ਫ਼ਰੀਦਕੋਟ (ਰਾਜਨ) : ਥਾਣਾ ਸਦਰ ਫ਼ਰੀਦਕੋਟ ਪੁਲਸ ਨੇ ਜ਼ਮੀਨ ਵੇਚਣ ਦੇ ਨਾਂ ’ਤੇ ਕਰੀਬ 29 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ 4 ਨਾਮਜ਼ਦ ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਨਾਲ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਦਰਖ਼ਾਸਤ ਨੰਬਰ 1499/PGD/26 ਦੇ ਆਧਾਰ ’ਤੇ ਕੀਤੀ ਪੜਤਾਲ ਉਪਰੰਤ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਸ਼ਿਕਾਇਤਕਰਤਾ ਸਰੂਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਹਿਲੂਵਾਲਾ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀ ਜ਼ਮੀਨ ਖਰੀਦ ਕੇ ਅੱਗੇ ਵੇਚਣ ਦਾ ਕਾਰੋਬਾਰ ਕਰਦੇ ਹਨ। ਸ਼ਿਕਾਇਤ ਮੁਤਾਬਕ ਮੁਲਜ਼ਮਾਂ ਵੱਲੋਂ ਪਿੰਡ ਘੁਗਿਆਣਾ ਵਿਖੇ ਕੁੱਲ 33 ਕਨਾਲ 19 ਮਰਲੇ ਜ਼ਮੀਨ ਦਿਖਾਈ ਗਈ ਅਤੇ ਇਸ ਸਬੰਧੀ ਜਾਅਲੀ ਦਸਤਾਵੇਜ਼ ਅਤੇ ਜਾਅਲੀ ਆਧਾਰ ਕਾਰਡ ਤਿਆਰ ਕਰਵਾਏ ਗਏ। ਇਸ ਤੋਂ ਬਾਅਦ ਆਪਣੇ ਆਪ ਨੂੰ ਉਕਤ ਜ਼ਮੀਨ ਦਾ ਮਾਲਕ ਦੱਸਦਿਆਂ ਇਸ ਨੂੰ ਵੇਚਣ ਲਈ ਕਥਿਤ ਤੌਰ ’ਤੇ ਜਾਅਲੀ ਬੈਨਾਮਾ ਵੀ ਤਿਆਰ ਕਰਵਾਇਆ ਗਿਆ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਉਕਤ ਤਰੀਕੇ ਨਾਲ ਉਸ ਤੋਂ ਕਰੀਬ 29 ਲੱਖ ਰੁਪਏ ਹਾਸਲ ਕਰ ਲਏ ਅਤੇ ਕਥਿਤ ਤੌਰ ’ਤੇ ਉਸ ਨਾਲ ਠੱਗੀ ਕੀਤੀ। ਮਾਮਲੇ ਸਬੰਧੀ ਉਪ ਕਪਤਾਨ ਪੁਲਸ (ਸਥਾਨਕ) ਵੱਲੋਂ ਪੜਤਾਲ ਕੀਤੀ ਗਈ, ਜਿਸ ਦੌਰਾਨ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਸਬੰਧੀ ਮਾਮਲਾ ਸਾਹਮਣੇ ਆਇਆ। ਪੜਤਾਲ ਉਪਰੰਤ ਸੀਨੀਅਰ ਪੁਲਸ ਕਪਤਾਨ, ਜ਼ਿਲ੍ਹਾ ਫ਼ਰੀਦਕੋਟ ਦੇ ਹੁਕਮਾਂ ’ਤੇ ਥਾਣਾ ਸਦਰ ਫ਼ਰੀਦਕੋਟ ਪੁਲਸ ਨੇ ਹਰਵਿੰਦਰ ਸਿੰਘ ਵਾਸੀ ਚਹਿਲ, ਜਸਮੇਲ ਸਿੰਘ ਵਾਸੀ ਪਿੰਡ ਪੱਕਾ, ਅੰਗਰੇਜ ਸਿੰਘ ਵਾਸੀ ਪਿੰਡ ਪੱਕਾ ਅਤੇ ਸਰਬਜੀਤ ਸਿੰਘ ਵਾਸੀ ਪਿੰਡ ਘੁਗਿਆਣਾ, ਸਾਰੇ ਜ਼ਿਲ੍ਹਾ ਫ਼ਰੀਦਕੋਟ, ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਤੇ ਕਥਿਤ ਠੱਗੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਸਬੰਧੀ ਵੀ ਤੱਥ ਇਕੱਠੇ ਕੀਤੇ ਜਾ ਰਹੇ ਹਨ।
ਫ਼ੂਡ ਸੇਫਟੀ ਵਿਭਾਗ ਦੀ ਰੇਡ! ਕਈ ਕੁਇੰਟਲ ਮਿਠਾਈ ਜ਼ਬਤ
NEXT STORY