ਬੁਢਲਾਡਾ (ਮਨਜੀਤ) : 10ਵਾਂ ਰਾਸ਼ਟਰੀ ਵੋਟਰ ਦਿਵਸ ਜ਼ਿਲਾ ਪੱਧਰ 'ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਵਿਖੇ ਮਨਾਇਆ ਗਿਆ, ਜਿੱਥੇ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਗੀਤ ਵੰਦੇ ਮਾਤਰਮ ਨਾਲ ਹੋਈ। ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜੇ.ਬੀ.ਟੀ. ਅਹਿਮਦਪੁਰ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ ਅਤੇ ਬੋਲੀਆਂ ਪੇਸ਼ ਕੀਤੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ਬੁਢਲਾਡਾ) ਵੱਲੋਂ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ, ਜਿਸ ਰਾਹੀਂ ਹਰ ਇਕ ਨੂੰ ਵੋਟ ਬਣਵਾਉਣ ਅਤੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਇਕ ਲੋਕਤੰਤਰ ਰਾਜ ਹੈ, ਜਿੱਥੇ ਹਰ ਇਕ ਨੂੰ ਆਪਣੀ ਗੱਲ ਕਹਿਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਕਦੇ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਿਸੇ ਧਰਮ, ਜਾਤੀ, ਭਾਸ਼ਾ, ਪੈਸੇ ਆਦਿ ਦੇ ਲਾਲਚ ਵਿਚ ਆ ਕੇ ਨਹੀਂ ਕਰਾਂਗੇ। ਹਮੇਸ਼ਾ ਨਿਰਪੱਖ ਤੇ ਨਿਡਰ ਹੋ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 18 ਸਾਲ ਦੀ ਉਮਰ ਦੇ ਹਰ ਨਾਗਰਿਕ ਨੂੰ ਆਪਣੀ ਵੋਟ ਬਣਵਾਉਣੀ ਚਾਹੀਦੀ ਹੈ ਅਤੇ ਵੋਟ ਦੇ ਇਸਤੇਮਾਲ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।
ਇਸ ਦੌਰਾਨ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਚੋਣਾਂ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ਚੋਣ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਸ਼੍ਰੀ ਆਦਿੱਤਯ ਡੇਚਲਵਾਲ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਓਮ ਪ੍ਰਕਾਸ਼ ਮਿੱਢਾ ਚੋਣ ਨੋਡਲ ਅਫ਼ਸਰ ਸਿੱਖਿਆ ਸੰਸਥਾਵਾਂ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਨੂੰ ਵੀ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਰਦੂਲਗੜ੍ਹ ਦਫ਼ਤਰ ਨਗਰ ਪੰਚਾਇਤ ਵਿਖੇ ਤਾਇਨਾਤ ਕਲਰਕ ਮੋਹਿਤ ਕੁਮਾਰ ਨੂੰ ਬੂਥ ਲੈਵਲ ਅਫ਼ਸਰ ਵਜੋਂ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਮਾਸਟਰ ਟਰੇਨਰਾਂ, ਟੀਮ ਕੋਆਰਡੀਨੇਟਰ, ਦਿਵਿਆਂਗ ਵੋਟਰਾਂ ਦੀ ਮਦਦ ਲਈ ਬਣਾਈਆਂ ਗਈਆਂ ਟੀਮਾਂ ਦੇ ਟੀਮ ਕੋਆਰਡੀਨੇਟਰ, ਸੁਪਰਵਾਇਜ਼ਰ, ਅਤੇ ਵਿਸ਼ੇਸ਼ ਤੌਰ 'ਤੇ ਦਿਵਿਆਂਗ ਵੋਟਰਾਂ, ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੀਆਂ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਕਾਰੀ ਸ.ਸ. ਸਕੂਲ (ਲੜਕੀਆਂ) ਪ੍ਰਿੰਸੀਪਲ ਮੁਕੇਸ਼ ਕੁਮਾਰ, ਡਾਇਟ ਦੇ ਕਾਰਜਕਾਰੀ ਪ੍ਰਿੰਸੀਪਲ ਸਤਨਾਮ ਸਿੰਘ ਸੱਤਾ, ਸੈਕਟਰੀ ਮਨਮੋਹਨ ਸਿੰਘ, ਐੱਸ.ਡੀ.ਓ ਦਵਿੰਦਰ ਸਿੰਘ ਬਰੇਟਾ, ਤਹਿਸੀਲਦਾਰ ਪਵਨ ਕੁਮਾਰ, ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਆਦਿ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀ ਅਤੇ ਕਰਮਚਾਰੀ ਮੌਜੂਦ ਸਨ।
ਜ਼ਹਿਰੀਲੀ ਦਵਾਈ ਪੀਣ ਨਾਲ ਨੌਜਵਾਨ ਦੀ ਮੌਤ
NEXT STORY