ਸਮਰਾਲਾ (ਵਿਪਨ) : ਲੋਕ ਸਭਾ ਚੋਣਾਂ-2024 ਦਾ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਹੈ ਅਤੇ ਆਉਣ ਵਾਲੀ 1 ਜੂਨ ਨੂੰ ਪੰਜਾਬ 'ਚ ਵੋਟਾਂ ਪੈਣ ਜਾ ਰਹੀਆਂ ਹਨ। ਇਸ ਸਬੰਧੀ 2 ਦਿਨ ਪਹਿਲਾਂ ਲੋਕ ਸਭਾ ਸੀਟ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਸਮਰਾਲਾ ਦਾਣਾ ਮੰਡੀ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ ਤਾਂ ਡਾ. ਅਮਰ ਸਿੰਘ ਨਾਲ ਸਮਰਾਲਾ ਹਲਕੇ ਦੇ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤਾਂ ਦੇਖਣ ਨੂੰ ਮਿਲੇ ਸਨ ਪਰ ਸਮਰਾਲਾ ਹਲਕੇ ਤੋਂ ਚਾਰ ਵਾਰ ਜੇਤੂ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦਾ ਪਰਿਵਾਰ ਦੇਖਣ ਨੂੰ ਨਹੀਂ ਮਿਲਿਆ ਸੀ। ਜਦੋਂ ਇਸ ਬਾਬਤ ਡਾ. ਅਮਰ ਸਿੰਘ ਨਾਲ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਨਾਲ ਸਾਬਕਾ ਵਿਧਾਇਕ ਅਮਰੀਕ ਢਿੱਲੋਂ ਦੇ ਪੀ. ਏ. ਸੁਖਬੀਰ ਸਿੰਘ ਪੱਪੀ ਨਾਲ ਹਨ ਅਤੇ ਸਾਬਕਾ ਵਿਧਾਇਕ ਦੇ ਹੀ ਇਹ ਭੇਜੇ ਹੋਏ ਹਨ।
ਇਸ ਬਾਰੇ ਜਦੋਂ ਸਪਸ਼ੱਟੀਕਰਨ ਲੈਣ ਲਈ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਅਤੇ ਨਗਰ ਕੌਂਸਲ ਪ੍ਰਧਾਨ ਸਮਰਾਲਾ ਕਰਨਵੀਰ ਢਿੱਲੋਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਾਂ। ਸਾਡੇ ਘਰ ਡਾ. ਅਮਰ ਸਿੰਘ ਆਏ ਸਨ ਅਤੇ ਸਾਡੇ ਨਾਲ ਵਿਚਾਰ-ਵਟਾਂਦਰਾ ਵੀ ਹੋਇਆ ਸੀ ਪਰ ਅਜੇ ਤੱਕ ਚੋਣਾਂ ਸਬੰਧੀ ਸਾਡੀ ਕੋਈ ਵੀ ਡਿਊਟੀ ਨਹੀਂ ਲਗਾਈ ਗਈ। ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਮਰਾਲਾ ਹਲਕੇ ਦੇ ਕਾਂਗਰਸ ਪਾਰਟੀ ਇੰਚਾਰਜ ਰਾਜਾ ਗਿੱਲ ਵੀ ਚੋਣਾਂ ਸਬੰਧੀ ਸਾਡੇ ਨਾਲ ਅਜੇ ਤੱਕ ਨਹੀਂ ਮਿਲੇ ਅਤੇ ਨਾ ਹੀ ਕੋਈ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਡਾ. ਅਮਰ ਸਿੰਘ ਦੇ ਖ਼ਿਲਾਫ਼ ਕੋਈ ਸਾਜਿਸ਼ ਵੱਡੀ ਵਿੱਢੀ ਜਾ ਰਹੀ ਹੈ। ਇਸ ਸਬੰਧੀ ਡਾ. ਅਮਰ ਸਿੰਘ ਨੂੰ ਧਿਆਨ ਦੇਣਾ ਚਾਹੀਦਾ ਹੈ।
PSEB 12ਵੀਂ ਦੇ ਨਤੀਜੇ 'ਚ ਸੂਬੇ ਭਰ ’ਚ 11ਵੇਂ ਸਥਾਨ ’ਤੇ ਜਲੰਧਰ, ਲਿਪਿਕਾ ਨੇ ਪਹਿਲਾ ਸਥਾਨ ਕੀਤਾ ਹਾਸਲ
NEXT STORY