਜ਼ਰ ਆ ਰਿਹਾ ਹੈ। ਦੇਸ਼ ਭਰ ਦੀਆਂ ਮਹਿਲਾਵਾਂ ਇਸ ਅਪਮਾਨ ਦਾ ਕਰਾਰਾ ਜਵਾਬ ਦੇਣਗੀਆਂ। ਪਰਨੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਦੇ ਹਿੱਤਾਂ ਨੂੰ ਅੱਗੇ ਵਧਾ ਕੇ ਸਦਭਾਵਨਾ ਹਾਸਲ ਕਰਨ ਦੀ ਬਜਾਏ ਵਿਰੋਧੀ ਪੱਖ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਵਿੱਚ ਨਕਾਰਾਤਮਕ ਭੂਮਿਕਾ ਨਿਭਾਈ ਹੈ। ਉਨ੍ਹਾਂ ਸਾਰੇ ਰਾਜਨੀਤਕ ਦਲਾਂ ਨੂੰ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਅੱਧੀ ਆਬਾਦੀ ਦੇ ਉੱਥਾਨ ਲਈ ਕੰਮ ਕਰਨ ਦੀ ਅਪੀਲ ਕੀਤੀ।
ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
NEXT STORY