ਫ਼ਰੀਦਕੋਟ, (ਚਾਵਲਾ)- ਸ਼ਹਿਰ ਦੀ ਸੰਘਣੀ ਆਬਾਦੀ ’ਚ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਦੇ ਨਾਲ ਜਾਣਿਆ ਜਾਂਦਾ ਗੰਦਾ ਨਾਲਾ ਜੋ ਗੰਦਗੀ ਨਾਲ ਭਰਿਆ ਹੋਣ ਕਰ ਕੇ ‘ਸਵੱਛ ਭਾਰਤ’ ਅਤੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਮੂੰਹ ਚਿਡ਼ਾਅ ਰਿਹਾ ਹੈ। ਭਗਤ ਸਿੰਘ ਪਾਰਕ ਵਿਚ ਸੈਰ ਕਰਨ ਵਾਲਿਆਂ ਨੇ ਦੱਸਿਆ ਕਿ ਰੋਜ਼ਾਨਾ ਹੀ ਸਵੇਰੇ-ਸ਼ਾਮ ਨੂੰ ਸ਼ਹਿਰ ਵਾਸੀ ਆਪਣੇ ਰਿਸ਼ਤੇਦਾਰ ਅਤੇ ਦੋਸਤ-ਮਿੱਤਰਾਂ ਨੂੰ ਨਾਲ ਲੈ ਕੇ ਇਸ ਪਾਰਕ ’ਚ ਜਦ ਆਉਂਦੇ ਹਨ ਤਾਂ ਇਸ ਪਾਰਕ ਦੇ ਅੱਗੇ ਬਣਿਆ ਗੰਦਾ ਨਾਲਾ ਹਮੇਸ਼ਾ ਹੀ ਗੰਦਗੀ ਦਾ ਭਰਿਆ ਹੋਣ ਕਰ ਕੇ ਬਦਬੂ ਮਾਰਦਾ ਹੈ ਜਿਸ ਕਰ ਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਾਰਕ ਦੇ ਅੱਗੇ ਬਾਜ਼ਾਰ ਹੈ ਅਤੇ ਇਸ ਪਾਰਕ ਦੇ ਆਲੇ-ਦੁਆਲੇ ਰਿਹਾਇਸ਼ੀ ਅਾਬਾਦੀ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਵੀ ਹੈ। ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਤਾਂ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਮੁਹਿੰਮ ਚਲਾਈ ਸੀ ਜੋ ਅਖਬਾਰਾਂ ’ਚ ਫੋਟੋਆਂ ਲਾਉਣ ਤੱਕ ਹੀ ਸੀਮਿਤ ਰਹੀ। ਮਾਰਕੀਟ ਵਾਲੇ, ਸੈਰ ਕਰਨ ਵਾਲੇ, ਰਾਹਗੀਰਾਂ, ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੇ ਜ਼ਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਮੁਹਿੰਮ ਨੂੰ ਪਹਿਲਾਂ ਦੀ ਤਰ੍ਹਾਂ ਰੋਜ਼ਾਨਾ ਹੀ ਚਲਾਇਆ ਜਾਵੇ, ਤਾਂ ਜੋ ਸ਼ਹਿਰ ਸੰਘਣੀ ਅਾਬਾਦੀ ’ਚ ਬਣਿਆ ਪਾਰਕ ਦੇ ਨਾਲ ਲੱਗਦਾ ਗੰਦਾ ਨਾਲ ਸਾਫ ਹੁੰਦਾ ਰਹੇ ਅਤੇ ਸ਼ਹਿਰ ਦੇ ਪਾਣੀ ਦੀ ਨਿਕਾਸੀ ਨਿਰੰਤਰ ਹੋ ਸਕੇ। ਨਗਰ ਕੌਂਸਲ ਦੇ ਪ੍ਰਧਾਨ ਓਮਾ ਗੋਰਵਰ ਅਤੇ ਵਾਈਸ ਪ੍ਰਧਾਨ ਸ਼ਰਨਜੀਤ ਕੌਰ ਨੇ ਸ਼ਹਿਰ ਅੰਦਰ ਘਰਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਕੂਡ਼ਾ-ਕਰਕਟ ਨਾਲੀਆਂ ’ਚ ਨਾ ਸੁੱਟਣ। ਉਨ੍ਹਾਂ ਦੱਸਿਆ ਕਿ ਨਾਲਿਆਂ ਦੀ ਸਫਾਈ ਕਈ ਵਾਰ ਕਰਵਾ ਚੁੱਕੇ ਹਾਂ ਪਰ ਲੋਕਾਂ ਵੱਲੋਂ ਨਾਲੀਆਂ ’ਚ ਸੁੱਟਿਆ ਗਿਆ ਕੂਡ਼ਾ, ਰੁਡ਼੍ਹ ਕੇ ਵੱਡੇ ਨਾਲਿਆਂ ’ਚ ਚਲਾ ਜਾਂਦਾ ਹੈ ਅਤੇ ਉਹ ਜਾਮ ਹੋ ਜਾਂਦਾ ਹੈ, ਜਿਸ ਕਰ ਕੇ ਲੋਕਾਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਗੋਇਲ ਨੇ ਦੱਸਿਆ ਕਿ ਮੇਰੇ ਧਿਆਨ ’ਚ ਨਹੀਂ ਹੈ ਅਤੇ ਹੁਣ ਧਿਆਨ ਵਿਚ ਆ ਗਿਆ ਹੈ ਅਤੇ ਜਲਦ ਹੀ ਇਸ ਗੰਦੇ ਨਾਲੇ ਦੀ ਸਫਾਈ ਕਰਵਾਈ ਜਾਵੇਗੀ, ਤਾਂ ਜੋ ਕਿ ਰਾਹਗੀਰਾਂ ਅਤੇ ਸੈਰ ਕਰਨ ਵਾਲਿਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਕਾਰਜਸਾਧਕ ਅਫਸਰ ਨੇ ਸ਼ਹਿਰ ਵਾਸੀਅਾਂ ਪਾਸੋਂ ਨਾਲਿਆਂ ’ਚ ਕੂਡ਼ਾ ਨਾ ਸੁੱਟਣ ਅਤੇ ਨਗਰ ਕੌਂਸਲ ਵੱਲੋਂ ਬਣਾਏ ਗਏ ਗੰਦਗੀ ਵਾਲੇ ਪੁਆਇੰਟਾਂ ’ਤੇ ਜਾਂ ਨਗਰ ਕੌਂਸਲ ਵੱਲੋਂ ਚਲਾਏ ਗਏ ਰਿਕਸ਼ੇ ਵਾਲਿਆਂ ਨੂੰ ਕੂਡ਼ਾ ਦੇਣ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਚਲਾਉਣ ਦਾ ਤਜਰਬਾ ਨਹੀਂ : ਬਾਦਲ
NEXT STORY