ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਪੰਜਾਬ ਦੀਆਂ ਜੇਲਾਂ ’ਚ ਅੱਜ ਵੀ ਮੋਬਾਇਲ ਦਾ ਨੈੱਟਵਰਕ ਜਾਰੀ ਹੈ ਅਤੇ ਹੁਣ ਵੀ ਪਾਕਿ ਤੋਂ ਹੈਰੋਇਨ ਮੰਗਵਾਉਣ ਵਾਲੇ ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਫਡ਼ੀ ਗਈ ਹੈਰੋਇਨ ਜੇਲ ’ਚੋਂ ਮੋਬਾਇਲ ’ਤੇ ਸੰਪਰਕ ਕਰ ਕੇ ਮੰਗਵਾਈ ਗਈ ਸੀ। ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੇਸ਼ੱਕ ਇਸ ਨੈੱਟਵਰਕ ਨੂੰ ਕੰਟਰੋਲ ਕਰਨ ’ਚ ਸਰਕਾਰ ਨੇ ਵੱਡੇ ਪੱਧਰ ’ਤੇ ਕੋਸ਼ਿਸ਼ ਕੀਤੀ ਹੈ ਪਰ ਅੱਜ ਵੀ ਕਈ ਜੇਲਾਂ ’ਚ ਮੋਬਾਇਲ ਨੈੱਟਵਰਕ ਜਾਰੀ ਹੈ, ਜਿਸ ਨੂੰ ਨਾਕਾਮ ਕਰਨ ਲਈ ਜੇਲ ਅਧਿਕਾਰੀਆਂ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਅਤੇ ਇਸੇ ਮੁਹਿੰਮ ਤਹਿਤ ਕੇਂਦਰੀ ਜੇਲ ਫਿਰੋਜ਼ਪੁਰ ’ਚ ਜੇਲ ਸੁਪਰਡੈਂਟ ਦੇ ਹੁਕਮਾਂ ’ਤੇ ਅਚਾਨਕ ਸਰਚ ਅਾਪ੍ਰੇਸ਼ਨ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਰਚ ਅਾਪ੍ਰੇਸ਼ਨ ਦੌਰਾਨ ਕੇਂਦਰੀ ਜੇਲ ਫਿਰੋਜ਼ਪੁਰ ਦੀ ਬੈਰਕ ਨੰ. 5 ’ਚ ਕੈਦੀ ਰਾਜਾ ਰਾਮ ਤੋਂ 139 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਜੇਲ ਸੁਪਰਡੈਂਟ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਸਰਚ ਅਾਪ੍ਰੇਸ਼ਨ ਦੌਰਾਨ ਹਵਾਲਾਤੀ ਬਲਜਿੰਦਰ ਸਿੰਘ ਤੋਂ ਇਕ ਮੋਬਾਇਲ ਸਮੇਤ ਸਿਮ ਅਤੇ ਬੈਟਰੀ ਬਰਾਮਦ ਹੋਇਆ ਹੈ। ਕੈਦੀ ਤੇ ਹਵਾਲਾਤੀ ਦੇ ਖਿਲਾਫ ਥਾਣਾ ਫਿਰੋਜ਼ਪੁਰ ’ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਸ਼ਹਿਰ ’ਚ ਨਹੀਂ ਪਾਣੀ ਦੀ ਨਿਕਾਸੀ ਪ੍ਰਬੰਧ, ਬਿਲਡਿੰਗਾਂ ਨੂੰ ਖਤਰਾ ਬਣਿਆ
NEXT STORY