ਮੋਗਾ (ਗੋਪੀ ਰਾਊਕੇ) - ਇਕ ਪਾਸੇ ਜਿਥੇ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮੁੱਚੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਸਨ। ਦੂਜੇ ਪਾਸੇ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਆਮਦ ਦੇ ਮੁੱਢਲੇ ਪੜ੍ਹਾਅ ਦੌਰਾਨ ਕਿਸਾਨਾਂ ਦੀ ਵੱਡੇ ਪੱਧਰ ਤੇ 'ਖੱਜਲ ਖੁਆਰੀ' ਹੋਣ ਲੱਗੀ ਹੈ। ਦਰਅਸਲ ਕਿਸਾਨ ਵਰਗ ਦਾ ਦੋਸ਼ ਹੈ ਕਿ ਕੋਰੋਨਾ ਕਾਰਣ ਜਿਹੜੀ ਮੰਡੀ ਬੋਰਡ ਅਧਿਕਾਰੀਆਂ ਨੇ ਪਾਸ ਵਿਧੀ ਰਾਹੀਂ ਖ੍ਰੀਦ ਦੀ ਪ੍ਰਕਿਰਿਆ ਬਣਾਈ ਹੈ ਇਹ ਠੀਕ ਨਹੀਂ ਹੈ। ਪਿਛਲੇ ਕਣਕ ਦੇ ਸੀਜ਼ਨ ਦੌਰਾਨ ਤਾਂ ਕਿਸਾਨਾਂ ਵਲੋਂ ਕਣਕ ਭੰਡਾਰ ਕਰਨ ਕਰ ਕੇ ਤੇ ਝੋਨੇ ਦੇ ਮੁਕਾਬਲੇ ਕਣਕ ਦਾ ਝਾੜ ਘੱਟ ਹੋਣ ਕਰ ਕੇ ਇਹ ਨੀਤੀ ਸਿਰੇ ਚੜ੍ਹ ਗਈ, ਪ੍ਰੰਤੂ ਝੋਨੇ ਦੇ ਸੀਜ਼ਨ ਦੌਰਾਨ ਇਹ ਪ੍ਰੋਗਰਾਮ ਸਿਰੇ ਚੜ੍ਹਨ ਵਾਲਾ ਨਹੀਂ ਹੈ।
ਮੰਡੀ ਵਿਚ ਆਏ ਕਿਸਾਨ ਸੁਰਜੀਤ ਸਿੰਘ ਦਾ ਕਹਿਣਾ ਸੀ ਕੋਰੋਨਾ ਦੇ ਦਿਨਾਂ ਦੌਰਾਨ ਸੂਬੇ ਦੀਆਂ ਵੱਡੀਆਂ ਰਾਜਸੀ ਧਿਰਾਂ ਅਕਾਲੀ ਦਲ ਅਤੇ ਕਾਂਗਰਸ ਵਲੋਂ ਰੈਲੀਆਂ ਕਰ ਕੇ ਵੱਡੇ ਇਕੱਠ ਕੀਤੇ ਜਾਂ ਰਹੇ ਉਦੋਂ ਤਾਂ ਪੰਜਾਬ ਵਿਚ ਕੋਰੋਨਾ ਨਹੀਂ ਫੈਲਦਾ ਸਗੋਂ ਮੰਡੀਆਂ ਵਿਚ ਕੋਰੋਨਾ ਦੇ ਨਾਮ ’ਤੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਰੋਜ਼ਾਨਾ ਪਾਸ ਬਦਲੇ ਜਾਂਦੇ ਹਨ ਤੇ ਜਿਹੜੇ ਕਿਸਾਨ ਸ਼ਾਮ 7 ਵਜੇ ਤੱਕ ਖ਼ੇਤਾ ਵਿਚ ਝੋਨੇ ਦੀ ਕਟਾਈ ਕਰਦੇ ਹਨ ਉਨ੍ਹਾਂ ਨੂੰ ਮੰਡੀ ਤੱਕ ਜਾਣ ਵਿਚ ਸਮਾਂ ਲੱਗ ਜਾਂਦਾ ਹੈ।
