ਤਲਵੰਡੀ ਸਾਬੋ (ਮੁਨੀਸ਼) : ਉੱਪ ਮੰਡਲ ਦੇ ਪਿੰਡ ਭਾਗੀਵਾਂਦਰ ਤੋਂ ਲਾਪਤਾ ਹੋਏ ਵਿਅਕਤੀ ਦੀ ਬੀਤੇ ਦਿਨ ਲਾਸ਼ ਮਿਲਣ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਹੋਏ ਸ਼ੱਕ ਦੇ ਆਧਾਰ ’ਤੇ ਤਲਵੰਡੀ ਸਾਬੋ ਪੁਲਸ ਵੱਲੋਂ ਆਰੰਭੀ ਜਾਂਚ ਦੇ ਮੁਕੰਮਲ ਹੋਣ 'ਤੇ ਕਤਲ ਦੀ ਗੁੱਥੀ ਸੁਲਝਾ ਲਈ ਗਈ। ਪੁਲਸ ਅਧਿਕਾਰੀਆਂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਦੱਸਿਆ ਕਿ ਪਤੀ ਦੇ ਇਲਾਜ ਵਾਸਤੇ ਆਏ ਦਾਨ ਦੇ ਪੈਸਿਆਂ ਨੂੰ ਹੜੱਪਣ ਲਈ ਪਤਨੀ ਨੇ ਹੀ ਆਪਣੇ ਭਰਾ ਅਤੇ ਉਸਦੇ ਸਾਥੀਆਂ ਤੋਂ ਪਤੀ ਦਾ ਕਤਲ ਕਰਵਾਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਲੰਘੀ 8 ਜੁਲਾਈ ਨੂੰ ਪਿੰਡ ਭਾਗੀਵਾਂਦਰ ਦੇ ਗੁਰਸੇਵਕ ਸਿੰਘ ਉਰਫ਼ ਗੱਗੂ ਦੀ ਗੁੰਮਸ਼ੁਦਗੀ ਦੀ ਇਤਲਾਹ ਵਾਰਿਸਾਂ ਵੱਲੋਂ ਪੁਲਸ ਨੂੰ ਦਿੱਤੀ ਗਈ ਸੀ।
ਇਸੇ ਦੌਰਾਨ 12 ਜੁਲਾਈ ਨੂੰ ਥਾਣਾ ਸੰਗਤ ਦੀ ਪੁਲਸ ਨੂੰ ਰਜਬਾਹੇ ’ਚੋਂ ਇਕ ਅਣਪਛਾਤੀ ਲਾਸ਼ ਮਿਲੀ, ਜਿਸਦੀ ਪਛਾਣ ਗੁਰਸੇਵਕ ਸਿੰਘ ਉਰਫ਼ ਗੱਗੂ ਵਜੋਂ ਹੋ ਜਾਣ ਉਪਰੰਤ ਮ੍ਰਿਤਕ ਦੇ ਵਾਰਿਸਾਂ ਵੱਲੋਂ ਪ੍ਰਗਟਾਏ ਸ਼ੱਕ ਦੇ ਆਧਾਰ ’ਤੇ ਥਾਣਾ ਤਲਵੰਡੀ ਸਾਬੋ ਮੁਖੀ ਯਾਦਵਿੰਦਰ ਸਿੰਘ ਵੱਲੋਂ ਟੀਮ ਬਣਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਪਿਛਲੇ ਸਮੇਂ ’ਚ ਗੁਰਸੇਵਕ ਸਿੰਘ ਦੇ ਇਕ ਦੁਰਘਟਨਾ ਦਾ ਸ਼ਿਕਾਰ ਹੋ ਜਾਣ ਕਰ ਕੇ ਇਕ ਸਮਾਜ ਸੇਵੀ ਸੰਸਥਾ ਨੇ ਉਸਦੇ ਇਲਾਜ ’ਚ ਮਦਦ ਕਰਵਾਉਣ ਦੇ ਮਨੋਰਥ ਨਾਲ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ। ਇਸ ਦੇ ਮੱਦੇਨਜ਼ਰ ਗੁਰਸੇਵਕ ਸਿੰਘ ਦੇ ਇਲਾਜ ਲਈ ਉਸਦੀ ਪਤਨੀ ਦੇ ਬੈਂਕ ਖ਼ਾਤੇ ’ਚ ਕਰੀਬ ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਮ੍ਹਾਂ ਹੋ ਗਈ ਸੀ।
