ਫਿਲੌਰ, (ਭਾਖਡ਼ੀ)- ਪਿਛਲੇ ਦੋ ਹਫਤੇ ਤੋਂ ਇਕ ਵਿਅਕਤੀ ਦੀ ਹਸਪਤਾਲ ਦੀ ਮੋਰਚਰੀ ’ਚ ਲਾਸ਼ ਪਈ ਹੈ। ਵਿਅਕਤੀ ਦੇ ਬੁਰੇ ਕਰਮਾਂ ਕਾਰਨ ਰਿਸ਼ਤੇਦਾਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਦੋ ਸ਼ਹਿਰਾਂ ਦੀ ਪੁਲਸ ਹੱਦਬੰਦੀ ਦਾ ਹਵਾਲਾ ਦੇ ਕੇ ਪਿੱਛਾ ਛੁਡਾਉਣ ’ਚ ਲੱਗੀ ਹੈ। ਸਸਕਾਰ ਨੂੰ ਲੈ ਕੇ ਕੇਸ ਡੀ. ਐੱਸ. ਪੀ. ਦੇ ਕੋਲ ਪੁੱਜਾ ਹੈ।
ਇਨਸਾਨ ਨੂੰ ਆਪਣੇ ਚੰਗੇ ਅਤੇ ਬੁਰੇ ਕਰਮਾਂ ਦੀ ਸਜ਼ਾ ਮਿਲਦੀ ਹੈ। ਇਹ ਉਦਾਹਰਨ ਪ੍ਰਤੱਖ ਰੂਪ ਨਾਲ ਪੁਲਸ ਥਾਣਾ ਗੁਰਾਇਆ ’ਚ ਪੈਂਦੇ ਪਿੰਡ ਦੇ ਜਸਵਿੰਦਰ ਸਿੰਘ (35) ਨਾਲ ਦੇਖਣ ਨੂੰ ਮਿਲੀ। ®ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਬੀਤੀ 2 ਦਸੰਬਰ ਨੂੰ ਸਥਾਨਕ ਸਿਵਲ ਹਸਪਤਾਲ ’ਚ ਆਪਣਾ ਇਲਾਜ ਕਰਵਾਉਣ ਲਈ ਦਾਖਲ ਹੋਇਆ। ਡਾਕਟਰਾਂ ਦੇ ਮੁਤਾਬਕ ਉਸ ਨੂੰ ਟੀ. ਬੀ. ਦੀ ਬੀਮਾਰੀ ਸੀ। 5 ਦਸੰਬਰ ਨੂੰ ਇਲਾਜ ਕਰਨ ਵਾਲੇ ਡਾਕਟਰ ਉਪਿੰਦਰ ਸਿੰਘ ਨੇ ਉਸ ਨੂੰ ਮਰਿਆ ਹੋਇਆ ਐਲਾਨ ਕੇ ਉਸ ਦੀ ਲਾਸ਼ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ। ਡਾਕਟਰ ਲਾਸ਼ ਸੌਂਪਣ ਲਈ ਉਸ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕਰਨ ਲੱਗ ਪਏ।
ਚਾਰ ਦਿਨ ਬੀਤ ਜਾਣ ’ਤੇ ਵੀ ਜਦੋਂ ਕੋਈ ਰਿਸ਼ਤੇਦਾਰ ਲਾਸ਼ ਲੈਣ ਨਾ ਪੁੱਜਾ ਤਾਂ ਹਸਪਤਾਲ ਪ੍ਰਸ਼ਾਸਨ ਦੀਆਂ ਮੁਸੀਬਤਾਂ ਵਧਣੀਆਂ ਸ਼ੁਰੂ ਹੋ ਗਈਆਂ। ਇਕ ਸਮਾਜ ਸੇਵੀ ਵਰਕਰ ਨੇ ਲਾਸ਼ ਦਾ ਸਸਕਾਰ ਕਰਨ ਲਈ ਉਸ ਦੇ ਪਰਿਵਾਰ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਡੀ. ਐੱਸ. ਪੀ. ਨੇ ਦਿੱਤੇ ਸਸਕਾਰ ਦੇ ਹੁਕਮ
ਜਿਵੇਂ ਹੀ ਅੱਜ ਇਹ ਕੇਸ ਪੱਤਰਕਾਰ ਨੇ ਡੀ. ਐੱਸ. ਪੀ. ਅਮਰੀਕ ਸਿੰਘ ਚਾਹਲ ਕੋਲ ਲਿਆਂਦਾ ਤਾਂ ਉਨ੍ਹਾਂ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਨਸਾਨ ਨੇ ਬੇਸ਼ੱਕ ਬੁਰੇ ਕਰਮ ਕੀਤੇ ਹੋਣ, ਪਰਿਵਾਰ ਵਾਲਿਆਂ ਨੂੰ ਉਸ ਦਾ ਸਸਕਾਰ ਕਰਨਾ ਚਾਹੀਦਾ ਸੀ। ਹੁਣ ਜਦੋਂ ਪਰਿਵਾਰ ਵਾਲੇ ਸਸਕਾਰ ਕਰਨ ਤੋਂ ਮਨ੍ਹਾ ਕਰ ਰਹੇ ਹਨ ਤਾਂ ਉਹ ਗੁਰਾਇਆ ਪੁਲਸ ਨੂੰ ਇਸੇ ਸਮੇਂ ਨਿਰਦੇਸ਼ ਜਾਰੀ ਕਰ ਕੇ ਕਾਨੂੰਨੀ ਪ੍ਰਕਿਰਿਆ ਜਲਦ ਪੂਰੀ ਕਰ ਕੇ ਸਸਕਾਰ ਕਰਵਾਉਣਗੇ।
