ਮੋਗਾ (ਕਸ਼ਿਸ਼) - ਮੋਗਾ ਜ਼ਿਲ੍ਹੇ ਦੇ ਪਿੰਡ ਦੋਧਰ ਸ਼ਰਕੀ ਵਿੱਚ ਮੋਟਰਸਾਈਕਲ ਸਾਈਡ ਕਰਨ ਦੀ ਗੱਲ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ 65 ਸਾਲਾ ਬਜ਼ੁਰਗ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ, ਜੋ ਬਿਜਲੀ ਬੋਰਡ ਤੋਂ ਸੇਵਾਮੁਕਤ ਕਰਮਚਾਰੀ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਹਨ।
ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਕਰੀਬ 4:30 ਵਜੇ ਨਿਰਮਲ ਸਿੰਘ ਵਾਲ ਕਟਵਾਉਣ ਲਈ ਨਾਈ ਦੀ ਦੁਕਾਨ ਵੱਲ ਜਾ ਰਹੇ ਸਨ। ਇਸ ਦੌਰਾਨ ਪਿੰਡ ਦਾ ਹੀ ਰਹਿਣ ਵਾਲਾ ਗੁਰਪ੍ਰੀਤ ਸਿੰਘ ਉਰਫ਼ ਗੱਗੀ ਆਪਣਾ ਬੁਲੇਟ ਮੋਟਰਸਾਈਕਲ ਸੜਕ ਦੇ ਵਿਚਕਾਰ ਖੜ੍ਹਾ ਕਰਕੇ ਖੜ੍ਹਾ ਸੀ। ਦੱਸਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ ਨੇ ਉਸ ਨੂੰ ਮੋਟਰਸਾਈਕਲ ਸਾਈਡ 'ਤੇ ਲਗਾਉਣ ਲਈ ਕਿਹਾ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਤਕਰਾਰ ਹੋ ਗਈ।
ਦੋਸ਼ ਹੈ ਕਿ ਵਿਵਾਦ ਵਧਣ 'ਤੇ ਗੁਰਪ੍ਰੀਤ ਸਿੰਘ ਨੇ ਨਿਰਮਲ ਸਿੰਘ 'ਤੇ ਦੋ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਗੋਲੀ ਲੱਗਣ ਕਾਰਨ ਨਿਰਮਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੇ ਪੁੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ 'ਤੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ ਗਈ ਹੈ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਪਿਤਾ ਦੀ ਮੌਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਸੀ। ਉਹ ਸਿਰਫ਼ ਵਾਲ ਕਟਵਾਉਣ ਜਾ ਰਹੇ ਸਨ ਕਿ ਰਸਤੇ ਵਿੱਚ ਇਹ ਘਟਨਾ ਵਾਪਰ ਗਈ।
ਸਥਾਨਕ ਲੋਕਾਂ ਮੁਤਾਬਕ ਕੁਝ ਸਮਾਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਦਾ ਇੱਕ ਸਕੂਲ ਬੱਸ ਚਾਲਕ ਨਾਲ ਮੋਟਰਸਾਈਕਲ ਸਾਈਡ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ 10 ਦਿਨ ਪਹਿਲਾਂ ਹੀ ਮਨੀਲਾ ਤੋਂ ਪਿੰਡ ਵਾਪਸ ਆਇਆ ਸੀ ਅਤੇ ਉਸ ਖ਼ਿਲਾਫ਼ ਪਹਿਲਾਂ ਤੋਂ ਵੀ ਕੁੱਟਮਾਰ ਅਤੇ ਝਗੜਿਆਂ ਦੇ ਮਾਮਲੇ ਦਰਜ ਹਨ।
ਮੋਗਾ ਸਰਕਾਰੀ ਹਸਪਤਾਲ ਦੇ ਡਾਕਟਰ ਇਕਮਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਸਮੇਂ ਗੋਲੀ ਲੱਗਣ ਵਾਲੇ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਸੀ, ਪਰ ਉਹ ਪਹਿਲਾਂ ਹੀ ਮ੍ਰਿਤਕ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਫੀਮ ਦੀ ਸਪਲਾਈ ਕਰਨ ਜਾ ਰਹੀ ਮਹਿਲਾ ਸਮੱਗਲਰ ਕਾਬੂ
NEXT STORY