ਇਲਾਜ ਉਪਰੰਤ ਠੀਕ ਹੋਣ 'ਤੇ ਗੁਰਸੇਵਕ ਸਿੰਘ ਬੈਂਕ 'ਚ ਖ਼ਾਤਾ ਖੁੱਲ੍ਹਵਾ ਕੇ ਉਕਤ ਰਾਸ਼ੀ ਉਸ 'ਚ ਤਬਦੀਲ ਕਰਵਾਉਣਾ ਚਾਹੁੰਦਾ ਸੀ। ਇਸ ਕਰਕੇ ਪਤੀ ਪਤਨੀ 'ਚ ਅਣਬਣ ਰਹਿਣ ਲੱਗੀ ਅਤੇ ਉਸੇ ਵਜ੍ਹਾ ਰੰਜਿਸ਼ ਕਰ ਕੇ ਗੁਰਸੇਵਕ ਦੀ ਪਤਨੀ ਨੇ ਆਪਣੇ ਭਰਾ, ਭਰਾ ਦੇ ਸਾਲੇ ਅਤੇ ਉਨ੍ਹਾਂ ਦੇ ਇਕ ਸਾਥੀ ਹੱਥੋਂ ਪਤੀ ਦਾ ਕਤਲ ਕਰਵਾ ਦਿੱਤਾ। ਪੁਲਸ ਅਧਿਕਾਰੀਆਂ ਅਨੁਸਾਰ ਗੁਰਸੇਵਕ ਦੇ ਸਾਲੇ ਅਤੇ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਮਗਰੋਂ ਉਸਦੀ ਲਾਸ਼ ਨੂੰ ਰਜਬਾਹੇ ’ਚ ਸੁੱਟ ਦਿੱਤਾ ਗਿਆ ਸੀ। ਡੀ. ਐੱਸ. ਪੀ. ਸਨੇਹੀ ਮੁਤਾਬਕ ਮ੍ਰਿਤਕ ਗੁਰਸੇਵਕ ਸਿੰਘ ਦੇ ਭਰਾ ਤਰਸੇਮ ਸਿੰਘ ਵਾਸੀ ਭਾਗੀਵਾਂਦਰ ਦੇ ਬਿਆਨਾਂ ’ਤੇ ਮ੍ਰਿਤਕ ਦੇ ਸਾਲੇ ਅਮਨਾ ਸਿੰਘ ਪੁੱਤਰ ਗੇਂਦਾ ਸਿੰਘ ਵਾਸੀ ਕੱਲੋਂ (ਮਾਨਸਾ), ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਮੰਨੂ ਸਿੰਘ ਪੁੱਤਰ ਇਕਬਾਲ ਸਿੰਘ ਵਾਸੀਆਨ ਜੋਧਪੁਰ ਪਾਖਰ ਸਮੇਤ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਖਿਲਾਫ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਪਤਨੀ ਸਮੇਤ ਤਿੰਨ ਵਿਅਕਤੀਆਂ ਨੂੰ ਫੜ੍ਹ ਲਿਆ ਗਿਆ ਹੈ, ਜਦੋਂਕਿ ਅਮਨਾ ਸਿੰਘ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਯਾਦਵਿੰਦਰ ਸਿੰਘ ਵੀ ਮੌਜੂਦ ਸਨ।
ਕੁੱਝ ਦਿਨ ਪਹਿਲਾਂ ਦੁਨੀਆ ਅਲਵਿਦਾ ਆਖ ਚੁੱਕੇ ਪੁਲਸ ਮੁਲਾਜ਼ਮ ਦੇ ਘਰ ਦੀ ਛੱਤ ਡਿੱਗੀ
NEXT STORY