ਫਰੀਦਕੋਟ, (ਜ. ਬ.)-‘ ‘ਜ਼ਿਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਅਤੇ ਉਸ ਤੋਂ ਬਾਅਦ ਹੋਏ ਗੋਲੀ ਕਾਂਡ ਦੀ ਤਫ਼ਤੀਸ਼ ਕਰ ਰਹੀ ‘ਸਿਟ’ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਹੁਣ ਸਿਆਸੀ ਦਬਾਅ ਅੱਗੇ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ, ਜਿਸ ਕਰ ਕੇ ਸਾਰੇ ਦੋਸ਼ੀਆਂ ਨੂੰ ਛੱਡਿਆ ਜਾ ਰਿਹਾ ਹੈ’’। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਆਪਣੀ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਹੱਕ ’ਚ ਕੀਤੀ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕੀਤਾ।
ਮੀਟਿੰਗ ਨੂੰ ਕਮਿਊਨਿਸਟ ਪਾਰਟੀ ਦੇ ਆਗੂ ਪਵਨਪ੍ਰੀਤ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਆਗੂ ਗੁਰਟੇਕ ਸਿੰਘ ਸਿੱਧੂ, ਮਾਸਟਰ ਬਲਦੇਵ ਸਿੰਘ ਵਿਧਾਇਕ, ਬਹੁਜਨ ਸਮਾਜ ਪਾਰਟੀ ਦੇ ਗੁਰਬਖ਼ਸ਼ ਸਿੰਘ ਚੌਹਾਨ, ਗੁਰਮੀਤ ਸਿੰਘ ਭਲਵਾਨ, ਪਰਮਜੀਤ ਸਿੰਘ ਸੰਧੂ, ਮੁਕੇਸ਼ ਭੰਡਾਰੀ, ਕਿੱਕਰ ਸਿੰਘ ਧਾਲੀਵਾਲ ਅਤੇ ਸਵਰਨ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਤਾਨਾਸ਼ਾਹ ਵਾਂਗ ਬਿਆਨ ਦੇ ਕੇ ‘ਸਿਟ’ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਕੈਪਟਨ ਸਰਕਾਰ ਦੀ ਪੁਲਸ ਇਨ੍ਹਾਂ ਅੱਗੇ ਕਮਜ਼ੋਰ ਦਿਖਾਈ ਦੇ ਰਹੀ ਹੈ ਅਤੇ ਇਹ ਟੀਮ ਹੁਣ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ, ਜਿਸ ਕਾਰਨ ਹੁਣ ਬੇਅਦਬੀ ਮਾਮਲੇ ਦੀ ਕਾਰਵਾਈ ਢਿੱਲੀ ਹੋਣ ਲੱਗ ਪਈ ਹੈ, ਜਦਕਿ ਚਾਹੀਦਾ ਹੈ ਕਿ ਇਸ ਮਾਮਲੇ ’ਚ ਬਣਦੀ ਕਾਰਵਾਈ ਕਰ ਕੇ ਦੋਸ਼ੀਅਾਂ ਨੂੰ ਜੇਲ ਭੇਜਿਆ ਜਾਵੇ। ਕਾਂਗਰਸੀ ਆਗੂ ਦੇ ਹਾਲ ਹੀ ’ਚ ਆਏ ਸਟਿੰਗ ਦੇ ਮਾਮਲੇ ਵਿਚ ਖਹਿਰਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਹਰ ਚੋਣਾਂ ਵਿਚ ਇਸ ਤਰ੍ਹਾਂ ਕਰਦੀਆਂ ਰਹਿੰਦੀਆਂ ਹਨ। ਇਸ ਲਈ ਜ਼ਰੂਰਤ ਹੈ ਇਨ੍ਹਾਂ ਪਾਰਟੀਆਂ ਨੂੰ ਚੱਲਦਾ ਕਰ ਕੇ ਤੀਜੇ ਬਦਲ ਨੂੰ ਅੱਗੇ ਲਿਆਂਦਾ ਜਾਵੇ। ਬਾਅਦ ’ਚ ਖਹਿਰਾ ਨੇ ਮਾਸਟਰ ਬਲਦੇਵ ਸਿੰਘ ਦੇ ਹੱਕ ’ਚ ਮਾਰਚ ਕੀਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕੰਮੇਆਣਾ ਗੇਟ ਤੋਂ ਭਾਈ ਘਨ੍ਹੱਈਆ ਚੌਕ ਪਹੁੰਚ ਕੇ ਕੈਪਟਨ ਸਰਕਾਰ ਅਤੇ ਅਕਾਲੀ ਦਲ ਖਿਲਾਫ਼ ਨਾਅਰੇਬਾਜ਼ੀ ਕੀਤੀ।
ਐੱਨ. ਜੀ. ਟੀ. ਵਲੋਂ ਦਰਿਆਵਾਂ ਦੇ ਪ੍ਰਦੂਸ਼ਣ ਸਬੰਧੀ ਕਾਰਜ ਯੋਜਨਾ ਲਈ ਮਹੀਨੇ ਦਾ ਸਮਾਂ ਨਿਰਧਾਰਿਤ
NEXT STORY