ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਮਗਰੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿਰੜ, ਸਿਦਕ, ਹੌਸਲੇ ਤੇ ਸ਼ਾਂਤਮਈ ਢੰਗ ਨਾਲ ਲੜਿਆ ਕਿਸਾਨਾਂ ਦਾ ਇਹ ਸੰਘਰਸ਼ ਕਿਸਾਨ ਅੰਦੋਲਨ ਦੇ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਉਹ ਇਥੇ ਆਪਣੀ ਰਿਹਾਇਸ਼ ਵਿਖੇ ਕਿਸਾਨਾਂ ਵੱਲੋਂ ਜਿੱਤ ਦੀ ਖੁਸ਼ੀ ’ਚ ਲੱਡੂ ਵੰਡਣ ਮੌਕੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕੇਂਦਰ ਸਰਕਾਰ ਦੇ ਦੇਰ ਨਾਲ ਲਏ ਫ਼ੈਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਹੱਠਧਰਮੀ ਤਿਆਗ ਕੇ ਪਹਿਲਾਂ ਅਜਿਹਾ ਫ਼ੈਸਲਾ ਲੈ ਲੈਂਦੇ ਤਾਂ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀ ਸੁਚੱਜੀ ਅਗਵਾਈ ਤੇ ਕਿਸਾਨਾਂ ਦੇ ਸਬਰ ਸਦਕਾ ਹੀ ਮੋਦੀ ਸਰਕਾਰ ਨੂੰ ਝੁਕਣਾ ਪਿਆ। ਢੀਂਡਸਾ ਨੇ ਕਿਹਾ ਕਿ ਕੇਂਦਰ ਦੇ ਹੰਕਾਰ ਨੂੰ ਤੋੜਨ ’ਚ ਕਿਸਾਨਾਂ-ਮਜ਼ਦੂਰਾਂ ਦੀ ਇਕਜੁੱਟਤਾ ਦੀ ਵੱਡੀ ਭੂਮਿਕਾ ਰਹੀ ਹੈ।
ਉਨ੍ਹਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਇਸ ਗੱਲੋਂ ਭਰਪੂਰ ਸ਼ਲਾਘਾ ਕੀਤੀ ਕਿ ਪੰਜਾਬ ਦੇ ਕਿਸਾਨ ਆਗੂਆਂ ਨੇ ਅੰਦੋਲਨ ਦੀ ਸ਼ੁਰੂਆਤ ਕਰ ਕੇ ਪੂਰੀ ਦੁਨੀਆ ਦੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਖੇਤੀ ਆਰਡੀਨੈਂਸਾਂ ਦੇ ਕਿਸਾਨ ਵਿਰੋਧੀ ਕਿਰਦਾਰ ਨੂੰ ਸਮਝਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਖ਼ਤ ਪੱਤਰ ਲਿਖ ਕੇ ਕਾਲੇ ਖੇਤੀ ਆਰਡੀਨੈਂਸਾਂ ਖਿਲਾਫ਼ ਸਿਆਸੀ ਮਾਹੌਲ ਸਿਰਜਣ ’ਚ ਪਹਿਲ ਕੀਤੀ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਪਰ ਪ੍ਰਧਾਨ ਮੰਤਰੀ ਨੇ ਕਾਲੇ ਖੇਤੀ ਕਾਨੂੰਨ ਵਾਪਸ ਲੈ ਕੇ ਸੰਗਤ ਦੀਆਂ ਖੁਸ਼ੀਆਂ ’ਚ ਹੋਰ ਭਰਪੂਰਤਾ ਲਿਆਂਦੀ, ਉੱਥੇ ਹੀ ਦੇਸ਼ ਅੰਦਰ ਇਕ ਸਾਕਾਰਾਤਮਕ ਮਾਹੌਲ ਵੀ ਬਣਿਆ । ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੀ ਇਸ ਜਿੱਤ ਨੇ ਦੇਸ਼ ਨੂੰ ਨਵਾਂ ਸੁਨੇਹਾ ਦਿੱਤਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕਿਸਾਨ ਜਥੇਬੰਦੀਆਂ ਇਸੇ ਤਰ੍ਹਾਂ ਇਕਜੁੱਟ ਹੋ ਕੇ ਕਿਸਾਨਾਂ ਦੇ ਹੱਕਾਂ ਦੀ ਪੈਰਵੀ ਕਰਦੀਆਂ ਰਹਿਣਗੀਆਂ ਤਾਂ ਕਿ ਕੋਈ ਸਰਕਾਰ ਲੋਕ ਵਿਰੋਧੀ ਫ਼ੈਸਲੇ ਲੈਣ ਦੀ ਜੁਰਅੱਤ ਨਾ ਕਰ ਸਕੇ।
ਐੱਨ. ਐੱਚ. ਐੱਮ. ਯੂਨੀਅਨ ਨੇ ਦਿੱਤਾ ਧਰਨਾ, 22 ਨੂੰ ਐਮਰਜੈਂਸੀ ਸੇਵਾਵਾਂ ਠੱਪ ਕਰਨ ਦਾ ਕੀਤਾ ਐਲਾਨ
NEXT STORY