ਫਿਰੋਜ਼ਪੁਰ (ਕੁਮਾਰ) : ਸੱਤਾ ਵਿਚ ਆਈ ਕਾਂਗਰਸ ਅਤੇ ਪਿਛਲੀਆਂ ਸਰਕਾਰਾਂ ਨੇ ਨਹਿਰਾਂ ਦੀ ਮੁਰੰਮਤ, ਸਫਾਈ ਅਤੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਬਣਾਉਣ ’ਤੇ ਕਾਗਜ਼ਾਂ ’ਚ ਕਰੋੜਾਂ ਰੁਪਏ ਖਰਚ ਕੀਤੇ ਹਨ ਪਰ ਦੂਜੇ ਪਾਸੇ ਦਰਿਆ ਦੇ ਬੰਨ੍ਹਾਂ ਅਤੇ ਨਹਿਰਾਂ ਦੀ ਹਾਲਤ ਅੱਜ ਵੀ ਚੰਗੀ ਨਹੀਂ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵਲੋਂ ਹਰ ਸਾਲ ਸਿੰਚਾਈ ਵਿਭਾਗ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਹੁੰਦੀਆਂ ਰਹੀਆਂ ਹਨ ਅਤੇ ਕਾਗਜ਼ਾਂ ਅਤੇ ਸਰਕਾਰੀ ਰਿਕਾਰਡ ’ਚ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕੀਤੇ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਨਹਿਰਾਂ ਦੀ ਮੁਰੰਮਤ ਅਤੇ ਸਫਾਈ ਹੁੰਦੀ ਰਹੀ ਹੈ ਪਰ ਅਸਲ ’ਚ ਸਰਕਾਰ ਵਲੋਂ ਭੇਜੇ ਗਏ ਕਰੋੜਾਂ ਰੁਪਏ ਸਰਕਾਰੀ ਸਪੈਸੀਫਿਕੇਸ਼ਨ ਅਤੇ ਇਮਾਨਦਾਰੀ ਨਾਲ ਖਰਚ ਨਹੀਂ ਕੀਤੇ ਗਏ, ਜਿਸ ਕਾਰਨ ਫਿਰੋਜ਼ਪੁਰ ਦਰਿਆ ਦੇ ਨਾਲ ਲੱਗਦੇ ਬੰਨ੍ਹਾਂ ਅਤੇ ਨਹਿਰਾਂ ਦੀ ਹਾਲਤ ਮਾੜੀ ਬਣੀ ਹੋਈ ਹੈ।
ਇਹ ਵੀ ਪੜ੍ਹੋ- ਫ਼ਿਰੋਜ਼ਪੁਰ : ਡਿਊਟੀ ਤੋਂ ਘਰ ਪਰਤ ਰਹੇ ਪੰਜਾਬ ਹੋਮਗਾਰਡ ਦੇ ਜਵਾਨ ਦੀ ਸੜਕ ਹਾਦਸੇ ’ਚ ਮੌਤ
ਸਤਲੁਜ ਦਰਿਆ ਦੇ ਬੰਨ੍ਹ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਚੀਫ਼ ਨੂੰ ਅਪੀਲ ਕੀਤੀ ਹੈ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਜੋ ਮੁਹਿੰਮ ਚਲਾਈ ਹੈ, ਉਸਨੂੰ ਹੋਰ ਥੋੜਾ ਅੱਗੇ ਵਧਾਉਂਦੇ ਹੋਏ ਫਿਰੋਜ਼ਪੁਰ ਸਿੰਚਾਈ ਵਿਭਾਗ ਵਲੋਂ ਨਹਿਰਾਂ ਦੀ ਮੁਰੰਮਤ ਤੇ ਸਫਾਈ ਅਤੇ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ’ਤੇ ਖਰਚ ਕੀਤੇ ਦਿਖਾਏ ਗਏ ਸਾਰੇ ਬਿੱਲ ਕਬਜ਼ੇ ’ਚ ਲੈ ਕੇ ਉਨ੍ਹਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਦਰਿਆ ਦੇ ਬੰਨ੍ਹ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਦਿਖਾਏ ਗਏ ਹਨ ਪਰ ਵਾਸਤਵ ’ਚ ਉਹ ਕੰਮ ਨਾ ਮਾਤਰ ਹੋਏ ਹਨ ਅਤੇ ਵੱਡੇ ਪੱਧਰ ’ਤੇ ਮਿਲੀਭੁਗਤ ਕਰ ਕੇ ਕਰੋੜਾਂ ਰੁਪਏ ਹੜਪ ਲਏ ਗਏ ਹਨ।
ਲੋਕਾਂ ਦਾ ਦੋਸ਼ ਹੈ ਕਿ ਜਦੋਂ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਵੱਧ ਜਾਂਦਾ ਹੈ ਅਤੇ ਸ਼ਹਿਰ ਨੂੰ ਅਤੇ ਕੱਚੇ ਬੰਨ ਦੇ ਟੁੱਟਣ ਦਾ ਡਰ ਸਤਾਉਣ ਲੱਗ ਪੈਂਦਾ ਹੈ। ਜਿਸ ਕਾਰਨ ਸਮੇਂ-ਸਮੇਂ ’ਤੇ ਡਿਪਟੀ ਕਮਿਸ਼ਨਰ ਅਤੇ ਵੱਖ-ਵੱਖ ਵਿਭਾਗਾਂ ਨੂੰ ਨਾਲ ਲੈ ਕੇ ਅਤੇ ਦਰਿਆ ਦੇ ਬੰਨ੍ਹ ਨਾਲ ਰਹਿੰਦੇ ਲੋਕਾਂ ਦੀ ਮਦਦ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੰਮ ਕੀਤੇ ਜਾਂਦੇ ਹਨ। ਇਸ ਤੋਂ ਬਚਾ ਲਈ ਹਰ ਸਾਲ ਬੰਨ੍ਹ ’ਤੇ ਮਿੱਟੀ ਪਾਈ ਜਾਂਦੀ ਹੈ ਅਤੇ ਰੇਤ ਨਾਲ ਭਰੀਆਂ ਲੱਖਾਂ ਬੋਰੀਆਂ ਲਗਾਈਆਂ ਜਾਂਦੀਆਂ ਹਨ, ਜਿਸ ’ਚ ਜ਼ਿਆਦਾ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਹੁੰਦਾ ਹੈ ਪਰ ਉਸਦੀ ਸਰਕਾਰੀ ਖਜ਼ਾਨੇ ’ਚੋਂ ਕੱਢ ਕੇ ਪੇਮੈਂਟ ਕੋਈ ਹੋਰ ਲੈ ਜਾਂਦਾ ਹੈ।
ਇਹ ਵੀ ਪੜ੍ਹੋ- ਅੱਤ ਦੀ ਗਰਮੀ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਮੀਂਹ ਪੈਣ ਦੇ ਆਸਾਰ
ਫਿਰੋਜ਼ਪੁਰ ’ਚ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦੁਲਚੀਕੇ ਆਦਿ ਨੇੜੇ ਬੰਨ੍ਹ ਦੀ ਹਾਲਤ ਸਾਲਾਂ ਤੋਂ ਬਹੁਤ ਮਾੜੀ ਹੈ ਅਤੇ ਸਾਲਾਂ ਤੋਂ ਇੱਥੇ ਕੋਈ ਕੰਮ ਨਹੀਂ ਹੋਇਆ ਹੈ ਅਤੇ ਬੰਨ੍ਹ ਦੇ ਵਿਚ ਵੱਡੀਆਂ-ਵੱਡੀਆਂ ਤਰੇੜਾ ਆ ਗਈਆਂ ਹਨ। ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲੇ ਦੀਆਂ ਕਈ ਨਹਿਰਾਂ ਦੀ ਹਾਲਤ ਬਹੁਤ ਖਰਾਬ ਹੈ ਅਤੇ ਥਾਂ-ਥਾਂ ’ਤੇ ਇੱਟਾਂ ਦੇ ਕਿਨਾਰੇ ਟੁੱਟ ਚੁੱਕੇ ਹਨ। ਜਦੋਂ ਤੱਕ ਪੰਜਾਬ ’ਚ ਵਿਜੀਲੈਂਸ ਵਿਭਾਗ ਸਾਲਾਂ ਦਾ ਸਾਰਾ ਰਿਕਾਰਡ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸਰਕਾਰ ਦੇ ਪੈਸੇ ਦੀ ਇਸੇ ਤਰ੍ਹਾਂ ਲੁੱਟ ਹੁੰਦੀ ਰਹੇਗੀ। ਸਤਲੁਜ ਦਰਿਆ ਦੇ ਬੰਨ੍ਹ ਨੇੜੇ ਰਹਿਣ ਵਾਲੇ ਕੁਝ ਲੋਕਾਂ ਨੇ ਆਪਣੇ ਨਾਮ ਪ੍ਰਕਾਸ਼ਿਤ ਨਾ ਕਰਵਾਉਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਵਿਜੀਲੈਂਸ ਵਿਭਾਗ ਰਿਕਾਰਡ ਕਬਜ਼ੇ ’ਚ ਲੈ ਕੇ ਇਹ ਪਤਾ ਲਗਾਵੇ ਕਿ ਕਿਹੜੇ-ਕਿਹੜੇ ਕੰਮ ਕਿਹੜੀਆਂ-ਕਿਹੜੀਆਂ ਸੋਸਾਇਟੀਆਂ ਨੂੰ ਦਿੱਤੇ ਗਏ ਅਤੇ ਸੋਸਾਇਟੀਆਂ ਨੂੰ ਦਿੱਤੇ ਗਏ ਟੈਂਟਰਾਂ ਦੀ ਅਲਾਟਮੈਂਟ ਕਿਵੇਂ ਹੋਈ ਅਤੇ ਵਾਸਤਵ ’ਚ ਕਿੰਨੇ ਬਿੱਲ ਦਿਖਾ ਕੇ ਪੇਮੈਂਟ ਇਨ੍ਹਾਂ ਦੀ ਕੀਤੀ ਗਈ।
ਲੋਕਾਂ ਨੇ ਸ਼ੱਕ ਪ੍ਰਗਟ ਕਰਦੇ ਕਿਹਾ ਕਿ ਜਾਂਚ ਸ਼ੁਰੂ ਹੋਣ ਨਾਲ ਵਿਜੀਲੈਂਸ ਵਿਭਾਗ ਨੂੰ ਕਥਿਤ ਮਿਲੀਭੁਗਤ ਦੇ ਵੱਡੇ ਸੁਰਾਗ ਮਿਲਣ ਲੱਗਣਗੇ। ਹਰੀਕੇ ਹੈੱਡਵਰਕਸ ਕੋਲ ਦਰਿਆ ’ਚ ਵੱਡੇ ਪੱਧਰ ’ਤੇ ਅਤੇ ਨਹਿਰਾਂ ’ਚ ਕਲਾਲ ਬੂਟੀ ਭਰੀ ਪਈ ਸੀ, ਜਿਸਨੂੰ ਸਾਫ਼ ਕਰਵਾਉਣ ਦਾ ਕੰਮ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦੀ ਮਦਦ ਨਾਲ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਕਰਵਾਇਆ ਗਿਆ ਸੀ। ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਅਜੇ ਮੌਨਸੂਨ ਆਉਣ ਵਾਲੀ ਹੈ ਅਤੇ ਸੰਭਾਵੀ ਹੜ੍ਹਾਂ ਤੋਂ ਬਚਣ ਲਈ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅੱਤ ਦੀ ਗਰਮੀ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਮੀਂਹ ਪੈਣ ਦੇ ਆਸਾਰ
NEXT STORY