ਮ੍ਰਿਤਕ ਦੇ ਬੁਰੇ ਕਰਮਾਂ ਦਾ ਹਵਾਲਾ ਦੇ ਕੇ ਰਿਸ਼ਤੇਦਾਰਾਂ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ
ਸਮਾਜ ਸੇਵੀ ਵਰਕਰ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਭੱਜ-ਦੌਡ਼ ਕਰ ਕੇ ਮ੍ਰਿਤਕ ਦੇ ਪਿੰਡ ਪੁੱਜਾ ਤਾਂ ਉੱਥੇ ਉਸ ਦਾ ਕੋਈ ਪਰਿਵਾਰਕ ਮੈਂਬਰ ਨਹੀਂ ਮਿਲਿਆ। ਆਖਰਕਾਰ ਉਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਲੱਭ ਲਏ ਤਾਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਉਸ ਨੂੰ ਬੇਹੱਦ ਹੈਰਾਨੀ ਹੋਈ ਜਦੋਂ ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਨੇ ਪੂਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ। ਉਸ ਦੇ ਬੁਰੇ ਕਰਮਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਲਾਸ਼ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਸ ਦੇ ਪਰਿਵਾਰ ਵਾਲੇ ਵੀ ਉਸ ਦਾ ਸਸਕਾਰ ਨਹੀਂ ਕਰਨਗੇ। ਕਿਸੇ ਨੂੰ ਕਹਿ ਕੇ ਉਹ ਉੱਥੇ ਹੀ ਉਸ ਦਾ ਸਸਕਾਰ ਕਰਵਾ ਦੇਣ।
ਪੁਲਸ ਨੇ ਹੱਦਬੰਦੀ ਦਾ ਬਹਾਨਾ ਬਣਾ ਕੇ ਕੀਤਾ ਕਿਨਾਰਾ
ਪਰਿਵਾਰ ਵਾਲਿਆਂ ਦੇ ਇਨਕਾਰ ਕਰਨ ਤੋਂ ਬਾਅਦ ਸਮਾਜ ਸੇਵੀ ਵਰਕਰ ਲਾਸ਼ ਦਾ ਸਸਕਾਰ ਕਰਨ ਲਈ ਖੁਦ ਅੱਗੇ ਆ ਗਿਆ। ਉਸ ਨੇ ਪਿੰਡ ਦੀ ਪੰਚਾਇਤ ਤੋਂ ਲਿਖਤੀ ਰੂਪ ’ਚ ਇਜਾਜ਼ਤ ਲੈ ਲਈ ਪਰ ਜਦੋਂ ਉਹ ਫਿਲੌਰ ਪੁਲਸ ਦੇ ਕੋਲ ਪੁੱਜਾ ਤਾਂ ਉਸ ਨੂੰ ਇਕ ਵਾਰ ਫਿਰ ਗਹਿਰਾ ਸਦਮਾ ਪੁੱਜਾ ਜਦੋਂ ਪੁਲਸ ਨੇ ਕਿਹਾ ਕਿ ਮ੍ਰਿਤਕ ਗੁਰਾਇਆ ਦਾ ਰਹਿਣ ਵਾਲਾ ਹੈ। ਉਹ ਸਸਕਾਰ ਦੀ ਇਜਾਜ਼ਤ ਨਹੀਂ ਦੇ ਸਕਦੇ। ਇਹੀ ਗੱਲ ਕਹਿ ਕੇ ਗੁਰਾਇਆ ਪੁਲਸ ਨੇ ਵੀ ਪੱਲਾ ਝਾਡ਼ ਦਿੱਤਾ ਕਿ ਮ੍ਰਿਤਕ ਬੇਸ਼ੱਕ ਗੁਰਾਇਆ ਦਾ ਰਹਿਣ ਵਾਲਾ ਹੈ ਪਰ ਉਸ ਦੀ ਮੌਤ ਫਿਲੌਰ ’ਚ ਹੋਈ ਹੈ। ਉਹ ਉਸ ਨੂੰ ਸਸਕਾਰ ਦੀ ਇਜਾਜ਼ਤ ਨਹੀਂ ਦੇ ਸਕਦੇ। ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਲਾਸ਼ ਆਪਣੇ ਸਸਕਾਰ ਦੀ ਉਡੀਕ ’ਚ ਪਿਛਲੇ ਦੋ ਹਫਤਿਆਂ ਤੋਂ ਸਥਾਨਕ ਸਿਵਲ ਹਸਪਤਾਲ ’ਚ ਪਈ ਹੈ। ਇਸ ਨਾਲ ਹਸਪਤਾਲ ਪ੍ਰਸ਼ਾਸਨ ਨੂੰ ਬੇਹੱਦ ਪ੍ਰੇਸ਼ਾਨੀ ’ਚੋਂ ਗੁਜ਼ਰਨਾ ਪੈ ਰਿਹਾ ਹੈ।
ਪ੍ਰੋਡਕਟਸ ਲਈ ਦਿਵਾਏ ਆਰਡਰ, ਨਾ ਕੀਤੀ ਡਲਿਵਰੀ
NEXT STORY