ਜੇਕਰ ਹਨੇਰੇ ਕਾਰਨ ਕਿਸਾਨ ਝੋਨੇ ਦੀਆਂ ਟਰਾਲੀਆਂ ਕਿਸਾਨ ਆਪਣੇ ਘਰਾਂ ਜਾਂ ਖ਼ੇਤਾਂ ਵਿਚ ਖੜ੍ਹੀਆਂ ਕਰ ਕੇ ਸਵੇਰੇ ਮੰਡੀਆਂ ਵਿਚ ਲਿਜਾਂਦੇ ਹਨ ਤਾਂ ਉਨ੍ਹਾਂ ਨੂੰ ਪਹਿਲੇ ਦਿਨ ਵਾਲੇ ਪਾਸਾਂ ਤੇ ਮੰਡੀਆਂ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਕੋਰੋਨਾ ਦੌਰਾਨ ਬਣਾਈ ਨੀਤੀ ਮੰਡੀਆਂ ਵਿਚ ਖ਼ਤਮ ਕਰਨੀ ਚਾਹੀਦੀ ਹੈ ਤਾ ਜੋਂ ਸਮੇਂ ਸਿਰ ਕਿਸਾਨਾਂ ਦੀ ਜਿਣਸ ਦਾ ਮੰਡੀਕਰਨ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਤਾਂ ਕਿਸਾਨ ਸਮੇਂ ਸਿਰ ਫ਼ਸਲ ਦੀ ਕਟਾਈ ਨਹੀਂ ਕਰ ਸਕਣਗੇ।
ਝੋਨੇ ਦੀ ਕਟਾਈ ਦਾ ਜ਼ੋਰ ਪੈਣ ਵੇਲੇ ਸਮੱਸਿਆਵਾਂ ਹੋਰ ਗੰਭੀਰ ਹੋਣ ਦਾ ਖ਼ਦਸਾ- ਪ੍ਰਧਾਨ ਲੰਢੇਕੇ
ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜ਼ਿਲਾ ਮੋਗਾ ਦੇ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਨੇ ਪਾਸ ਵਿਧੀ ਰਾਹੀਂ ਸ਼ੁਰੂ ਹੋਏ ਖ੍ਰੀਦ ਪ੍ਰਬੰਧਾਂ ਤੇ ਸਵਾਲ ਖੜ੍ਹੇ ਕਰਦੇ ਹੋਏ ਆਖਿਆ ਹੈ ਕਿ ਇਸ ਵਿਧੀ ਨਾਲ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਖ੍ਰੀਦ ਸਬੰਧੀ ਸਰਲ ਵਿਧੀ ਨਾ ਬਣਾਈ ਤਾਂ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਦੌਰਾਨ ਜਦੋਂ ਝੋਨੇ ਦੀ ਕਟਾਈ ਦਾ ਜ਼ੋਰ ਪੈ ਜਾਵੇਗਾ ਤਾਂ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾ ਹੀ ਸਮੱਸਿਆਵਾਂ ਵਿਚੋਂ ਲੰਘ ਰਹੇ ਕਿਸਾਨ ਨੂੰ ਹੋਰ ਬਿਪਤਾ ਖੜ੍ਹੀ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਇਸ ਸਮੱਸਿਆਂ ਦਾ ਤੁਰੰਤ ਹੱਲ ਕੀਤਾ ਜਾਵੇਗਾ ਤਾਂ ਜੋਂ ਕਿਸਾਨ ਵਰਗ ਸਮੇਂ ਸਿਰ ਫ਼ਸਲ ਦਾ ਮੰਡੀਕਰਨ ਕਰ ਕੇ ਵਿਹਲਾ ਹੋ ਸਕੇ।
ਸ਼ਰਮਨਾਕ: ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ 'ਚ ਫ਼ਸਾ ਨੌਜਵਾਨ ਨੇ ਕੀਤੀ ਹੈਵਾਨੀਅਤ
NEXT STORY