ਮੋਹਾਲੀ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਦੇ ਅਮਲ, ਖ਼ਾਸ ਕਰਕੇ ਵੋਟਾਂ ਦੀ ਗਿਣਤੀ ਦੌਰਾਨ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੋਕਤੰਤਰ 'ਤੇ ਗੰਭੀਰ ਝਟਕਾ ਕਰਾਰ ਦਿੱਤਾ ਹੈ। ਬਲਬੀਰ ਸਿੱਧੂ ਨੇ ਸੂਬਾ ਚੋਣ ਕਮਿਸ਼ਨ ਤੋਂ ਵਾਰਡ ਨੰਬਰ-23 ਦੇ ਬੂਥ ਨੰਬਰ-93, ਵਾਰਡ ਨੰਬਰ-2 ਦੇ ਬੂਥ ਨੰਬਰ-7 ਅਤੇ ਵਾਰਡ ਨੰਬਰ-4 ਦੇ ਬੂਥ ਨੰਬਰ-17 ਦੀ ਚੋਣ ਰੱਦ ਕਰਕੇ ਮੁੜ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਦੋਸ਼ ਲਗਾਇਆ ਕਿ ਵਾਰਡ ਨੰਬਰ-23 ਦੇ ਪੋਲਿੰਗ ਬੂਥ ਨੰਬਰ-93, ਵਾਰਡ ਨੰਬਰ-2 ਦੇ ਬੂਥ ਨੰਬਰ-7 ਅਤੇ ਵਾਰਡ ਨੰਬਰ-4 ਦੇ ਬੂਥ ਨੰਬਰ-17 'ਚ ਵੋਟਿੰਗ ਅਤੇ ਗਿਣਤੀ ਦੌਰਾਨ ਗੰਭੀਰ ਖਾਮੀਆਂ ਸਾਹਮਣੇ ਆਈਆਂ। ਉਨ੍ਹਾਂ ਕਿਹਾ ਕਿ ਬੈਲਟ ਬਾਕਸ ਵਿਚੋਂ ਨਿਕਲੀਆਂ ਕਈ ਵੋਟ ਪਰਚੀਆਂ ਨਾਲ ਕਾਊਂਟਰ ਫਾਈਲ (ਰਸੀਦ ਵਾਲਾ ਹਿੱਸਾ) ਵੀ ਜੁੜਿਆ ਹੋਇਆ ਮਿਲਿਆ, ਜੋ ਚੋਣ ਪ੍ਰਕਿਰਿਆ ਦੇ ਨਿਯਮਾਂ ਦੀ ਉਲੰਘਣਾ ਹੈ ਅਤੇ ਬੋਗਸ ਵੋਟਿੰਗ ਦੀ ਸੰਭਾਵਨਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹੋਰ ਵੀ ਚਿੰਤਾਜਨਕ ਗੱਲ ਇਹ ਸੀ ਕਿ ਕਈ ਕਾਊਂਟਰ ਫਾਈਲਾਂ 'ਤੇ ਵੋਟਰਾਂ ਦੇ ਦਸਤਖ਼ਤ ਜਾਂ ਅੰਗੂਠੇ ਦੇ ਨਿਸ਼ਾਨ ਮੌਜੂਦ ਨਹੀਂ ਸਨ। ਸਿੱਧੂ ਅਨੁਸਾਰ ਇਹ ਤੱਥ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ 'ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਬਹੁਤ ਜ਼ਰੂਰੀ ਹੈ।
ਸਿੱਧੂ ਨੇ ਦਾਅਵਾ ਕੀਤਾ ਕਿ ਸੱਤਾਧਿਰ ਦੇ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਨੇ ਰਿਟਰਨਿੰਗ ਅਫ਼ਸਰ ਕੋਲ ਲਿਖ਼ਤੀ ਰੂਪ 'ਚ ਇਤਰਾਜ਼ ਦਰਜ ਕਰਵਾਉਂਦੇ ਹੋਏ ਇਨ੍ਹਾਂ ਬੂਥਾਂ ਦੀ ਗਿਣਤੀ ਰੋਕਣ ਅਤੇ ਨਤੀਜਾ ਨਾ ਐਲਾਨਣ ਦੀ ਮੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਨਾ ਸਿਰਫ਼ ਗਿਣਤੀ ਜਾਰੀ ਰੱਖੀ ਗਈ, ਸਗੋਂ ਰਸੀਦ ਵਾਲੇ ਹਿੱਸਿਆਂ ਨੂੰ ਵੋਟ ਪਰਚੀਆਂ ਤੋਂ ਵੱਖ ਕਰਕੇ ਗਿਣਤੀ ਕਰਨ ਦੇ ਹੁਕਮ ਵੀ ਦਿੱਤੇ ਗਏ, ਜਿਸ ਨਾਲ ਚੋਣ ਅਮਲ ਦੀ ਨਿਰਪੱਖਤਾ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਉਨ੍ਹਾਂ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਕਤ ਬੂਥਾਂ ਦੀ ਚੋਣ ਨੂੰ ਰੱਦ ਕਰਕੇ ਦੁਬਾਰਾ ਵੋਟਿੰਗ ਕਰਵਾਈ ਜਾਵੇ ਅਤੇ ਪੋਲਿੰਗ ਬੂਥ ਨੰਬਰ-93 ਨਾਲ ਸਬੰਧਤ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਥਿਤ ਬੇਨਿਯਮੀਆਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਰਿਟਰਨਿੰਗ ਅਫ਼ਸਰ ਨੇ ਕਿਸ ਆਧਾਰ ‘ਤੇ ਗਿਣਤੀ ਜਾਰੀ ਰੱਖਣ ਅਤੇ ਨਤੀਜੇ ਐਲਾਨਣ ਦੀ ਇਜਾਜ਼ਤ ਦਿੱਤੀ।
ਸਿੱਧੂ ਨੇ ਇਹ ਵੀ ਦੋਸ਼ ਲਗਾਇਆ ਕਿ ਚੋਣ ਪ੍ਰਕਿਰਿਆ ਦੇ ਸ਼ੁਰੂਆਤੀ ਪੜਾਅ ਤੋਂ ਹੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਨਾਮਜ਼ਦਗੀਆਂ ਦਾਖ਼ਲ ਕਰਨ 'ਚ ਰੁਕਾਵਟਾਂ ਪੈਦਾ ਕੀਤੀਆਂ ਗਈਆਂ, ਇਤਰਾਜ਼ਹੀਣ ਸਰਟੀਫਿਕੇਟ ਜਾਰੀ ਕਰਨ ਵਿੱਚ ਦੇਰੀ ਕੀਤੀ ਗਈ ਅਤੇ ਬਿਨਾਂ ਵਾਜਬ ਕਾਰਨਾਂ ਦੇ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਪੱਖ ਅਤੇ ਆਜ਼ਾਦ ਚੋਣਾਂ ਦੇ ਕੀਤੇ ਜਾ ਰਹੇ ਦਾਅਵੇ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਖੋਖਲੇ ਸਾਬਤ ਹੋਏ ਹਨ। ਸਿੱਧੂ ਨੇ ਦੋਸ਼ ਲਾਇਆ ਕਿ ਕਈ ਥਾਵਾਂ ‘ਤੇ ਬੋਗਸ ਵੋਟਿੰਗ ਅਤੇ ਪ੍ਰਸ਼ਾਸਨਿਕ ਦਖ਼ਲ-ਅੰਦਾਜ਼ੀ ਰਾਹੀਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਗਿਆ, ਜਿਸ ਨਾਲ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੋਣ ਪ੍ਰਣਾਲੀ 'ਚ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਚੋਣ ਕਮਿਸ਼ਨ ਨੂੰ ਇਸ ਮਾਮਲੇ 'ਚ ਤੁਰੰਤ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਤੁਹਾਡੇ ਨਾਂ 'ਤੇ ਕਿਥੇ-ਕਿਥੇ ਤੇ ਕਿੰਨਾ ਪਿਆ ਪੈਸਾ, ਬੱਸ ਹੁਣ ਇਕ CLICK ਨਾਲ ਲੱਗੇਗਾ ਪਤਾ, ਨਵਾਂ ਪੋਰਟਲ ਲਾਂਚ
NEXT STORY